ਡਾਕਟਰਾਂ ਵਲੋਂ ਕੁਝ ਦਿਨ ਘਰ ਵਿਚ ਆਰਾਮ ਦੀ ਸਲਾਹ-
ਚੰਡੀਗੜ ( ਦੇ ਪ੍ਰ ਬਿ)- ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਨੇ ਹਾਲੇ ਕੁੱਝ ਦਿਨ ਉਨ੍ਹਾਂ ਨੂੰ ਘਰ ਵਿਚ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਇਸੇ ਦੌਰਾਨ ਕਾਂਗਰਸੀ ਆਗੂ ਪ੍ਰਗਟ ਸਿੰਘ ਵਲੋਂ ਹਸਪਤਾਲ ਵਿਚ ਜਾਕੇ ਮੁੱਖ ਮੰਤਰੀ ਦਾ ਹਾਲ ਪੁੱਛਣ ਉਪਰੰਤ ਕਈ ਹੋਰ ਆਪ ਆਗੂ ਵੀ ਮੁੱਖ ਮੰਤਰੀ ਦਾ ਹਾਲਚਾਲ ਪੁੱਛਣ ਗਏ। ਇਹਨਾਂ ਵਿਚ ਮੰਤਰੀ ਹਰਪਾਲ ਸਿੰਗ ਚੀਮਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਫੋਰਟਿਸ ਹਸਪਤਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ।
ਸਾਬਕਾ ਮੰਤਰੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹਨਾਂ ਨੂੰ ਲਿਵਰ ਦੀ ਸਮੱਸਿਆ ਕਾਰਣ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਦਾ ਹਸਪਤਾਲ ਜਾਕੇ ਪਤਾ ਲੈਣ ਤੇ ਜਾਣਿਆ ਕਿ ਉਹਨਾਂ ਦੀ ਸਿਹਤ ਵਿਚ ਕਾਫੀ ਸੁਧਾਰ ਹੈ। ਦੇਸ ਪ੍ਰਦੇਸ ਨਾਲ ਗੱਲ ਕਰਦਿਆਂ ਸ ਪਰਗਟ ਸਿੰਘ ਨੇ ਕਿਹਾ ਕਿ ਕਿਸੇ ਵੀ ਆਪਣੇ ਰਿਸ਼ਤੇਦਾਰ ਜਾਂ ਗਵਾਂਢੀ ਦੇ ਬੀਮਾਰ ਹੋਣ ਤੇ ਉਸਦੀ ਤੀਮਾਰਦਾਰੀ ਲਈ ਜਾਣਾ ਸਾਡੇ ਸਭਿਆਚਾਰ ਤੇ ਭਾਈਚਾਰਕ ਸਾਂਝ ਦਾ ਹਿੱਸਾ ਹੈ। ਉਹ ਤਾਂ ਫਿਰ ਵੀ ਸਾਡੇ ਸੂਬੇ ਦੇ ਮੁੱਖ ਮੰਤਰੀ ਹਨ। ਉਹਨਾਂ ਮੁੱਖ ਮੰਤਰੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।