Headlines

ਐਬਸਫੋਰਡ ਵਿਚ 28ਵਾਂ ਲੋਕ ਵਿਰਸਾ ਮੇਲਾ ਧੂਮਧਾਮ ਨਾਲ ਮਨਾਇਆ

ਪ੍ਰਸਿੱਧ ਗਾਇਕ ਜੋੜੀ ਲੱਖਾ-ਨਾਜ, ਸੁਰਮਨੀ-ਬਿੱਟੂ ਖੰਨੇਵਾਲਾ  ਤੇ ਰਾਵਿੰਦਰ ਗਰੇਵਾਲ ਨੇ ਮੇਲਾ ਲੁੱਟਿਆ-

ਐਬਸਫੋਰਡ ( ਮਾਂਗਟ, ਦੇ ਪ੍ਰ ਬਿ )- ਬੀਤੇ ਦਿਨ ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਵਲੋਂ 28ਵਾਂ ਲੋਕ ਵਿਰਸਾ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ।ਬੱਦਲਵਾਈ ਤੇ ਨਿੱਕੀ-ਨਿੱਕੀ ਕਿਣਮਿਣ ਵੀ ਲੋਕਾਂ ਦਾ ਉਤਸ਼ਾਹ ਮੱਠਾ ਨਾ ਪਾ ਸਕੀ ਤੇ ਲੋਕ ਮੇਲੇ ਵਿਚ ਸ਼ਮੂਲੀਅਤ ਲਈ ਹੁੰਮਹੁਮਾਕੇ ਪੁੱਜੇ। ਗਦਰੀ ਬਾਬਿਆਂ ਤੇ  ਸਵਰਗੀ ਸ੍ਰੋਮਣੀ ਸ਼ਾਇਰ ਡਾ ਸੁਰਜੀਤ ਪਾਤਰ ਨੂੰ ਸਮਰਪਿਤ ਇਸ ਮੇਲੇ ਦੌਰਾਨ ਉਘੇ ਲੋਕ ਗਾਇਕ ਰਵਿੰਦਰ ਗਰੇਵਾਲ, ਦੋਗਾਣਾ ਜੋੜੀ ਲੱਖਾ ਤੇ ਨਾਜ, ਸੁਰਮਨੀ ਤੇ ਬਿੱਟੂ ਖੰਨੇਵਾਲਾ ਨੇ ਸਭਿਆਚਾਰਕ ਗਾਇਕੀ ਨਾਲ ਚੰਗਾ ਰੰਗ ਬੰਨਿਆਂ। ਗਾਇਕ ਜੋੜੀ ਲੱਖਾ -ਨਾਜ ਅਤੇ ਸੁਰਮਨੀ- ਬਿੱਟੂ ਖੰਨੇਵਾਲਾ ਨੇ ਆਪਣੇ ਹਿਟ ਗੀਤਾਂ ਨਾਲ ਲੋਕਾਂ ਨੂੰ ਮੌਸਮ ਦੀ ਠੰਡਕ ਵਿਚ ਸਭਿਆਚਾਰਕ ਨਿੱਘ ਨਾਲ ਭਰ ਦਿੱਤਾ। ਗਾਇਕ ਬਿਟੂ ਖੰਨੇਵਾਲਾ ਨੇ ਆਪਣੇ ਨਵੇਂ ਗੀਤ ਪੰਜਾਬੀਆਂ ਨੂੰ ਪੰਜਾਬ ਪਰਤਣ ਦੇ ਸੱਦੇ ਨਾਲ ਮਾਹੌਲ ਨੂੰ ਭਾਵੁਕ ਬਣਾ ਦਿੱਤਾ।

