Headlines

ਉਭਰਦੀ ਲੇਖਿਕਾ ਅਭਿਰੂਪ ਕੌਰ ਮਾਨ ਦਾ ਸਨਮਾਨ

ਅਭਿਰੂਪ ਮਾਨ ਵਰਗੀਆਂ ਧੀਆਂ ‘ਤੇ ਸਮਾਜ ਨੂੰ ਮਾਣ ਹੈ- ਗੁਰਿੰਦਰ ਸਿੰਘ ਮੱਟੂ
ਰਾਕੇਸ਼ ਨਈਅਰ ‘ਚੋਹਲਾ’
ਅੰਮ੍ਰਿਤਸਰ,26 ਸਤੰਬਰ 2024
‘ਮਾਣ ਧੀਆਂ ‘ਤੇ’ ਸਮਾਜ ਭਲਾਈ ਸੋਸਾਇਟੀ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਅਭਿਰੂਪ ਕੌਰ ਮਾਨ ਨੂੰ ਉਸਦੀ ਹਾਲ ਹੀ ਵਿੱਚ ਆਈ ਅੰਗਰੇਜ਼ੀ ਕਹਾਣੀਆਂ ਦੀ ਕਿਤਾਬ ‘insight Inscribed’ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਬੋਲਦਿਆਂ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਅਭਿਰੂਪ ਕੌਰ ਮਾਨ ਵੱਲੋਂ ਸਾਹਿਤ ਖੇਤਰ ਵਿੱਚ ਪਹਿਲੀ ਪੁਲਾਂਗ ਪੁੱਟਦਿਆਂ ਸਾਹਿਤ ਦੀ ਝੋਲੀ ਵਿਚ ਅੰਗਰੇਜੀ ਦੀਆਂ ਕਹਾਣੀਆਂ ਦੀ ਕਿਤਾਬ ਪਾਈ ਗਈ ਹੈ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਧੀਆਂ ਦਾ ਵੱਖ ਵੱਖ ਖੇਤਰਾਂ ਵਿੱਚ ਅੱਗੇ ਆਉਣ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਮਿਲਦੀ ਹੈ। ਉਹਨਾਂ ਕਿਹਾ ਕਿ ਇਕ ਔਰਤ ਹੀ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਅਹਿਮ ਰੋਲ ਅਦਾ ਕਰ ਸਕਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਆਪਣੀਆਂ ਬੱਚੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਨਿਕਲਣ ਲਈ ਉਤਸ਼ਾਹਿਤ ਕਰਾਂਗੇ।
ਉਹਨਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਦਾ ਸਾਹਿਤ ਵੱਲ ਰੁਝਾਨ ਇੱਕ ਚੰਗਾ ਸੰਕੇਤ ਹੈ। ਉਹਨਾਂ ਕਿਹਾ ਕਿ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਨੌਜਵਾਨ ਪੀੜ੍ਹੀ ਦਾ ਸਾਹਿਤਕ ਖੇਤਰ ਵਿਚ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਹਿਤ ਸਾਡਾ ਇਕ ਅਨਮੋਲ ਖ਼ਜ਼ਾਨਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ਅਤੇ ਸਾਨੂੰ ਇਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਸਾਂਭਣ ਦੀ ਲੋੜ ਹੈ। ਉਹਨਾਂ ਕਿਹਾ ਅਭਿਰੂਪ ਮਾਨ ਵਲੋਂ ਲਿਖੀ ਗਈ ਕਹਾਣੀਆਂ ਦੀ ਕਿਤਾਬ ਵਿਚ ਉਸਨੇ ਹਰ ਪਹਿਲੂ ਨੂੰ ਛੂਹਿਆ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਆਪਣੇ ਅਮੀਰ ਵਿਰਸੇ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਲਈ ਇੱਕ ਸਾਹਿਤ ਹੀ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਸਦੀਆਂ ਤੱਕ ਆਪਣਾ ਵਿਰਸਾ ਸੰਭਾਲ ਕੇ ਰੱਖ ਸਕਦੇ ਹਾਂ। ਉਹਨਾਂ ਕਿਹਾ ਕਿ ਵਕਤ ਨਾਲ ਚਾਹੇ ਬਹੁਤ ਕੁਝ ਬਦਲ ਜਾਂਦਾ ਹੈ ਪਰ ਸਾਹਿਤ ਕਦੇ ਨਹੀਂ ਬਦਲਦਾ। ਉਹਨਾਂ ਕਿਹਾ ਕਿ ਅੱਜ ਜੇ ਅਸੀਂ ਪੁਰਾਣੇ ਇਤਿਹਾਸ ਬਾਰੇ ਜਾਣਦੇ ਹਾਂ ਤਾਂ ਉਹ ਸਿਰਫ ਸਾਹਿਤ ਕਰਕੇ ਹੀ ਹੈ। ਉਹਨਾਂ ਕਿਹਾ ਕਿ ਉਹ ਅਭਿਰੂਪ ਮਾਨ ਨੂੰ ਸਨਮਾਨਿਤ ਕਰਕੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ ਵੱਲੋਂ ਹੁਣ ਤੱਕ ਸੈਂਕੜੇ ਧੀਆਂ ਜਿਹਨਾਂ ਵਿਚ ਓਲੰਪੀਅਨ,ਅਫਸਰ,ਸਾਹਿਤ ਖੇਤਰ ਅਤੇ ਪੜਾਈ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਾਮਿਲ ਹਨ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸੁਸਾਇਟੀ ਵਲੋਂ 2013 ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਲੱਬ ਦੇ ਸਰਪ੍ਰਸਤ ਡੀਆਈਜੀ ਹਰਮਨਬੀਰ ਸਿੰਘ ਗਿੱਲ ਹਨ। ਉਹਨਾਂ ਕਿਹਾ ਕਿ ਸੁਸਾਇਟੀ ਦਾ ਮਕਸਦ ਆਪਣੀਆਂ ਹੋਣਹਾਰ ਧੀਆਂ ਨੂੰ ਸਨਮਾਨਿਤ ਕਰਕੇ ਹੋਰ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਧੀਆਂ ਉਪਰ ਸਮਾਜ ਨੂੰ ਹਮੇਸ਼ਾਂ ਮਾਣ ਹੁੰਦਾ ਹੈ।ਇਸ ਮੌਕੇ ਨੈਸ਼ਨਲ ਸਾਈਕਲਿਸਟ ਦਮਨਪ੍ਰੀਤ ਕੌਰ,ਡਾ.ਪਰਮਪ੍ਰੀਤ ਕੌਰ ਮਾਨ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਅਭਿਰੂਪ ਕੌਰ ਮਾਨ ਨੂੰ ਉਸ ਵਲੋਂ ਲਿਖੀ ਅੰਗਰੇਜ਼ੀ ਕਹਾਣੀਆਂ ਦੀ ਕਿਤਾਬ ਲਈ ਸਨਮਾਨਿਤ ਕਰਦੇ ਹੋਏ ‘ਮਾਨ ਦੀਆਂ ‘ਤੇ’ ਸਮਾਜ ਭਲਾਈ ਸੋਸਾਇਟੀ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.)ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)