Headlines

ਕੈਲਗਰੀ ਪੁਲਿਸ ਵਲੋਂ ਫਿਰੌਤੀ ਲਈ ਧਮਕੀਆਂ ਦੇਣ ਵਾਲੇ ਦੋ ਨੌਜਵਾਨ ਗ੍ਰਿਫਤਾਰ

ਕੈਲਗਰੀ ( ਦੇ ਪ੍ਰ ਬਿ )- ਸਥਾਨਕ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ, ਲੁੱਟ ਖੋਹ ਤੇ ਨਾਜਾਇਜ ਹਥਿਆਰ ਰੱਖਣ ਦੇ ਦੋਸ਼ ਹੇਠ ਕੈਲਗਰੀ ਪੁਲਿਸ ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਇਹਨਾਂ ਦੋ ਨੌਜਵਾਨਾਂ ਦੀ ਕੁਝ ਸਥਾਨਕ ਲੋਕਾਂ ਨਾਲ ਬਹਿਸਬਾਜ਼ੀ ਉਪਰੰਤ ਪੁਲਿਸ ਵਲੋਂ ਘੇਰੇ ਜਾਣ ਅਤੇ ਜ਼ਮੀਨ ਤੇ ਲਿਟਕੇ ਸੁਰੈਂਡਰ ਕੀਤੇ ਜਾਣ ਦੀ ਵੀਡੀਓ ਦੀ ਸ਼ੋਸਲ ਮੀਡੀਆ ਉਪਰ ਭਾਰੀ ਚਰਚਾ ਹੈ।

ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਜਿਹਨਾਂ ਦੀ ਪਛਾਣ ਗੁਰਸੇਵਕ  ਸਿੰਘ ਰੰਧਾਵਾ ਤੇ ਸੁਖਪ੍ਰੀਤ ਸਿੰਘ  ਦੱਸੀ ਗਈਹੈ, ਸਥਾਨਕ ਕਾਰੋਬਾਰੀਆਂ ਨੂੰ ਗੁੰਮਨਾਮ ਫੋਨ ਕਾਲਾਂ ਰਾਹੀਂ ਫਿਰੌਤੀਆਂ ਲਈ ਧਮਕਾ ਰਹੇ ਸਨ। ਸੂਤਰਾਂ ਮੁਤਾਬਿਕ ਗੁਰਸੇਵਕ ਸਿੰਘ ਨਾਮ ਦਾ ਨੌਜਵਾਨ ਜੋ ਰੀਅਲ ਇਸਟੇਟ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ, ਵਲੋਂ ਇਕ ਸਥਾਨਕ ਇਮੀਗਰੇਸ਼ਨ ਸਲਾਹਕਾਰ ਨੂੰ ਫੋਨ ਕਰਕੇ ਤਿੰਨ ਲੱਖ ਡਾਲਰ ਦੇਣ ਦੀ ਮੰਗ ਕੀਤੀ ਗਈ ਸੀ। ਇਮੀਗ੍ਰੇਸ਼ਨ ਸਲਾਹਕਾਰ ਨੇ ਉਸਦੀ ਧਮਕੀ ਕਾਲ ਰਿਕਾਰਡ ਕਰਦਿਆਂ ਆਪਣੇ ਕੁਝ ਦੋਸਤਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਸਦੇ ਦੋਸਤ ਦਾਇਰੇ ਚੋਂ ਇਕ ਨੇ ਧਮਕੀ ਦੇਣ ਵਾਲੇ ਦੀ ਆਵਾਜ਼ ਪਹਿਚਾਣ ਲਈ। ਬੀਤੇ ਦਿਨ ਇਕ ਸਥਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਜਦੋਂ  ਕਥਿਤ ਧਮਕੀ ਦੇਣ  ਵਾਲੇ ਨੌਜਵਾਨ ਦਾ ਇਮੀਗ੍ਰੇਸ਼ਨ ਸਲਾਹਕਾਰ ਤੇ ਉਸਦੇ ਦੋਸਤਾਂ ਨਾਲ ਟਾਕਰਾ ਹੋਇਆ ਤਾਂ ਉਹਨਾਂ ਉਸਦੀ ਅਸਲੀਅਤ ਜੱਗ ਜ਼ਾਹਰ ਹੋਣ ਦੀ ਗੱਲ ਕੀਤੀ। ਕੁਝ ਟਾਲਮਟੋਲ ਉਪਰੰਤ ਘਿਰਿਆ ਮਹਿਸੂਸ ਕਰਦਿਆਂ ਉਸਨੇ ਆਪਣੀ ਜੇਬ ਚੋਂ ਰਿਵਾਲਵਰ ਕੱਢਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਕਾਲ ਕਰ ਦਿੱਤੀ। ਪੁਲਿਸ ਨੇ ਤੁਰੰਤ ਮੌਕੇ ਤੇ ਪੁਜਦਿਆਂ ਦੋ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵਲੋਂ ਦੋਵਾਂ ਨੌਜਵਾਨਾਂ ਖਿਲਾਫ ਧਮਕੀਆਂ ਦੇਣ ਤੇ ਨਾਜਾਇਜ਼ ਹਥਿਆਰ ਰੱਖਣ ਦੇ ਚਾਰਜ ਲਗਾਏ ਜਾਣ ਦੀ ਖਬਰ ਹੈ।