ਸਰੀ, 22 ਸਤੰਬਰ (ਸੁਰਿੰਦਰ ਸਿੰਘ ਜੱਬਲ)-ਬੀਤੇ ਐਤਵਾਰ ਵਾਲੇ ਦਿਨ ਰਾਮਗੜ੍ਹੀਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ ਦੇ ਚੇਅਰਮੈਨ ਸ੍ਰ. ਸਵਰਨ ਸਿੰਘ ਸੱਗੂ ਹੋਰਾਂ ਦਾ ਸਰੀ ਸਥਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਪਹੁੰਚਣ ਤੇ ਪ੍ਰਬੰਧਕਾਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ।ਸੁਸਾਇਟੀ ਦੇ ਸਕੱਤਰ ਚਰਨਜੀਤ ਮਰਵਾਹਾ ਨੇ ਪੰਜਾਬ ਤੋਂ ਚੱਲ ਕੇ ਕੈਨੇਡਾ ਦੇ ਘੁੱਗ ਵਸਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਦੁਬਾਰਾ ਗੇੜਾ ਮਾਰਨ ਲਈ ਜੀ ਆਇਆਂ ਕਿਹਾ ਤੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਪਬਲਿਕ ਰੀਲੇਸ਼ਨ ਨੂੰ ਸਵਰਨ ਸਿੰਘ ਸੱਗੂ ਜੀ ਬਾਰੇ ਚੰਦ ਕੁ ਸ਼ਬਦ ਬੋਲਣ ਲਈ ਸਟੇਜ ਤੇ ਸੱਦਿਆ।ਗੁਰਦੁਆਰਾ ਸਾਹਿਬ ਵਿਚ ਹਾਜ਼ਰ ਸੰਗਤ ਨਾਲ ਸਾਂਝ ਪਾਉਂਦੇ ਹੋਏ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਚੇਅਰਮੈਨ ਸਵਰਨ ਸਿੰਘ ਸੱਗੂ ਦੂਜੀ ਵਾਰ ਕੈਨੇਡਾ ਵਿਚ ਆਏ ਹਨ।ਪਹਿਲਾਂ 2018 ਵਿਚ ਆਏ ਸੀ ਪਰ ਉਸ ਵੇਲੇ ਕਿਸੇ ਕਾਰਨ ਕਰਕੇ ਮੇਲ ਮਿਲਾਪ ਨਹੀਂ ਹੋ ਸਕਿਆ ਸੀ। ਸੱਗੂ ਸਾਹਿਬ ਪੰਜਾਬ ਵਿਚਲੀ ਰਾਮਗੜ੍ਹੀਆ ਕਮਿੳੇੁਨਿਟੀ ਵਿਚ ਬਹੁਤ ਸਰਗਰਮ ਹਨ ਤੇ ਕਮਿਉਨਿਟੀ ਸੰਬੰਧੀ ਹਰੇਕ ਮਸਲੇ ਤੇ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਹਨ।ਇਸੇ ਸਾਲ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਸਟੇਜ ਤੋਂ ਰਾਮਗੜ੍ਹੀਆ ਕਮਿਉਨਿਟੀ ਸੰਬੰਧੀ ਮੰਦੇ ਸ਼ਬਦ ਬੋਲੇ ਤਾਂ ਸੱਗੂ ਸਾਹਿਬ ਨੇ ਪੰਜਾਬ ਦੀਆਂ ਸਾਰੀਆਂ ਰਾਮਗੜ੍ਹੀਆ ਸਭਾਵਾਂ ਨੂੰ ਲਿਖਤਾਂ ਰਾਹੀਂ ਲਾਮਬੰਦ ਕੀਤਾ।ਇਸੇ ਤਰ੍ਹਾਂ ਗਿਆਨੀ ਜਸਵੰਤ ਸਿੰਘ ਨੇ ਮੰਜੀ ਸਾਹਿਬ ਤੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਬਹਾਦਰੀ ਦੀ ਥਾਵੇਂ ਨਿਰਾਦਰੀ ਭਰੇ ਸ਼ਬਦ ਕਹੇ ਤਾਂ ਉਸ ਵਿਰੁੱਧ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਨਕੋਦਰ ਨਿਵਾਸੀ ਸੱਗੂ ਸਾਹਿਬ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸਿੱਖ ਭਗਤ ਭਾਈ ਸਧਾਰਨ ਜੀ ਜੱਬਲ ਦੀ ਯਾਦਗਾਰ ਸਥਿਤ ਕਸਬਾ ਮਹਿਤਪੁਰ ਬਾਰੇ ਰੋਸ਼ਨੀ ਪਾਉਂਦਿਆਂ ਸਮੁਚੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵਲੋਂ ਰਾਮਗੜ੍ਹੀਆ ਕਮਿਉਨਿਟੀ ਦੇ ਸਰਗਰਮ ਲੇਖਕ ਸਵਰਨ ਸਿੰਘ ਸੱਗੂ ਨੂੰ ਸਿਰੋਪਾ ਭੇਟ ਕਰਕੇ ਸਨਮਾਨ ਕੀਤਾ ਗਿਆ। ਸੱਗੂ ਸਾਹਿਬ ਨੇ ਆਪਣੀ ਲਿਖੀ ਪੁਸਤਕ ‘ਭਾਰਤ ਬਨਾਮ ਰਾਮਗੜ੍ਹੀਆ ਇਤਿਹਾਸ’ ਮਹਿਤਪੁਰ ਵਿਚ ਜੰਮੇ ਪਲੇ ਸੁਰਿੰਦਰ ਸਿੰਘ ਜੱਬਲ ਨੂੰ ਭੇਟ ਕੀਤੀ ਤੇ ਸਨਮਾਨ ਵਜੋਂ ਸਵਰਨ ਸਿੰਘ ਸੱਗੂ ਨਕੋਦਰ ਨਿਵਾਸੀ ਨਾਲ ਸੁਰਿੰਦਰ ਸਿੰਘ ਜੱਬਲ ਨੇ ਆਪਣੀ ਲਿਖਤ ‘ਚਾਚਾ ਵੈਨਕੁਵਰੀਆ’ ਦਾ ਆਦਾਨ ਪ੍ਰਦਾਨ ਕੀਤਾ।