ਰੋਟਰੀ ਸਟੇਡੀਅਮ ਦੇ ਸ਼ੈੱਡ ਹੇਠ ਅਤੇ ਖੂਬਸੂਰਤ ਟੈਂਟਾਂ ਹੇਠਾਂ ਬੈਠ ਕੇ ਲੋਕਾਂ ਨੇ ਗਾਇਕਾਂ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ।   ਮੇਲੇ ਦੌਰਾਨ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਵੀ ਯਾਦਗਾਰੀ ਰਹੀ। ਮੇਲੇ ਦੀ ਸਿਖਰ ਗਾਇਕ ਰਾਵਿੰਦਰ ਗਰੇਵਾਲ ਵਲੋਂ ਗਾਏ ਆਪਣੇ ਪ੍ਰਸਿੱਧ ਗੀਤਾਂ ਨਾਲ ਰਹੀ। ਉਸਨੇ ਟੇਡੀ ਪੱਗ ਵਾਲਿਆਂ, ਉਤੋਂ ਮੁੱਛ ਖੜੀ ਰੱਖਦੈਂ, ਟਰੱਕਾਂ ਵਾਲੇ ਤੇ ਹੋਰ ਕਈ ਗੀਤਾਂ ਸਮੇਤ ਵੇ ਮੈਂ ਲਵਲੀ ਜਿਹੀ ਲਵਲੀ ਚ ਪੜਦੀ ਗੀਤ ਨਾਲ ਦਰਸ਼ਕਾਂ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਲਵਲੀ ਚ ਪੜਦੀ ਗੀਤ ਦੇ ਲੇਖਕ ਪ੍ਰੀਤ ਸੰਗਰੇੜੀ ਨੇ ਵੀ ਮੰਚ ਤੇ ਆਕੇ ਗੀਤ ਨਾਲ ਡਾਂਸ ਕੀਤਾ। ਮੇਲੇ ਵਿਚ ਹਰਜੋਤ ਸਿੰਘ ਸੰਧੂ ਪ੍ਰਧਾਨ ਵੈਲੀ ਯੁਨਾਈਟਡ ਕਲਚਰਲ ਕਲੱਬ, ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਅਮਰਿੰਦਰ ਸਿੰਘ ਗਿੱਲ , ਹਰਨੇਕ ਸੰਧੂ ਨਿੱਕਾ ਨਕੋਦਰ, ਪ੍ਰੋ ਸੁਖਵਿੰਦਰ ਸਿੰਘ ਵਿਰਕ, ਭੰਗੂ, ਜਗਬੀਰ ਗਰਚਾ, ਸੋਨੀ ਸਿੱਧੂ, ਅਵਤਾਰ ਸਿੰਘ ਰਾਜਾ ਗਿੱਲ ਪ੍ਰਧਾਨ ਡਾਇਮੰਡ ਕਲਚਰਲ ਕਲੱਬ ,  ਸੁਖਵਿੰਦਰ ਲਾਲੀ, ਕਾਲਾ ਬੋਪਾਰਾਏ, ਦੀਪ ਸੰਧੂ, ਕੁਲਦੀਪ ਸਿੰਘ ਜਗਪਾਲ, ਪੌਲ ਗਿੱਲ, ਜੀਵਨ ਦਿਓਲ, ਜੀਵਨ ਬੜਿੰਗ, ਧਰਮਿੰਦਰ ਸਿੰਘ ਏ ਐਸ ਆਈ ਜਗਰਾਉਂ ਨੇ ਵਿਸ਼ੇਸ਼ ਹਾਜ਼ਰੀ ਭਰੀ।

ਮੇਲੇੇ ਦੇ ਅਖੀਰ ਵਿਚ ਮੇਲਾ ਪ੍ਰਬੰਧਕ ਗੁਰਮੇਲ ਸਿੰਘ ਧਾਮੀ ਚੇਅਰਮੈਨ , ਸ਼ਾਂਤੀ ਸਰੂਪ ਪ੍ਰਧਾਨ, ਨਵ ਖੋਸਾ, ਗੁਰਪ੍ਰੇਮ ਸਿੰਘ, ਬੂਟਾ ਸਿੰਘ ਢੀਂਡਸਾ, ਡਾ ਜਤਿੰਦਰਪਾਲ ਸਿੰਘ ਮੁੰਡੀ,ਗੁਰਸੇਵ ਸਿੰਘ ਬੁੱਟਰ, ਬੇਅੰਤ ਸਿੰਘ ਬਰਾੜ, ਹਰਮੇਲ ਸਿੰਘ, ਹਰਬੰਸ ਧੰਜਲ, ਮਨਦੀਪ ਧਾਲੀਵਾਲ ਤੇ ਹੋਰਾਂ ਨੇ ਗਾਇਕ ਕਲਾਕਾਰਾਂ ਤੇ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ। ਉਘੇ ਵਿਦਵਾਨ ਡਾ ਸਾਧੂ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਨਾਲ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ, ਜਨਰਲ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ, ਸੁਰਿੰਦਰਪਾਲ ਚਾਹਲ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ। ਗਾਇਕ ਰਾਵਿੰਦਰ ਗਰੇਵਾਲ ਦਾ ਮੇਲਾ ਕਮੇਟੀ ਵਲੋਂ ਸ ਹਰਮੀਤ ਸਿੰਘ ਖੁੱਡੀਆਂ ਤੇ ਪ੍ਰਬੰਧ ਕਮੇਟੀ ਵਲੋਂ ਯਾਦਗਾਰੀ ਚਿੰਨ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਕ ਦੀ ਜਿੰਮੇਵਾਰੀ ਉਘੇ ਟੀਵੀ ਹੋਸਟ ਦਵਿੰਦਰ ਬੈਨੀਪਾਲ ਨੇ ਨਿਭਾਈ। ਇਸ ਦੌਰਾਨ ਪਿੰਗਲਵਾੜਾ ਸੁਸਾਇਟੀ ਲਈ ਵਲੰਟੀਅਰ ਸੇਵਾਵਾਂ ਦੇਣ ਵਾਲੇ ਕੌਂਸਲਰ ਗੈਰੀ ਥਿੰਦ ਤੇ ਸਾਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਗੈਰੀ ਥਿੰਦ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਪਿੰਗਲਵਾੜਾ ਸੁਸਾਇਟੀ ਨੂੰ ਦਿਲ ਖੋਹਲਕੇ ਦਾਨ ਕਰਨ ਦੀ ਅਪੀਲ ਕੀਤੀ।