ਬਰੈਂਪਟਨ:- (ਰਛਪਾਲ ਕੌਰ ਗਿੱਲ)- 20 ਸਤੰਬਰ ਨੂੰ “ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਵੱਲੋਂ ਇੱਕ ਵਿਸ਼ੇਸ਼ ਬੈਠਕ ਰਾਇਲ ਸਟਾਰ ਰੀਐਲਟੀ ਇੰਕ ਦੇ ਦਫ਼ਤਰ ਵਿੱਚ ਬੁਲਾਈ ਗਈ ਜਿਸ ਵਿੱਚ ਉਘੇ ਗਜ਼ਲਗੋ ਰਾਜਦੀਪ ਤੂਰ ਦੀ ਸ਼ਾਹਮੁਖੀ ਵਿੱਚ ਛਪੀ ਗ਼ਜ਼ਲਾਂ ਦੀ ਕਿਤਾਬ “ਰੂਹ ਵੇਲ਼ਾ” ਲੋਕ ਅਰਪਣ ਕੀਤੀ ਗਈ।
ਸਭ ਤੋਂ ਪਹਿਲਾਂ ਕਾਫ਼ਲੇ ਦੇ ਮੁੱਖ ਸੰਚਾਲਕ ਕੁਲਵਿੰਦਰ ਖਹਿਰਾ ਨੇ ਰਾਜਦੀਪ ਤੂਰ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਸਾਂਝੇ ਕੀਤੇ। ਨਾਲ ਹੀ ਦੱਸਿਆ ਕਿ ਰਾਜਦੀਪ ਤੂਰ ਨੇ ਨਵੇਂ ਤੇ ਪੁਰਾਣੇ ਲਹਿਜੇ ਨੂੰ ਮੁੱਖ ਰੱਖ ਕੇ ਗ਼ਜ਼ਲਾਂ ਲਿਖੀਆ ਹਨ, ਜੋ ਬਹੁਤ ਵਧੀਆ ਲੱਗੀਆਂ ਹਨ। 2020 ਵਿੱਚ ਰਾਜਦੀਪ ਤੂਰ ਦੀ ਗ਼ਜ਼ਲਾਂ ਦੀ ਕਿਤਾਬ “ਰੂਹ ਵੇਲ਼ਾ” ਪੰਜਾਬੀ ਵਿੱਚ ਆਈ ਸੀ ਤੇ ਹੁਣ ਉਹੀ ਕਿਤਾਬ ਸ਼ਾਹਮੁਖੀ ਵਿੱਚ ਆਈ ਹੈ।
ਉਨ੍ਹਾਂ ਦੱਸਿਆ ਕਿ ਮੇਰੇ ਲਿੱਖਣ ਤੇ ਕਿਤਾਬ ਛਿਪਵਾਉਣ ਵਿੱਚ ਗੁਰਭਜਨ ਗਿੱਲ ਦਾ ਕਾਫ਼ੀ ਯੋਗਦਾਨ ਹੈ। ਉਸ ਨੇ ਆਪਣੀਆਂ ਕੁਝ ਵੱਖ ਵੱਖ ਵਿਸ਼ਿਆਂ ਵਿੱਚ ਲਿਖੀਆਂ (ਏਕਤਾ, ਹਕੂਮਤ, ਕਿਸਾਨ ਅੰਦੋਲਨ ਤੇ ਰੋਮਾਂਟਿਕ) ਗ਼ਜ਼ਲਾਂ ਤੇ ਕੁਝ ਗ਼ਜ਼ਲਾਂ ਦੇ ਸ਼ੇਅਰ ਸਾਂਝੇ ਕੀਤੇ ਜਿਵੇਂ “ਆਪਣੇ ਹਿੱਸੇ ਦੀ ਧਰਤੀ, ਮੈਂ ਆਪਣਾ ਅੰਬਰ ਭਾਲ ਰਿਹਾ ਹਾਂ”,”ਧੂੜ ਅੱਖਾਂ ਤੋਂ ਲਾਂਭੇ ਜਦੋਂ ਹੋ ਗਈ”,”ਮਿੱਟੀ ਦਾ ਕੀ ਇਹ ਤਾਂ ਖੁਰ ਜਾਵੇਗੀ”, ਆਲ੍ਹਣੇ ਚੋਂ ਉੱਡੇ ਪਰਿੰਦੇ ਜੋ ਹੁਣ ਨਹੀਂ ਮੁੜਣੇ”। “ਇੱਕ ਦਿਨ ਮਿਲਾਂਗੇ, ਐਂਵੇ ਫ਼ਿਕਰ ਨਾ ਕਰ”, “ਅੰਨਦਾਤੇ ਤਾਂ ਬੇਸ਼ਕ ਕਹਾਉਂਦੇ ਰਹੇ, ਜੇਬ ਖ਼ਾਲੀ ਰਹੀ। ਪਾਲਦੇ ਰਹੇ ਜੋ ਕੁਨਬੇ ਤੁਹਾਡੇ, ਉਹ ਪਾਗਲ ਕਿਵੇਂ ਹੋ ਗਏ”,”ਹੁਣ ਸਿਤਮ ਸਹਿਣ ਦੀ ਇੰਤਾਹ ਹੋ ਗਈ, ਕਿਨਾਂ ਕੁ ਚਿਰ ਲੋਕ ਚੁੱਪ ਬਹਿਣਗੇ”,”ਕੰਜਕਾਂ ਦੀ ਰੀਝ ਮੋਈ, ਜਦ ਉਨ੍ਹਾਂ ਪਿੱਪਲਾਂ ਨੂੰ ਵੱਢਿਆ” ਆਦਿ। ਸੁਰਿੰਦਰ ਖਹਿਰਾ ਤੇ ਰਜਵੰਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ, ਰਾਜਦੀਪ ਤੂਰ ਦੀਆਂ ਗ਼ਜ਼ਲਾਂ ਦੀ ਸਿਫ਼ਤ ਕੀਤੀ।
