ਸਰੀ ( ਦੇ ਪ੍ਰ ਬਿ)- ਬੀਤੇ ਦਿਨ ਪ੍ਰੀਮੀਅਰ ਡੇਵਿਡ ਈਬੀ ਨੇ 19 ਅਕਤੂਬਰ ਨੂੰ ਹੋਣ ਜਾ ਰਹੀਆਂ ਵੋਟਾਂ ਲਈ ਐਨ ਡੀ ਪੀ ਦੀ ਚੋਣ ਮੁਹਿੰਮ ਦੀ ਬਾਕਾਇਦਾ ਸ਼ੁਰੂਆਤ ਕੀਤੀ।
ਉਹਨਾਂ ਸਰੀ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਹਨਾਂ ਦਾ ਧਿਆਨ ਤੇਜ਼ੀ ਨਾਲ ਵਧ ਰਹੇ ਸਰੀ ‘ਤੇ ਹੈ, ਜਿਸ ਨੂੰ ਉਹਨਾਂ ਆਬਾਦੀ ਦੇ ਵਾਧੇ ਅਤੇ ਹੋਰ ਪੈਦਾ ਹੋਈਆਂ ਚੁਣੌਤੀਆਂ ਦਾ “ਕੇਂਦਰ” ਦੱਸਿਆ ।
ਉਨ੍ਹਾਂ ਹੋਰ ਕਿਹਾ ਇਹ ਇੱਕ ਖਾਸ ਕਾਰਨ ਹੈ ਕਿ ਅਸੀਂ ਸਰੀ ਤੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੈ। ਜਦੋਂ ਤੁਸੀਂ ਉਹਨਾਂ ਚੁਣੌਤੀਆਂ ਬਾਰੇ ਸੋਚਦੇ ਹੋ ਜੋ ਸਿਰਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਨਹੀਂ, ਪੂਰੇ ਕੈਨੇਡਾ ਵਿੱਚ ਤੇ ਉੱਤਰੀ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦਰਪੇਸ਼ ਹਨ। ਹਾਈਵੇ 10 ਦੇ ਨੇੜੇ ਸਰੀ-ਸਰਪੈਂਟਾਈਨ ਰਿਵਰ ਹਲਕੇ ਜੋ ਪੰਜ ਨਵੇਂ ਹਲਕਿਆਂ ਚੋ ਇਕ ਹੈ ਤੇ ਜਿਥੇ ਟ੍ਰੈਫਿਕ ਅਤੇ ਨਵੀਂ ਉਸਾਰੀ ਦੇ ਰੂਪ ਵਿੱਚ ਸਰੀ ਦੇ ਵਾਧੇ ਦਾ ਜਾਹਰਾ ਸਬੂਤ ਚਾਰੇ ਪਾਸੇ ਦਿਖਾਈ ਦਿੰਦਾ ਹੈ । ਉਹ ਇਸ ਹਲਕੇ ਵਿਚ ਆਪਣੀ ਚੋਣ ਮੁਹਿੰਮ ਵਾਲੀ ਨਵੀਂ ਬੱਸ ਰਾਹੀਂ ਪੁੱਜੇ। ਉਹਨਾਂ ਕਿਹਾ ਕਿ ਐਨ ਡੀ ਪੀ ਪਿਛਲੇ ਸੱਤ ਸਾਲਾਂ ਤੋਂ ਸੱਤਾ ਵਿਚ ਹੈ , ਪਰ ਦਲੀਲ ਦਿੱਤੀ ਕਿ ਹਾਲੀਆ ਤਬਦੀਲੀਆਂ — ਜਿਵੇਂ ਕਿ ਹਾਊਸਿੰਗ ਕਾਨੂੰਨ ਜਿਸ ਨੂੰ ਰੁਸਟੈਡ ਰੱਦ ਕਰਨ ਦਾ ਵਾਅਦਾ ਕਰ ਰਿਹਾ ਹੈ ਨੇ ਆਪਣੇ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਸਰੀ ਲਈ ਨਵੇਂ ਸਕੂਲਾਂ ਅਤੇ ਹਸਪਤਾਲ ਵਰਗੇ ਹੋਰ ਨਿਵੇਸ਼ਾਂ ਤੋਂ ਪਿੱਛੇ ਹਟਣ ਦਾ ਸਮਾਂ ਨਹੀਂ ਹੈ। ਉਹਨਾਂ ਬੀ ਸੀ ਕੰਸਰਵੇਟਿਵ ਆਗੂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਸੂਬੇ ਦੀ ਤਰੱਕੀ ਤੇ ਵਿਕਾਸ ਲਈ ਅੱਗੇ ਵਧਣ ਦਾ ਸੱਦਾ ਦਿੱਤਾ।
19 ਅਕਤੂਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਰਿੱਟ ਜਾਰੀ ਹੋਣ ਦੇ ਨਾਲ ਹੀ ਚੋਣ ਮੁਹਿੰਮ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ।