Headlines

ਸਰੀ ਕੌਂਸਲ ਨੇ ਸਿਟੀ ਦੀ ਪਹਿਲੀ ਬਹੁ-ਭਾਸ਼ਾਈ ਸੰਚਾਰ ਨੀਤੀ ਨੂੰ ਪ੍ਰਵਾਨਗੀ ਦਿੱਤੀ

ਸਰੀ (ਪ੍ਰਭਜੋਤ ਕਾਹਲੋਂ, ਮਾਂਗਟ )-– ਇਸ ਸੋਮਵਾਰ ਨੂੰ ਸਿਟੀ ਕੌਂਸਲ ਦੀ ਰੈਗੂਲਰ ਮੀਟਿੰਗ ਦੌਰਾਨ, ਸਿਟੀ ਕੌਂਸਲ ਨੇ ਅਧਿਕਾਰਤ ਤੌਰ ‘ਤੇ ਆਪਣੀ ਪਹਿਲੀ ਬਹੁ ਭਾਸ਼ਾਈ ਸੰਚਾਰ ਨੀਤੀ ਅਪਣਾਈ, ਜਿਸ ਦਾ ਉਦੇਸ਼ ਸ਼ਹਿਰ ਦੀ ਵਿਭਿੰਨ ਆਬਾਦੀ ਲਈ ਜਾਣਕਾਰੀ ਸਰੋਤ ਵਧਾਉਣਾ ਹੈ। ਸਿਟੀ ਦਾ ਇਹ ਇਤਿਹਾਸਕ ਫੈਸਲਾ ਆਪਣੇ ਵਸਨੀਕਾਂ ਨਾਲ ਨੇੜਤਾ ਲਿਆਉਣ ਤੇ ਬਰਾਬਰਤਾ ਦੀ ਸੇਵਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ਬੋਲਦਿਆਂ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ “ਮੈਨੂੰ ਸਰੀ ਦੀ ਪਹਿਲੀ ਬਹੁ-ਭਾਸ਼ਾਈ ਸੰਚਾਰ ਨੀਤੀ ਨੂੰ ਰਸਮੀ ਬਣਾਉਣ ‘ਤੇ ਬਹੁਤ ਮਾਣ ਹੈ।  ਕੈਨੇਡਾ ਦੇ ਸਭ ਤੋਂ ਵੱਧ ਰੰਗਦਾਰ ਵੱਸੋਂ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਸ਼ਹਿਰਾਂ ਵਿੱਚੋਂ ਇੱਕ ਹੋਣ ਦੇ ਨਾਤੇ, ਸਰੀ ਨੂੰ ਇਹ ਨੀਤੀ ਲੰਮਾਂ ਸਮਾਂ ਪਹਿਲਾਂ ਅਪਨਾਉਣੀ ਚਾਹੀਦੀ ਸੀ । ਪਰ ਮੈਂ ਸਰੀ ਨੂੰ ਹੁਣ ਇਸ ਮਹੱਤਵਪੂਰਨ ਕਦਮ ਨੂੰ ਅੱਗੇ ਵਧਾਉਂਦੇ ਹੋਏ ਦੇਖ ਕੇ ਬਹੁਤ ਖੁਸ਼ ਹਾਂ। ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜ ਕੇ, ਅਸੀਂ ਭਾਈਚਾਰੇ ਲਈ ਵਧੇਰੇ ਜਨਤਕ ਸ਼ਮੂਲੀਅਤ ਅਤੇ ਤਾਲਮੇਲ ਲਈ ਰਾਹ ਪੱਧਰਾ ਕਰ ਰਹੇ ਹਾਂ। ਬਹੁਭਾਸ਼ੀ ਸੰਚਾਰ ਨੀਤੀ ਸਿਰਫ਼ ਅਨੁਵਾਦ ਬਾਰੇ ਨਹੀਂ ਹੈ; ਬਲਕਿ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਹਰ ਨਿਵਾਸੀ ਕੀਮਤੀ ਅਤੇ ਸੂਚਿਤ ਮਹਿਸੂਸ ਕਰੇ । ਬਹੁ-ਭਾਸ਼ਾਈ ਜਾਣਕਾਰੀ ਨੀਤੀ, ਸ਼ਹਿਰ ਦੇ ਅਨੁਵਾਦ ਦੇ ਯਤਨਾਂ ਨੂੰ ਮਾਰਗਦਰਸ਼ਨ ਕਰੇਗੀ । ਇਹ ਨੀਤੀ ਪੜਾਵਾਂ ਵਿੱਚ ਲਾਗੂ ਕੀਤੀ ਜਾਵੇਗੀ, ਜਿਸ ‘ਚ  ਸਭ ਤੋਂ ਪਹਿਲਾਂ ਇਹ ਨਾਜ਼ੁਕ ਮੁੱਦਿਆਂ ‘ਤੇ ਕੇਂਦਰਿਤ ਰਹੇਗੀ ਜਿਵੇਂ ਕਿ ਸਿਹਤ, ਸੁਰੱਖਿਆ ਆਦਿ ।  ਜਿਸ ਉਪਰੰਤ ਕੌਂਸਲ ਦੀਆਂ ਤਰਜੀਹਾਂ ਤੇ ਕਮਿਊਨਟੀ ਲੋੜਾਂ ਸਮੇਤ ਹੋਰ ਮੁੱਖ ਜਾਣਕਾਰੀ ਦੇ ਅਨੁਵਾਦ ਨੂੰ ਤਰਜੀਹ ਦਿੱਤੀ ਜਾਵੇਗੀ । ਕੈਨੇਡੀਅਨ ਜਨਗਣਨਾ ਦੇ ਅੰਕੜਿਆਂ ‘ਤੇ ਆਧਾਰਿਤ ਡਾਟਾ ਦੀ ਵਰਤੋਂ ਕਰਦੇ ਹੋਏ, ਸਿਟੀ ਇਹ ਯਕੀਨੀ ਬਣਾਏਗਾ ਕਿ ਅਨੁਵਾਦਿਤ ਸਮੱਗਰੀ, ਇਸਦੇ ਨਿਵਾਸੀਆਂ ਦੀਆਂ ਵਿਭਿੰਨ ਭਾਸ਼ਾਈ ਲੋੜਾਂ ਨੂੰ ਪੂਰਾ ਕਰਦੀ ਹੈ।

