ਨਵੀਂ ਦਿੱਲੀ (ਦਿਓਲ)- ਆਂਧਰਾ ਪ੍ਰਦੇਸ਼ ਦੀ ਪਿਛਲੀ ਜਗਨ ਮੋਹਨ ਰੈੱਡੀ ਸਰਕਾਰ ਵੇਲੇ ਤਿਰੂਪਤੀ ਦੇ ਭਗਵਾਨ ਬਾਲਾਜੀ ਮੰਦਰ ਦੇ ਲੱਡੂਆਂ ਲਈ ਵਰਤੇ ਜਾਂਦੇ ਕਥਿਤ ਘੀ ਵਿਚ ਜਾਨਵਰਾਂ ਦੀ ਚਰਬੀ ’ਤੇ ਵਰਤਣ ਦੇ ਦਾਅਵਿਆਂ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਤੋਂ ਰਿਪੋਰਟ ਮੰਗੀ ਹੈ। ਨੱਢਾ ਨੇ ਕਿਹਾ ਕਿ ਭਾਰਤ ਦੀ ਖੁਰਾਕ ਸੁਰੱਖਿਆ ਤੇ ਮਾਪਦੰਡ ਅਥਾਰਿਟੀ (ਐੱਫਐੱਸਐੱਸਏਆਈ) ਇਸ ਰਿਪੋਰਟ ਦੀ ਘੋਖ ਕਰੇਗੀ ਤੇ ਦੋਸ਼ੀਆਂ ਖਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਚੇਤੇ ਰਹੇ ਕਿ ਟੀਡੀਪੀ ਤਰਜਮਾਨ ਏਵੀ ਰਮੰਨਾ ਰੈੱਡੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਗੁਜਰਾਤ ਅਧਾਰਿਤ ਪਸ਼ੂ ਧਨ ਲੈਬਾਰਟਰੀ ਨੇ ਤਿਰੂਮਾਲਾ ਤਿਰੂਪਤੀ ਦੇਵਾਸਥਾਨਮ ਵੱਲੋਂ ਮੁਹੱਈਆ ਕਰਵਾਏ ਘਿਉ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ ਤੇ ਲੈਬ ਰਿਪੋਰਟ ਨੇ ਇਸ ਵਿਚ ‘ਗਾਂ ਦੀ ਚਰਬੀ’, ‘ਸੂਰ ਦੀ ਚਰਬੀ’ ਤੇ ‘ਮੱਛੀ ਦੇ ਤੇਲ’ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਵਾਈਐੱਸਆਰ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਸੌੜੇ ਸਿਆਸੀ ਮੁਫਾਦਾਂ ਲਈ ‘ਘਿਰਨਾਯੋਗ ਦੋਸ਼’ ਲਾ ਰਹੇ ਹਨ। ਸ੍ਰੀ ਨੱਢਾ ਨੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਸੌ ਦਿਨਾਂ ਵਿਚ ਸਿਹਤ ਸੈਕਟਰ ’ਚ ਕੀਤੀਆਂ ਪ੍ਰਾਪਤੀਆਂ ਬਾਰੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਮੈਨੂੰ ਸੋਸ਼ਲ ਮੀਡੀਆ ਜ਼ਰੀਏ ਇਸ ਮਾਮਲੇ ਦਾ ਪਤਾ ਲੱਗਾ ਹੈ। ਮੈਂ ਚੰਦਰਬਾਬੂ ਨਾਇਡੂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਉਪਲਬਧ ਰਿਪੋਰਟ ਸਾਂਝੀ ਕਰਨ ਲਈ ਕਿਹਾ। ਰਿਪੋਰਟ ਦੀ ਘੋਖ ਮਗਰੋਂ ਐੱਫਐੱਸਐੱਸਏਆਈ ਦੇ ਨੇਮਾਂ ਤੇ ਕਾਨੂੰਨੀ ਚੋਖਟੇ ਤਹਿਤ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।