Headlines

ਸਿੱਖ ਬੱਚਿਆਂ ਲਈ ਗੁਰਦੁਆਰਾ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ ਵਿਖੇ ਲੱਗਾ 2 ਮਹੀਨੇ ਦਾ ਖਾਲਸਾ ਕੈਂਪ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਸਿੱਖ ਫੁੱਲਬਾੜੀ ਮਹਿਕਾਉਣ ਲਈ,ਨੰਨੇ ਮੁੰਨੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜਨ ਹਿੱਤ ਇਟਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਦਿਨ-ਰਾਤ ਸੇਵਾ ਨਿਭਾਅ ਰਹੀਆਂ ਹਨ ਇਸ ਮਿਸ਼ਨ ਤਹਿਤ ਹੀ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ(ਲਾਤੀਨਾ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਸਮਾਜ ਦੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜਨ ਲਈ ਵਿਸੇ਼ਸ ਖਾਲਸਾ ਕੈਂਪ 2 ਮਹੀਨੇ ਲਈ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ,ਮਹਾਨ ਸਿੱਖ ਧਰਮ ਦੇ ਕੁਰਬਾਨੀਆਂ ਨਾਲ ਭਰੇ ਲਾਸਾਨੀ ਇਤਿਹਾਸ ਦੀ ਵਿਸਥਾਰਪੂਰਵਕ ਜਾਣਕਾਰੀ ,ਕਵੀਸ਼ਰੀ ਕਲਾ ਦਾ ਗਿਆਨ ਤੇ ਪੰਜਾਬੀ ਮਾਂ ਬੋਲੀ ਪੜ੍ਹਾਉਣ ਲਈ ਵਿਸ਼ੇਸ ਕਲਾਸਾਂ ਲੱਗੀਆਂ ਤੇ ਇਸ ਦੇ ਨਾਲ ਹੀ ਸਿੱਖ ਮਾਰਸ਼ਲ ਆਰਟ ਗੱਤਕਾ ਕਲਾ ਦੀਆਂ ਬਾਰੀਕੀ ਦਾ ਵੀ ਗਿਆਨ ਦਿੱਤਾ ਗਿਆ।ਬੱਚਿਆਂ ਨੂੰ ਖਾਲਸਾ ਕੈਂਪ ਵਿੱਚ ਸਿੱਖਿਆ ਦੇਣ ਦੀ ਜਿੰਮੇਵਾਰੀ ਭਾਈ ਹਰਜੋਤ ਸਿੰਘ ਖਾਲਸਾ ਲਵੀਨਿਓ ਵਾਲਿਆਂ ਨੇ ਦਿੱਤੀ ।ਇਸ ਖਾਲਸਾ ਕੈਂਪ ਵਿੱਚ ਕਰੀਬ 40 ਬੱਚਿਆਂ ਨੇ ਭਾਗ ਲਿਆ ਜਿਹਨਾਂ ਨੇ ਕੈਂਪ ਦੇ ਆਖ਼ਰੀ ਦਿਨ ਕੈਂਪ ਦੌਰਾਨ ਲਈ ਸਿੱਖਿਆ ਦੀ ਵੀ ਸੰਗਤਾਂ ਨਾਲ ਸਾਂਝ ਪਾਈ।ਜਿਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਅਦ ਵਿੱਚ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆ ਦਾ ਵਿਸੇ਼ਸ ਧੰਨਵਾਦ ਕਰਦਿਆਂ ਕਿਹਾ ਇਟਲੀ ਵਿੱਚ ਜਨਮੇਂ ਸਿੱਖ ਸਮਾਜ ਦੇ ਸਾਰੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜਨ ਲਈ ਸਭ ਮਾਪਿਆਂ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ ਤੇ ਲਗ ਰਹੇ ਖਾਲਸਾ ਕੈਂਪਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਅਕਤ ਕਰਨ ਲਈ ਮੁਹਰੇ ਹੋ ਤੁਰਨਾ ਚਾਹੀਦਾ ਹੈ।ਇਸ ਖਾਲਸਾ ਕੈਂਪ ਮੌਕੇ ਨੰਨੇ ਮੁੰਨੇ ਬੱਚਿਆਂ ਦਾ ਜਜ਼ਬਾ ਦੇਖਣਯੋਗ ਸੀ।ਇਹਨਾਂ ਬੱਚਿਆਂ ਨੇ ਸਮਾਗਮ ਦੌਰਾਨ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰੇ ਵੀ ਬੁਲਾਏ ਤੇ ਮਾਰਸ਼ਲ ਆਰਟ ਗੱਤਕਾ ਕਲਾ ਦੇ ਜੌਹਰ ਦਿਖਾ ਸੰਗਤਾਂ ਦੀ ਵਾਹ-ਵਾਹ ਖੱਟੀ।