ਸਿਟੀ ਆਫ ਸਰੀ ਦੇ ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜਤਿੰਦਰ ਸਿੰਘ (ਜੋਏ) ਬਰਾੜ ਅਨੁਸਾਰ, “ਸਿਟੀ ਦੀ ਅੰਦਰੂਨੀ ਮੁਹਾਰਤ ਦੇ ਨਾਲ-ਨਾਲ ਤੀਜੀ ਧਿਰ ਅਨੁਵਾਦ ਸੇਵਾਵਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ, ਇਹ ਯਕੀਨੀ ਬਣਾਉਣ ਲਈ ਕਿ ਜਾਣਕਾਰੀ ਸਹੀ, ਸੱਭਿਆਚਾਰਕ ਤੌਰ ‘ਤੇ ਸੂਖਮ, ਅਤੇ ਪ੍ਰਭਾਵਸ਼ਾਲੀ ਹੋਵੇ।  ਸ਼ੁਰੂਆਤੀ ਸਮੇਂ  5% ਜਾਂ ਇਸ ਤੋਂ ਵੱਧ ਸਿਟੀ ਆਬਾਦੀ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਂ ‘ਤੇ ਕੇਂਦਰਿਤ ਹੋਵੇਗੀ, ਜਿਸ ਨੂੰ ਤਹਾਡੇ ਫੀਡਬੈਕ ਦੇ ਨਾਲ ਲਗਾਤਾਰ ਬਿਹਤਰ ਬਣਾਉਣ ਦੀ ਕੋਸ਼ਿਸ ਰਹੇਗੀ।

ਇਹ ਉਪਰਾਲਾ ਜਿੱਥੇ ਸ਼ਹਿਰੀ ਸ਼ਾਸਨ ਦੇ ਕੰਮਕਾਜ਼ ‘ਚ ਪਾਰਦਰਸ਼ਤਾ ਲਿਆਉਣ ਵਿੱਚ ਮੱਦਦ ਕਰੇਗਾ, ਉਥੇ ਸਰੀ ਵਾਸੀਆਂ ਨਾਲ ਜਾਣਕਾਰੀ ‘ਚ ਵਾਧਾ ਕਰ ਸ਼ਹਿਰ ਦੇ ਟੀਚਿਆਂ ਨੂੰ ਹਾਸਿਲ  ਕਰਨ  ਸਹਾਈ ਹੋਵੇਗਾ