Headlines

ਸਿੱਖ ਫੌਜੀ ਅਫਸਰ ਤੇ ਮੰਗੇਤਰ ਦੀ ਪੁਲਿਸ ਕੁੱਟਮਾਰ ਖਿਲਾਫ ਬੰਦ ਦਾ ਸੱਦਾ

ਭੁਬਨੇਸ਼ਵਰ -ਉੜੀਸਾ ਦੀ ਮੁੱਖ ਵਿਰੋਧੀ ਪਾਰਟੀ ਬੀਜੂ ਜਨਤਾ ਦਲ (ਬੀਜੇਡੀ) ਨੇ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਦੇ ਭਰਤਪੁਰ ਪੁਲੀਸ ਥਾਣੇ ਵਿਚ ਬੀਤੀ 15 ਸਤੰਬਰ ਦੇ ਤੜਕੇ ਇਕ ਸਿੱਖ ਫ਼ੌਜੀ ਅਫ਼ਸਰ ਤੇ ਉਸ ਦੀ ਮੰਗੇਤਰ ਨਾਲ ਕਥਿਤ ਕੁੱਟਮਾਰ ਕੀਤੇ ਜਾਣ ਖ਼ਿਲਾਫ਼ 24 ਸਤੰਬਰ ਨੂੰ ਭੁਬਨੇਸ਼ਵਰ ਵਿਚ 6 ਘੰਟਿਆਂ ਦੇ ਬੰਦ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੀੜਤ ਲੜਕੀ ਖ਼ੁਦ ਇਕ ਸਿੱਖ ਫ਼ੌਜੀ ਅਫ਼ਸਰ ਦੀ ਧੀ ਵੀ ਹੈ।

ਬੀਜੇਡੀ ਆਗੂ ਦੇਵੀ ਪ੍ਰਸਾਦ ਮਿਸ਼ਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉੜੀਸਾ ਅਮਨਪਸੰਦ ਸੂਬਾ ਹੈ ਪਰ ਇਥੇ ਭਾਜਪਾ ਦੇ 100 ਦਿਨਾਂ ਦੇ ਰਾਜ ਦੌਰਾਨ ਹੀ ਹਿੰਸਾ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਮੰਗਲਵਾਰ ਨੂੰ 6 ਘੰਟੇ ਲਈ ਭੁਬਨੇਸ਼ਵਰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਜੋੜੇ ਉਤੇ ਤਸ਼ੱਦਦ ਢਾਹੇ ਜਾਣ ਦੇ ਮੌਜੂਦਾ ਮਾਮਲੇ ਵਿਚ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ।

ਇਸ ਤੋਂ ਪਹਿਲਾਂ ਪਾਰਟੀ ਨੇ ਇਥੇ ਰਾਜ ਭਵਨ ਅੱਗੇ ਮੁਜ਼ਾਹਰਾ ਕਰ ਕੇ ਸਿੱਖ ਫ਼ੌਜੀ ਅਫ਼ਸਰ ਤੇ ਉਸ ਦੀ ਮੰਗੇਤਰ ਨਾਲ ਹੋਏ ਤਸ਼ੱਦਦ ਦੀ ਨਿਆਇਕ ਜਾਂਚ ਕਰਵਾ ਕੇ ਜ਼ਿੰਮਵਾਰ ਪੁਲੀਸ ਅਫ਼ਸਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਵੀ ਕੀਤੀ।

ਦੂਜੇ ਪਾਸੇ ਭਾਜਪਾ ਆਗੂ ਦਿਲੀਪ ਮਲਿਕ ਨੇ ਵਿਰੋਧੀ ਬੀਜੇਡੀ ਉਤੇ ਮਾਮਲੇ ਦਾ ਸਿਆਸੀਕਰਨ ਕੀਤੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਕਦਮ ਚੁੱਕੇ ਹਨ।

ਕੀ ਹੈ ਮਾਮਲਾ

ਰਿਪੋਰਟਾਂ ਮੁਤਾਬਕ ਪੱਛਮੀ ਬੰਗਾਲ ਦੇ ਜਲਪਾਇਗੁੜੀ ਵਿਚ ਤਾਇਨਾਤ 22ਵੀਂ ਸਿੱਖ ਰੈਜੀਮੈਂਟ ਨਾਲ ਸਬੰਧਤ ਅਫ਼ਸਰ ਗੁਰਵੰਸ਼ ਸਿੰਘ ਗੋਸਲ ਅਤੇ ਉਨ੍ਹਾਂ ਦੀ ਮੰਗੇਤਰ 15 ਸਤੰਬਰ ਦੇ ਤੜਕੇ ਸੜਕੀ ਲੜਾਈ-ਝਗੜੇ (ਰੋਡ ਰੇਜ) ਦੇ ਇਕ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਭੁਬਨੇਸ਼ਵਰ ਦੇ ਭਰਤਪੁਰ ਪੁਲੀਸ ਸਟੇਸ਼ਨ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਥਾਣੇ ਵਿਚ ਮੌਜੂਦ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਦੱਸਿਆ ਜਾਂਦਾ ਹੈ ਕਿ ਇਸ ’ਤੇ ਥਾਣੇ ਵਿਚ ਡਿਊਟੀ ’ਤੇ ਤਾਇਨਾਤ ਪੁਲੀਸ ਅਫ਼ਸਰਾਂ ਵੱਲੋਂ ਸਿੱਖ ਜੋੜੇ ਦੀ ਕੁੱਟਮਾਰ ਕੀਤੀ ਗਈ। ਇਹ ਵੀ ਦੋਸ਼ ਹਨ ਕਿ ਇਕ ਮਰਦ ਪੁਲੀਸ ਅਫ਼ਸਰ ਨੇ ਸਿੱਖ ਫ਼ੌਜੀ ਅਫ਼ਸਰ ਦੀ ਮੰਗੇਤਰ ਨਾਲ ਛੇੜਛਾੜ ਵੀ ਕੀਤੀ। ਇਸ ਘਟਨਾ ਦਾ ਵੱਡੇ ਪੱਧਰ ’ਤੇ ਵਿਰੋਧ ਹੋਣ ਪਿੱਛੋਂ ਇਸ ਸਬੰਧੀ ਪੰਜ ਪੁਲੀਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ।