Headlines

ਕੰਸਰਵੇਟਿਵ ਵਲੋਂ ਟਰੂਡੋ ਸਰਕਾਰ ਖਿਲਾਫ ਪੇਸ਼ ਬੇਭਰੋਸਗੀ ਦਾ ਮਤਾ ਫੇਲ

ਬਲਾਕ ਕਿਊਬੈਕ ਤੇ ਐਨਡੀਪੀ ਨੇ ਲਿਬਰਲ ਸਰਕਾਰ ਬਚਾਈ-
ਓਟਵਾ-ਬੀਤੇ ਦਿਨ ਹਾਊਸ ਆਫ ਕਾਮਨਜ਼ ਵਿਚ ਕੰਸਰਵੇਟਿਵ ਵਲੋਂ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਧੂਮਧਾਮ ਨਾਲ ਪੇਸ਼ ਕੀਤਾ ਗਿਆ ਸੀ ਪਰ ਇਸ ਮਤੇ ਦੇ ਖਿਲਾਫ ਬਲਾਕ ਕਿਊਬੈਕ ਤੇ ਐਨ ਡੀ ਪੀ ਵਲੋਂ ਵੋਟ ਕਰਨ ਕਾਰਣ ਸਰਕਾਰ ਡਿੱਗਣ ਤੋਂ ਬਚ ਗਈ | ਬਲਾਕ ਕਿਊਬੈਕ ਤੇ ਨਿਊਡੈਮੋਕਰੈਟਸ ਦਾ ਕਹਿਣਾ ਕਿ ਉਹ ਇਹ ਯਕੀਨੀ ਬਣਾਉਣ ਲਈ ਇਸ ਦੇ ਖਿਲਾਫ ਵੋਟ ਦੇ ਰਹੇ ਹਨ ਕਿ ਹਾਲ ਦੀ ਘੜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਸੱਤਾ ਵਿਚ ਰਹੇ| ਮਤੇ ’ਤੇ ਮੰਗਲਵਾਰ ਨੂੰ ਬਹਿਸ ਹੋਈ ਜਿਸ ਵਿਚ ਪੋਲੀਵਰ ਨੇ ਪ੍ਰਾਮਿਸ ਆਫ ਕੈਨੇਡਾ ਨੂੰ ਮੁੜ ਬਹਾਲ ਕਰਨ ਦੇ ਆਪਣੇ ਰਾਗ ਨੂੰ ਵਾਰ ਵਾਰ ਅਲਾਪਿਆ ਜਿਸ ਬਾਰੇ ਉਹ ਦਲੀਲ ਦਿੰਦੇ ਹਨ ਕਿ ਇਸ ਨੂੰ ਲਿਬਰਲਾਂ ਨੇ ਐਨਡੀਪੀ ਦੇ ਸਮਰਥਨ ਨਾਲ ਤਬਾਹ ਕਰ ਦਿੱਤਾ ਹੈ|

