ਸ਼ਿਮਲਾ ( ਦੇ ਪ੍ਰ ਬਿ)- ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨ ਮੁੜ ਲਾਗੂ ਕਰਨ ਵਾਲੇ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਮੁਆਫ਼ੀ ਮੰਗੀ ਹੈ। ਕੰਗਨਾ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਇਹ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਸਨ। ਕੰਗਨਾ ਨੇ ‘ਐਕਸ’ ’ਤੇ ਕਿਹਾ, ‘ਮੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਨਾ ਸਿਰਫ ਕਲਾਕਾਰ ਹਾਂ, ਬਲਕਿ ਹੁਣ ਭਾਜਪਾ ਦੀ ਮੈਂਬਰ ਵੀ ਹਾਂ ਅਤੇ ਮੇਰੇ ਬਿਆਨ ਪਾਰਟੀਆਂ ਦੀਆਂ ਨੀਤੀਆਂ ਮੁਤਾਬਕ ਹੋਣੇ ਚਾਹੀਦੇ ਹਨ।’ ਭਾਜਪਾ ਆਗੂ ਨੇ ਕਿਹਾ ਕਿ ਵਿਵਾਦਤ ਕਾਨੂੰਨਾਂ ’ਤੇ ਆਪਣੇ ਬਿਆਨਾਂ ਨਾਲ ਉਸ ਨੇ ਕਈਆਂ ਨੂੰ ਨਿਰਾਸ਼ ਕੀਤਾ ਹੋ ਸਕਦਾ ਹੈ, ਜਿਸ ਦਾ ਉਸ ਨੂੰ ਅਫ਼ਸੋਸ ਹੈ। ਕੰਗਨਾ ਨੇ ‘ਐਕਸ’ ’ਤੇ ਵੀਡੀਓ ਵੀ ਪੋਸਟ ਕੀਤਾ ਜਿਸ ’ਚ ਉਸ ਨੇ ਕਿਹਾ, ‘ਜਦੋਂ ਖੇਤੀ ਕਾਨੂੰਨ ਪਾਸ ਹੋਏ ਸਨ ਤਾਂ ਸਾਡੇ ’ਚੋਂ ਕਈਆਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਸੀ ਪਰ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਉਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ।’ ਉਸ ਨੇ 68 ਸਕਿੰਟਾਂ ਦੀ ਕਲਿੱਪ ’ਚ ਇਹ ਵੀ ਕਿਹਾ ਕਿ ਜੇ ਉਸ ਦੇ ਬਿਆਨਾਂ ਅਤੇ ਵਿਚਾਰਾਂ ਨਾਲ ਕਿਸੇ ਨੂੰ ਨਿਰਾਸ਼ਾ ਹੋਈ ਹੈ ਤਾਂ ਉਹ ਸ਼ਬਦ ਵਾਪਸ ਲੈਂਦਿਆਂ ਮੁਆਫ਼ੀ ਮੰਗਦੀ ਹੈ।