Headlines

ਐਨ ਡੀ ਪੀ ਵਲੋਂ ਵਿਛੜੇ ਪ੍ਰਾਣੀਆਂ ਦੀਆਂ ਅੰਤਿਮ ਧਾਰਮਿਕ ਰਸਮਾਂ ਲਈ ਠੋਸ ਹੱਲ ਦਾ ਵਾਅਦਾ

ਸਰੀ ( ਦੇ ਪ੍ਰ ਬਿ)- – ਬੀਸੀ  ਦੇ ਸਰੀ ਸਰਪੈਂਟਾਇਨ ਲਈ ਐਨਡੀਪੀ ਉਮੀਦਵਾਰ ਬਲਤੇਜ ਢਿੱਲੋਂ ਅਤੇ ਸਰੀ ਨੋਰਥ ਤੋਂ  ਉਮੀਦਵਾਰ ਰਚਨਾ ਸਿੰਘ ਨੇ ਇੰਡੋ ਕੈਨੇਡੀਅਨ ਭਾਈਚਾਰੇ ਨੂੰ ਆਪਣੇ ਵਿਛੜੇ ਅਜ਼ੀਜਾਂ ਦੀਆਂ ਧਾਰਮਿਕ ਅੰਤਿਮ ਰਸਮਾਂ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਸਰੀ ਤੋਂ ਸ਼ੁਰੂ ਹੋ ਕੇ ਪੂਰੇ ਸੂਬੇ ਵਿਚ ਬੀਸੀ ਐਨਡੀਪੀ ਅਸਥੀਆਂ ਨੂੰ ਜਲ ਪਰਵਾਹ ਕਰਨ ਲਈ ਪਹੁੰਚਯੋਗ ਖੇਤਰਾਂ ਅਤੇ ਸਾਈਟਾਂ ਬਣਾਏਗੀ।
ਐਨ ਡੀ ਪੀ ਉਮੀਦਵਾਰ ਢਿੱਲੋਂ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਆਪਣੇ ਪਿਆਰਿਆਂ ਨੂੰ ਖੋ ਦੇਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਅਤੇ ਇਹ ਜਰੂਰੀ ਹੈ ਕਿ ਪਰਿਵਾਰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਰੀਤਾਂ ਨਾਲ ਸੋਗ ਮਨਾ ਸਕਣ। ਇਸੇ ਲਈ ਬੀਸੀ ਐਨਡੀਪੀ ਅਸਥੀਆਂ ਨੂੰ ਜਲ ਪਰਵਾਹ ਕਰਨ ਲਈ ਸਾਈਟਾਂ ਨੂੰ ਉਪਲਬਧ ਕਰਵਾਏਗੀ, ਤਾਂ ਜੋ ਤੁਸੀਂ ਆਪਣੇ ਅਜ਼ੀਜ਼ਾਂ ਨੂੰ ਉਸ ਸਨਮਾਨ ਨਾਲ ਵਿਦਾ ਕਰ ਸਕੋ ਜਿਸ ਦੇ ਉਹ ਹੱਕਦਾਰ ਹਨ। ਸਿੱਖ ਅਤੇ ਹਿੰਦੂ ਭਾਈਚਾਰਿਆਂ ਦੀਆਂ ਲੰਬੇ ਸਮੇਂ ਤੋਂ ਚਲਦੀ ਆ ਰਹੀਆਂ ਅੰਤਿਮ ਰੀਤਾਂ ਵਿੱਚ ਆਪਣੇ ਪਿਆਰਿਆਂ ਦੀਆਂ ਅਸਥੀਆਂ ਨੂੰ ਪਾਣੀ ਵਿੱਚ ਵਹਾਉਣਾ ਸ਼ਾਮਲ ਹੁੰਦਾ ਹੈ। ਬੀਸੀ ਐਨਡੀਪੀ ਸਥਾਨਕ ਸਰਕਾਰਾਂ, ਫਸਟ ਨੇਸ਼ਨਜ਼ ਅਤੇ ਸਥਾਨਕ ਭਾਈਚਾਰਿਆਂ ਨਾਲ ਕੰਮ ਕਰਕੇ ਅਤੇ ਕਿਸੇ ਵੀ ਤਰੀਕੇ ਦੇ ਵਾਤਾਵਰਣ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖ ਕੇ ਸੂਬੇ ਭਰ ਵਿੱਚ ਇਹਨਾਂ ਮਹੱਤਵਪੂਰਨ ਸੰਸਕਾਰਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰੇਗੀ।
ਇਸੇ ਦੌਰਾਨ ਸਰੀ ਨਾਰਥ ਤੋਂ ਉਮੀਦਵਾਰ ਰਚਨਾ ਸਿੰਘ ਨੇ ਕਿਹਾ ਕਿ ਜਦੋਂ ਤੁਸੀਂ ਪਹਿਲਾਂ ਹੀ ਦੁੱਖ ਦੀ ਘੜੀ ਵਿੱਚੋਂ ਲੰਘ ਰਹੇ ਹੋ, ਤੁਹਾਨੂੰ ਇਹ ਚਿੰਤਾ ਨਹੀਂ ਚਾਹੀਦੀ ਕਿ ਕੀ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਨੂੰ ਉਸ ਤਰੀਕੇ ਨਾਲ ਵਿਦਾ ਕਰ ਸਕੋਗੇ ਜਿਸ ਤਰੀਕੇ ਨਾਲ ਉਹ ਚਾਹੁੰਦੇ ਹੋ। ਹਰ ਭਾਈਚਾਰਾ ਵੱਖਰੇ ਤੌਰ ਤੇ ਸੋਗ ਮਨਾਉਂਦਾ ਹੈ ਅਤੇ ਬੀਸੀ ਐਨਡੀਪੀ ਪੂਰੇ ਸੂਬੇ ਵਿੱਚ ਸੱਭਿਆਚਾਰਕ ਪ੍ਰਥਾਵਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ।