ਪੰਜਾਬੀ ਮੂਲ ਦੇ 27 ਉਮੀਦਵਾਰ ਚੋਣ ਪਿੜ ’ਚ ਨਿੱਤਰੇ-
ਵੈਨਕੂਵਰ, 24 ਸਤੰਬਰ (ਮਲਕੀਤ ਸਿੰਘ)—ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 19 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਚੋਣ ਪਿੜ ’ਚ ਨਿਤਰਨ ਵਾਲੇ ਸੰਭਾਵੀ ਉਮੀਦਵਾਰਾਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਚੋਣ ਪਿੜ ਲਗਾਤਾਰ ਭੱਖਦਾ ਮਹਿਸੂਸ ਹੋ ਰਿਹਾ ਹੈ।ਇਨ੍ਹਾਂ ਸੂਬਾਈ ਚੋਣਾਂ ’ਚ ਪ੍ਰਮੁੱਖ ਤੌਰ ’ਤੇ ਐਨ. ਡੀ. ਪੀ. ਅਤੇ ਕੰਸ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਫਸਵੇਂ ਚੋਣ ਮੁਕਾਬਲੇ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਆਪੋ—ਆਪਣੀ ਪਾਰਟੀ ਵੱਲੋਂ ਸਿਆਸੀ ਅਖਾੜੇ ’ਚ ਨਿੱਤਰੇ ਵੱਖ—ਵੱਖ ਉਮੀਦਵਾਰਾਂ ਵੱਲੋਂ ਆਪੋ—ਆਪਣੀ ਚੋਣ ਮੁਹਿੰਮ ਦਾ ਰਸਮੀ ਅਗਾਜ਼ ਕਰਦਿਆਂ ਚੋਣ ਦਫਤਰਾਂ ਦਾ ਉਦਘਾਟਨ ਕਰਕੇ ਆਪਣਾ ਚੋਣ ਬਿਗਲ ਵਜਾਉਣ ਦਾ ਸਿਲਸਿਲਾ ਲਗਾਤਾਰ ਵੱਧਦਾ ਨਜ਼ਰੀ ਆ ਰਿਹਾ ਹੈ।
ਭਾਵੇਂ ਕਿ ਇਨ੍ਹਾਂ ਸੂਬਾਈ ਚੋਣਾਂ ’ਚ ਵੱਖ—ਵੱਖ ਭਾਈਚਾਰਿਆਂ ਨਾਲ ਸਬੰਧਿਤ ਉਮੀਦਵਾਰ ਚੋਣ ਪਿੜ ’ਚ ਨਿੱਤਰੇ ਹੋਏ ਹਨ, ਪ੍ਰੰਤੂ ਦਿਲਚਸਪ ਪਹਿਲੂ ਇਹ ਹੈ ਕਿ ਇਨ੍ਹਾਂ ਚੋਣਾਂ ’ਚ ਐਤਕੀਂ ਪੰਜਾਬੀ ਮੂਲ ਦੇ ਭਾਈਚਾਰੇ ਨਾਲ ਸਬੰਧਿਤ ਕੁਲ 27 ਉਮੀਦਵਾਰ ਵੀ ਕਿਸਮਤ ਅਜ਼ਮਾਈ ਕਰ ਰਹੇ ਹਨ।ਜਿਸ ਕਾਰਨ ਸਥਾਨਕ ਪੰਜਾਬੀ ਭਾਈਚਾਰੇ ’ਚ ਵੀ ਇੰਨ੍ਹਾਂ ਚੋਣਾਂ ਪ੍ਰਤੀ ਕਾਫੀ ਦਿਲਚਸਪੀ ਨਜ਼ਰੀ ਆ ਰਹੀ ਹੈ।
ਆਮ ਜਨਤਕ ਥਾਵਾਂ ਅਤੇ ਪਾਰਕਾਂ ਆਦਿ ’ਚ ਫੁਰਸਤ ਦੇ ਪਲ ਬਿਤਾਉਣ ਲਈ ਇਕੱਤਰ ਹੁੰਦੇ ਪੰਜਾਬੀ ਬਜ਼ੁਰਗਾਂ ਦੀਆਂ ਸੱਥਾਂ ਰੂਪੀ ਟੋਲੀਆਂ ’ਚ ਚਲਦੀ ‘ਖੁੰਢ ਚਰਚਾਂ’ ਦੇ ਮੁੱਖ ਧੁਰੇ ਦੀ ਸੂਈ ਇਨ੍ਹਾਂ ਚੋਣਾਂ ਦੁਆਲੇ ਘੁੰਮਦੀ ਮਹਿਸੂਸ ਕੀਤੀ ਜਾ ਸਕਦੀ ਹੈ।ਇਨ੍ਹਾਂ ਚੋਣਾਂ ’ਚ ਕਿਹੜੀ ਪਾਰਟੀ ਜਿੱਤਣ ਮਗਰੋਂ ਸੂਬਾਈ ਸਰਕਾਰ ਬਣਾਉਣ ’ਚ ਕਾਮਯਾਬ ਹੋਵੇਗੀ? ਫਿਲਹਾਲ ਤਾਂ ਇਹ ਸਵਾਲ ਭਵਿੱਖ ਦੇ ਗਰਭ ’ਚ ਛੁਪਿਆ ਪਿਆ ਹੈ, ਪ੍ਰੰਤੂ ‘ਸਿਆਸੀ ਚਸਕਾ’ ਰੱਖਣ ਵਾਲੇ ਲੋਕ ਇਨ੍ਹਾਂ ਚੋਣਾਂ ਨੂੰ ਹੁਣ ਤੋਂ ਹੀ ਦਿਲਚਸਪੀ ਨਾਲ ‘ਵਾਚ’ ਰਹੇ ਹਨ।