Headlines

ਜਾਖੜ ਵਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

ਚੰਡੀਗੜ੍ਹ-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਖੜ ਨੂੰ ਅਜੇ ਸਾਲ ਕੁ ਪਹਿਲਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਜਾਖੜ ਦੇ ਅਸਤੀਫ਼ੇ ਨਾਲ ਭਾਜਪਾ ਪੰਚਾਇਤ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਵਿਹੂਣੀ ਹੋ ਗਈ ਹੈ। ਜਾਖੜ ਨੇੜਲੇ ਸੂਤਰਾਂ ਅਤੇ ਭਾਜਪਾ ਦੀ ਪੰਜਾਬ ਇਕਾਈ ਤੇ ਰਾਸ਼ਟਰੀ ਜਥੇਬੰਦੀ ਵਿਚਲੇ ਸੂਤਰਾਂ ਨੇ ਵੀ ਜਾਖੜ ਵੱਲੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ। ਜਾਖੜ ਪੰਚਾਇਤ ਚੋਣਾਂ ਬਾਰੇ ਰਣਨੀਤੀ ਘੜਨ ਤੇ ਵਿਚਾਰ ਚਰਚਾ ਲਈ ਸੱਦੀ ਪਾਰਟੀ ਦੀ ਅਹਿਮ ਬੈਠਕ ’ਚੋਂ ਵੀ ਅੱਜ ਗ਼ੈਰਹਾਜ਼ਰ ਰਹੇ। ਸੂਤਰਾਂ ਮੁਤਾਬਕ ਪੰਜਾਬ ਭਾਜਪਾ ਦੇ ਸੀਨੀਅਰ ਅਹੁਦੇਦਾਰ ਨੇ ਅੱਜ ਦੀ ਬੈਠਕ ਵਿਚ ਸ਼ਮੂਲੀਅਤ ਸਬੰਧੀ ਜਾਖੜ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਨਾ ਅੱਜ ਤੇ ਨਾ ਹੀ ਭਵਿੱਖ ਵਿਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵਜੋਂ ਕਿਸੇ ਮੀਟਿੰਗ ’ਚ ਸ਼ਾਮਲ ਹੋਣਗੇ।

ਜਾਖੜ ਨਾਲ ਜਦੋਂ ਇਸ ਬਾਰੇ ਸਿੱਧਾ ਰਾਬਤਾ ਕੀਤਾ ਤਾਂ ਉਨ੍ਹਾਂ ਆਪਣੇ ਅਸਤੀਫ਼ੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ  ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਸੂਤਰਾਂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਅਜੇ ਤੱਕ ਜਾਖੜ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਜੁਲਾਈ ਮਹੀਨੇ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸਣੇ ਪਾਰਟੀ ਹਾਈ ਕਮਾਨ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਸੂਬਾਈ ਪ੍ਰਧਾਨ ਵਜੋਂ ਅੱਗੇ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੇ ਹਨ। ਜਾਖੜ 10 ਜੁਲਾਈ ਤੋਂ ਪੰਜਾਬ ਭਾਜਪਾ ਦੀ ਕਿਸੇ ਵੀ ਬੈਠਕ ਵਿਚ ਸ਼ਾਮਲ ਨਹੀਂ ਹੋਏ। ਪੰਜਾਬ ਵਿਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ’ਚੋਂ ਵੀ ਉਹ ਗੈਰਹਾਜ਼ਰ ਹਨ। ਪਾਰਟੀ ਅੰਦਰਲੇ ਸੂਤਰਾਂ ਨੇ ਕਿਹਾ ਕਿ ਜਾਖੜ ਕੁਝ ਰਵਾਇਤੀ ਭਾਜਪਾ ਆਗੂਆਂ ਨਾਲ ਅਸਹਿਜ ਮਹਿਸੂਸ ਕਰ ਰਹੇ ਸਨ ਤੇ ਅਕਸਰ ਵਿਉਂਤਬੰਦੀ ਤੇ ਰਣਨੀਤੀ ਨੂੰ ਲੈ ਕੇ ਉਨ੍ਹਾਂ ਦੀ ਰਾਇ ਨਹੀਂ ਮਿਲਦੀ ਸੀ।

Leave a Reply

Your email address will not be published. Required fields are marked *