ਚੰਡੀਗੜ੍ਹ ( ਭੰਗੂ)-ਪੰਜਾਬ ਵਿੱਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਅਤੇ ਸਮੁੱਚੇ ਪੰਜਾਬ ਵਿਚ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਵੋਟਾਂ ਦੀ ਗਿਣਤੀ ਪੰਚਾਇਤ ਚੋਣਾਂ ਵਾਲੇ ਦਿਨ ਹੀ ਸ਼ਾਮ ਨੂੰ ਹੋਵੇਗੀ। ਪੰਚਾਇਤ ਚੋਣਾਂ ਲਈ ਵੋਟਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾ ਸਕਣਗੇ। ਪੰਚਾਇਤ ਚੋਣਾਂ ਦੇ ਐਲਾਨ ਨਾਲ ਹੀ ਸੂਬੇ ਵਿਚ ਸਿਆਸੀ ਹਰਕਤ ਸ਼ੁਰੂ ਹੋ ਗਈ ਹੈ। ਪਹਿਲੀ ਵਾਰ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਪੰਚਾਇਤ ਚੋਣਾਂ ਹੋ ਰਹੀਆਂ ਹਨ। ਚੋਣ ਜ਼ਾਬਤਾ ਅਮਲ ’ਚ ਆਉਣ ਨਾਲ ਪੇਂਡੂ ਵਿਕਾਸ ਦੇ ਨਵੇਂ ਕੰਮ ਠੱਪ ਹੋ ਗਏ ਹਨ।
ਪੰਜਾਬ ਰਾਜ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਚਾਇਤ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਅਮਲ 27 ਸਤੰਬਰ (11 ਵਜੇ ਤੋਂ ਤਿੰਨ ਵਜੇ ਤੱਕ) ਨੂੰ ਸ਼ੁਰੂ ਹੋਵੇਗਾ ਅਤੇ ਚਾਹਵਾਨ ਉਮੀਦਵਾਰ 4 ਅਕਤੂਬਰ ਤੱਕ ਕਾਗ਼ਜ਼ ਦਾਖਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਪੰਜ ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ (ਬਾਅਦ ਦੁਪਹਿਰ ਤਿੰਨ ਵਜੇ ਤੱਕ) ਤੱਕ ਉਮੀਦਵਾਰ ਆਪਣੇ ਕਾਗ਼ਜ਼ ਵਾਪਸ ਲੈ ਸਕਣਗੇ।