ਨਵੀਂ ਦਿੱਲੀ, 21 ਸਤੰਬਰ ( ਦਿਓਲ)-‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਦਿੱਲੀ ਦੀ ਅੱਠਵੀਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਉਪ ਰਾਜਪਾਲ ਵੀਕੇ ਸਕਸੈਨਾ ਨੇ ਆਤਿਸ਼ੀ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ, ਜੋ ਹੁਣ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਅਤੇ ਭਾਜਪਾ ਦੀ ਸੁਸ਼ਮਾ ਸਵਾਰਜ ਮਗਰੋਂ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣ ਗਈ। ਆਤਿਸ਼ੀ ਦੇ ਨਾਲ ਹੀ ‘ਆਪ’ ਦੇ ਪੰਜ ਆਗੂਆਂ ਨੇ ਮੰਤਰੀ ਵਜੋਂ ਹਲਫ਼ ਲਿਆ ਹੈ। ਮੰਤਰੀ ਵਜੋਂ ਸਭ ਤੋਂ ਪਹਿਲਾਂ ਸੌਰਭ ਭਾਰਦਵਾਜ ਨੇ ਸਹੁੰ ਚੁੱਕੀ। ਇਸ ਮਗਰੋਂ ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਤੇ ਮੁਕੇਸ਼ ਅਹਿਲਾਵਤ ਨੇ ਹਲਫ਼ ਲਿਆ। ਅਹਿਲਾਵਤ ਦਿੱਲੀ ਕੈਬਨਿਟ ’ਚ ਪਹਿਲੀ ਵਾਰ ਸ਼ਾਮਲ ਹੋਏ ਹਨ। ਇਥੇ ਰਾਜ ਨਿਵਾਸ ’ਤੇ ਹੋਏ ਹਲਫ਼ਦਾਰੀ ਸਮਾਗਮ ’ਚ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ, ਵਿਜੇਂਦਰ ਗੁਪਤਾ, ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ, ਸੰਜੇ ਅਰੋੜਾ ਤੇ ਭਾਜਪਾ ਦੇ ਸੰਸਦ ਮੈਂਬਰ ਹਾਜ਼ਰ ਸਨ।