Headlines

ਬਾਬਾ ਬੁੱਢਾ ਵੰਸ਼ਜ ਵਲੋਂ 450 ਸਾਲਾ ਸ਼ਤਾਬਦੀਆਂ ‘ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ 450 ਘਿਓ ਦੇ ਦੀਵੇ ਜਗਾਏ

ਛੇਹਰਟਾ (ਰਾਜ-ਤਾਜ ਰੰਧਾਵਾ)- ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ, ਮੁੱਖੀ ਸੰਪਰਦਾ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਦੀਆਂ ਸ਼ਤਾਬਦੀਆਂ ਦੇ ਸੰਬੰਧ ਵਿੱਚ ਸੰਗਤਾਂ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੇ ਨੇੜੇ 18 ਸਤੰਬਰ 2024 ਈ: ਨੂੰ ਘਿਓ ਦੇ ਦੀਵਿਆਂ ਦੀ (ੴ450 ਸਾਲਾ) ਅਕ੍ਰਿਤੀ ਬਣਾਕੇ ਸਤਿਨਾਮੁ-ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਦੀਵੇ ਜਗਾਏ ਗਏ । ਪਹਿਲਾ ਦੀਵਾ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਅਤੇ ਬਾਬਾ ਅਵਤਾਰ ਸਿੰਘ ਅੰਸ਼ ਬੰਸ਼ ਬਾਬਾ ਬਿਧੀ ਚੰਦ ਜੀ ਵਲੋਂ ਭੇਜੇ ਨੁਮਾਇੰਦੇ ਗਿਆਨੀ ਅਵਤਾਰ ਸਿੰਘ ਭੈਲ ਆਸਟ੍ਰੇਲੀਆ ਵਲੋਂ ਸਾਂਝੇ ਤੌਰ ਤੇ ਜਗਾਇਆ ਗਿਆ । ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਹਰਜਿੰਦਰ ਸਿੰਘ ਗੋਗਾ ਗੜੀ ਸਾਹਿਬ, ਭਾਈ ਪ੍ਰਗਟ ਸਿੰਘ ਸਮਾਣਾ, ਭਾਈ ਸੁਰਿੰਦਰ ਸਿੰਘ ਸਾਗਰ ਤਰਨਤਾਰਨ, ਬੀਬੀ ਬਲਬੀਰ ਕੌਰ ਖਡੂਰ ਸਾਹਿਬ ਅਤੇ ਬੀਬੀ ਪਰਵਿੰਦਰ ਕੌਰ ਮੁੰਬਈ ਦੇ ਹੱਥਾਂ ਵਿਚ ਫੜੇ ਦੀਵਿਆਂ ਨੂੰ ਵੀ ਪ੍ਰੋ: ਬਾਬਾ ਰੰਧਾਵਾ ਨੇ ਆਪਣੇ ਦੀਵੇ ਨਾਲ ਜਗਾਕੇ ਮਰਿਆਦਾ ਪੂਰੀ ਕੀਤੀ ਅਤੇ ਇਹ ਹੱਥਾਂ ‘ਚ ਫੜੇ ਜਗਦੇ ਦੀਵੇ ਸੰਗਤਾਂ ਨੂੰ ਫੜਾ ਦਿਤੇ ਗਏ ਜਿਨ੍ਹਾਂ ਨਾਲ ਸੰਗਤਾਂ ਵਲੋਂ (ੴ 450 ਸਾਲਾ) ਅਕ੍ਰਿਤੀ ਦੇ ਦੀਵੇ ਇਕ ਘੰਟਾ ਸਿਮਰਨ ਕਰਦੇ ਹੋਏ ਜਗਾਏ ਗਏ । ਇਥੇ ਇਹ ਦੱਸਣਾ ਬਣਦਾ ਹੈ ਕਿ ਪ੍ਰੋ: ਬਾਬਾ ਰੰਧਾਵਾ ਅਤੇ ਸਾਥੀਆਂ ਵਲੋਂ ਦੀਵੇ ਜਗਾਉਣ ਵਾਲੀਆਂ ਸੰਗਤਾਂ ਨੂੰ 450 ਦੀਵਿਆਂ ਦੀ ਅਕ੍ਰਿਤੀ ਬਣਾਉਣ, ਦੀਵਿਆਂ ਵਿਚ ਘਿਓ ਅਤੇ ਵੱਟੀਆਂ ਪਾਉਣ ਸਮੇਂ ਲਗਭਗ 2 ਘੰਟੇ ਸਤਿਨਾਮੁ-ਵਾਹਿਗੁਰੂ ਦਾ ਸਿਮਰਨ ਕਰਵਾਇਆ ਗਿਆ । ਸਾਰੀ ਅਕ੍ਰਿਤੀ ਦੇ ਦੀਵੇ ਜਗਾਉਣ ਉਪਰੰਤ ਸੰਗਤਾਂ ਵਲੋਂ ਜਗਦੇ ਦੀਵਿਆਂ ਨੇੜੇ ਬੈਠਕੇ ਸ੍ਰੀ ਜਪੁਜੀ ਸਾਹਿਬ, ਲਾਵਾਂ ਅਤੇ ਅਨੰਦੁ ਸਾਹਿਬ ਦੇ ਪਾਠ ਅਤੇ ਸਵੇਰ ਦੇ ਚਾਰ ਵਜੇ ਤਕ ਸਿਮਰਨ ਕੀਤਾ ਗਿਆ । ਬਾਣੀਆਂ ਦੇ ਪਾਠ ਅਤੇ ਸਿਮਰਨ ਦੀ ਸਮਾਪਤੀ ਤੋਂ ਬਾਅਦ ਪ੍ਰੋ: ਬਾਬਾ ਰੰਧਾਵਾ ਵਲੋਂ ਸ਼ਤਾਬਦੀਆਂ ‘ਚ ਵੱਖ ਵੱਖ ਸੇਵਾਵਾਂ ਕਰਨ ਵਾਲੀਆਂ ਸੰਗਤਾਂ, ਇਕ ਮਹੀਨੇ ਤੋਂ ਘਰਾਂ ‘ਚ ਲਾਵਾਂ ਤੇ ਅਨੰਦੁ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲੀਆਂ ਸੰਗਤਾਂ, ਦੀਵੇ ਜਗਾਉਣ ਅਤੇ ਸਿਮਰਨ ਕਰਨ ਵਾਲੀਆਂ ਸੰਗਤਾਂ ਦੀ ਅਰਦਾਸ ਕਰਨ ਤੋਂ ਇਲਾਵਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਪ੍ਰੋ: ਬਾਬਾ ਰੰਧਾਵਾ ਵਲੋਂ ਸੰਗਤਾਂ ਸਮੇਤ ਸ਼੍ਰੋਮਣੀ ਕਮੇਟੀ ਅਤੇ ਸੰਪਰਦਾਵਾਂ ਵਲੋਂ 17 ਸਤੰਬਰ ਨੂੰ ਸ੍ਰੀ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਤਕ ਸਜਾਏ ਗਏ ਨਗਰ ਕੀਰਤਨ ਵਿੱਚ ਵੀ ਸ਼ਬਦ ਚੌਕੀ ਸਾਹਿਬ ਵਿਚ ਹਾਜ਼ਰੀਆਂ ਭਰਨ ਤੋਂ ਇਲਾਵਾ 18 ਸਤੰਬਰ ਸ਼ਾਮ ਨੂੰ ਗੁ: ਚਰਨਕੰਵਲ ਸਾਹਿਬ ਪਾ: ਛੇਵੀਂ ਸ੍ਰੀ ਗੋਇੰਦਵਾਲ ਸਾਹਿਬ (ਜਿਥੇ ਦਲ ਬਾਬਾ ਬਿੱਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਅਵਤਾਰ ਸਿੰਘ ਜੀ ਵਲੋਂ ਵੱਡੀ ਪੱਧਰ ਤੇ ਲੰਗਰ ਲਾਏ ਗਏ) ਤੋਂ ਸ੍ਰੀ ਬਾਉਲੀ ਸਾਹਿਬ ਤਕ ਸ਼ਬਦ ਚੌਕੀ ਸਾਹਿਬ ਵੀ ਸਜਾਈ ਗਈ ।