ਅੱਜ ਕੈਨੇਡੀਅਨ ਸੰਸਦ ‘ਚ ਮੁੱਖ ਵਿਰੋਧੀ ਦੀ ਪਾਰਟੀ ਕੰਸਰਵੇਟਿਵ ਦਾ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਖਿਲਾਫ਼ ਪੇਸ਼ ਕੀਤਾ ਗਿਆ ਬੇਭਰੋਸਗੀ ਦਾ ਮਤਾ 211-120 ਨਾਲ ਨਾਕਾਮ ਰਿਹਾ ।  ਮਤੇ ਦੇ ਹੱਕ ‘ਚ 120 ਅਤੇ ਵਿਰੋਧ ‘ਚ 211 ਵੋਟਾਂ ਪਈਆਂ। ਭਾਵੇਂ ਕਿ ਐਨ. ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀਆਂ ਵੱਲੋਂ ਬੇਭਰੋਸਗੀ ਮਤੇ ਦਾ ਵਿਰੋਧ ਕਰਕੇ ਅਸਿੱਧੇ ਰੂਪ ‘ਚ ਲਿਬਰਲ ਸਰਕਾਰ ਨੂੰ ਚਲਦਾ ਰੱਖਣ ਦੀ ਹਰੀ ਝੰਡੀ ਦੀ ਦਿੱਤੀ  ਹੈ ਪਰ ਬਲਾਕ ਕਿਊਬੈੱਕ ਵੱਲੋਂ ਟਰੂਡੋ ਸਰਕਾਰ ਅੱਗੇ ਆਪਣੇ ਦੋ ਬਿੱਲਾਂ ਨੂੰ ਪਾਸ ਕਰਨ ਦੀ ਸ਼ਰਤ ਵੀ ਰੱਖ ਦਿੱਤੀ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਟਰੂਡੋ ਸਰਕਾਰ ਨੂੰ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ।
ਦੱਸਣਯੋਗ ਹੈ ਕਿ ਸਤਾਧਾਰੀ ਲਿਬਰਲ ਦੀ ਸਿਆਸੀ ਸਹਿਯੋਗੀ ਪਾਰਟੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਨੂੰ ਪੂਰਾ ਅਰਸਾ ਚਲਦਾ ਰੱਖਣ ਲਈ ਸ਼ਰਤਾਂ ਸਹਿਤ ਸਮਰਥਨ ਦੇਣ ਦਾ ਜੋ ਸਮਝੌਤਾ ਕੀਤਾ ਗਿਆ ਸੀ, ਨੂੰ ਬੀਤੇ ਦਿਨੀਂ ਤੋੜ ਦਿੱਤਾ ਸੀ ਅਤੇ ਕਿਹਾ ਸੀ ਕਿ ਹੁਣ ਐਨ.ਡੀ.ਪੀ..ਲਿਬਰਲ ਸਰਕਾਰ ਨੂੰ ਭਵਿੱਖ ‘ਚ ਅਜਿਹੇ ਕਿਸੇ ਵੀ ਮਾਮਲੇ ‘ਤੇ ਸਮਰਥਨ ਨਹੀਂ ਦੇਵੇਗੀ ਜੋ ਉਹਨਾਂ ਦੀ ਪਾਰਟੀ ਦੀ ਨੀਤੀ ਦੇ ਅਨੁਕੂਲ ਨਾ ਹੋਵੇ ।
ਅੱਜ ਬੇਭਰੋਸਗੀ ਦਾ ਮਤਾ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਵੱਲੋਂ ਟਰੂਡੋ ਸਰਕਾਰ ਵੱਲੋਂ ਲਗਾਏ ਕਾਰਬਨ ਟੈਕਸ ਨੂੰ ਲੈ ਲਿਆਂਦਾ ਗਿਆ ਸੀ ਅਤੇ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਚਲਦਾ ਕਰਨ ਅਤੇ ਫੈਡਰਲ ਚੋਣਾਂ ਕਰਵਾਉਣ ਲਈ ਕੈਨੇਡਾ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਦਾ ਇਸ ਮਤੇ ਦੇ ਹੱਕ ‘ਚ  ਸਮਰਥਨ ਵੀ ਮੰਗਿਆ ਸੀ ਪਰ ਐਨ.ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀ ਵੱਲੋਂ ਪੀਅਰ ਪੋਲੀਏਵਰ ਦੇ ਉਕਤ ਮਤੇ ਨੂੰ ਸਮਰਥਨ ਨਾ ਦੇਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਡੇਗ ਕਿ ਚੋਣਾਂ ਕਰਵਾਉਣ ਦੀ ਬਜਾਏ ਆਪੋ-ਆਪੋ ਪਾਰਟੀ ਦੀਆਂ ਨੀਤੀਆਂ ਦੇ ਫੈਸਲੇ ਲਾਗੂ ਕਰਵਾਉਣ ਲਈ ਸਰਕਾਰ ‘ਤੇ ਦਬਾਅ ਬਣਾਉਣਗੇ ।