ਇਸ ਤੋਂ ਬਾਦ ਰਸੀਦ ਨਦੀਮ ਤੇ ਉਜ਼ਮਾ ਮਹਿਮੂਦ ਨੇ ਆਪਣੀਆਂ ਗ਼ਜ਼ਲਾਂ ਤੇ ਨਜ਼ਮਾਂ ਸਾਂਝੀਆਂ ਕੀਤੀਆਂ।
ਡਾ਼ ਵਰਿਆਮ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਕੋਈ ਦਸ ਬਾਰਾਂ ਸਾਲਾਂ ਤੋਂ ਦੋਹਾਂ ਪੰਜਾਬਾਂ ਦੇ ਲੇਖਕਾਂ ਆਪਸੀ ਮੇਲ਼-ਮਿਲਾਪ ਵਧ ਰਿਹਾ ਹੈ, ਜੋ ਵਧੀਆ ਰੁਝਾਨ ਹੈ। ਇਸ ਵਿੱਚ ਯੂਟਿਊਬਰ ਤੇ ਸ਼ੋਸ਼ਲ ਮੀਡੀਏ ਨੇ ਵਧੀਆ ਰੋਲ ਨਿਭਾਇਆ ਹੈ। ਸ਼ਾਹਮੁਖੀ ਤੇ ਪੰਜਾਬੀ ਦੀਆਂ ਕਿਤਾਬਾਂ ਦਾ ਵਟਾਂਦਰਾ ਵਧੀਆ ਗੱਲ ਹੈ। ਲੇਖਕਾਂ ਨੇ ਲਾਸ਼ਾਂ ਤੇ ਕੰਡੇਦਾਰ ਤਾਰਾਂ ਉੱਤੋਂ ਦੀ ਸੱਤਰੰਗਾ ਪੁੱਲ ਉਸਾਰ ਕੇ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਜਾ ਕੇ ਬੋਲਣ ਨਾਲ ਮੈਂ ਆਪਣੇ ਆਪ ਨੂੰ ਮੁਕੰਮਲ ਹੋਇਆ ਮਹਿਸੂਸ ਕੀਤਾ ਹੈ। ਦੋਹਾਂ ਪੰਜਾਬਾਂ ਦੇ ਲੇਖਕਾਂ ਨਾਲ ਮਿਲ ਕੇ ਦੋਹਾਂ ਭਾਸ਼ਾਵਾਂ ਵਿੱਚ ਛਪਦੇ ਸਾਹਿਤ ਦੀ ਸਮਝ ਹੋਣ ਲੱਗ ਜਾਵੇਗੀ। ਰਾਜਦੀਪ ਦੀ ਕਿਤਾਬ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਹਿਸਾਸ ਤੇ ਸੰਵੇਦਨਸ਼ੀਲ ਇਨਸਾਨ ਤੂਰ ਦੀ ਕਿਤਾਬ ਵਿੱਚ ਵੱਸਦਾ ਹੈ ਤੇ ਰਾਜਦੀਪ ਤੂਰ ਇੱਕ ਸੂਖਮ ਸ਼ਾਇਰ ਹੈ, ਮੈਂ ਇਸ ਦੀ ਸੂਖਮਤਾ ਦੀ ਦਾਦ ਦੇਂਦਾ ਹਾਂ. ਵਧੀਆ ਲਿਖਣ ਲਈ ਦੁਆਵਾਂ ਤੇ ਮੁਬਾਰਕਾਂ!
ਮੀਟਿੰਗ ਦੇ ਅਖੀਰ ਤੇ ਕਾਫ਼ਲਾ ਸੰਚਾਲਕ ਪਿਆਰਾ ਸਿੰਘ ਕੁਦੋਵਾਲ ਨੇ ਵੀ ਰਾਜਦੀਪ ਤੂਰ ਦੀ ਕਿਤਾਬ ਦੀ ਸਿਫ਼ਤ ਕਰਦਿਆਂ ਹੋਇਆਂ ਸਾਰੇ ਹਾਜ਼ਰ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ। ‘ਪੰਜਾਬੀ ਆਰਟਸ ਐਸੋਸੀਏਸ਼ਨ’ ਤੋਂ ਬਲਜਿੰਦਰ ਲੇਲਣਾ ਅਤੇ ਰੌਇਲ ਸਟਾਰ ਰੀਐਲਟੀ ਦੇ ਮਾਲਕ ਪਰਮਿੰਦਰ ਢਿੱਲੋਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਬਹੁਤ ਹੀ ਛੋਟੇ ਨੋਟਿਸ `ਤੇ ਮੀਟਿੰਗ ਲਈ ਜਗ੍ਹਾ ਮੁਹੱਈਆ ਕੀਤੀ।