–ਡਾਕਟਰ ਗੁਰਦੇਵ ਸਿੰਘ ਸਿੱਧੂ-
ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਸਿੱਖ ਗੁਰਧਾਮਾਂ ਦਾ ਪ੍ਰਬੰਧ ਦੁਰਾਚਾਰੀ ਪੁਜਾਰੀਆਂ ਅਤੇ ਮਹੰਤਾਂ ਦੇ ਹੱਥਾਂ ਵਿਚੋਂ ਖੋਹ ਕੇ ਸਿੱਖ ਪ੍ਰਤੀਨਿਧਾਂ ਦੇ ਹਵਾਲੇ ਕੀਤੇ ਜਾਣ ਦੀ ਗੱਲ ਜ਼ੋਰ ਨਾਲ ਚੱਲ ਰਹੀ ਸੀ।ਦਿਨੋ ਦਿਨ ਸਿੱਖ ਅਖਬਾਰਾਂ ਅਤੇ ਸੰਗਤ ਵੱਲੋਂ ਕੀਤੀ ਜਾ ਰਹੀ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਤਬਦੀਲੀ ਦੀ ਮੰਗ ਨੂੰ ਹੋਰ ਸਮੇਂ ਲਈ ਟਾਲਣ ਵਾਸਤੇ ਪੰਜਾਬ ਸਰਕਾਰ ਨੇ 13 ਮਾਰਚ 1920 ਨੂੰ ਪੰਜਾਬ ਕੌਂਸਲ ਵਿਚ ਇਹ ਐਲਾਨ ਕੀਤਾ, “ਸਵਰਨ ਮੰਦਰ, ਅੰਮ੍ਰਿਤਸਰ ਦੇ ਪ੍ਰਬੰਧ ਦਾ ਸਵਾਲ ਕੁੱਝ ਸਮੇਂ ਤੋਂ ਸਰਕਾਰ ਦੇ ਵਿਚਾਰ ਅਧੀਨ ਹੈ।ਫੈਸਲਾ ਕੀਤਾ ਗਿਆ ਹੈ ਕਿ ‘ਸੁਧਾਰ ਸਕੀਮ’ (ਮਾਂਟੇਗਿਊ-ਚੈਮਸਫੋਰਡ ਰੀਫਾਰਮਜ਼) ਨੂੰ ਅਮਲ ਵਿਚ ਲਿਆਏ ਜਾਣ ਤੱਕ ਇਸ ਨੂੰ ਨਾ ਛੇੜਿਆ ਜਾਵੇ।ਫਿਰ ਸਿੱਖ ਹਲਕਿਆਂ ਤੋਂ ਜੇਤੂ ਸਿੱਖ ਪ੍ਰਤੀਨਿਧੀਆਂ ਨਾਲ ਵਿਚਾਰਨ ਉਪਰੰਤ ਤਬਦੀਲੀ ਅਮਲ ਵਿਚ ਲਿਆਂਦੀ ਜਾਵੇਗੀ।….ਉਹਨਾਂ ਦੀ ਸਹਾਇਤਾ ਨਾਲ ਇਕ ਕਮੇਟੀ ਬਣਾ ਕੇ ਮੈਨੇਜਰ (ਸਰਬਰਾਹ) ਦੀ ਨਿਯੁਕਤੀ ਅਤੇ ਲੇਖੇ ਦੀ ਪੜਤਾਲ ਉਸ ਦੇ ਹਵਾਲੇ ਕਰ ਦਿੱਤੀ ਜਾਵੇਗੀ।ਕਮੇਟੀ ਬਣ ਜਾਣ ਉਪਰੰਤ ਸਰਕਾਰ ਦੀ ਇੱਛਾ ਭਵਿੱਖ ਵਿਚ ਪ੍ਰਬੰਧ ਤੋਂ ਉੱਕਾ ਹੀ ਵੱਖ ਹੋ ਜਾਣ ਦੀ ਹੈ।” ਪਰ ਅਸਲੀਅਤ ਵਿਚ ਇਹ ਸਰਕਾਰ ਦੀਆਂ ਕਹਿਣ ਦੀਆਂ ਗੱਲਾਂ ਸਨ ਤਾਂ ਜੋ ਸਿੱਖ ਅਜਿਹੇ ਐਲਾਨਾਂ ਨੂੰ ਦੇਖਦਿਆਂ ਖੁਦ ਕੋਈ ਕਾਰਵਾਈ ਕਰਨ ਬਾਰੇ ਭੰਬਲਭੂਸੇ ਵਿਚ ਪਏ ਰਹਿਣ।
ਕਈ ਵਾਰ ਮਨੁੱਖ ਦੇ ਜੀਵਨ ਵਾਂਗ ਕੌਮਾਂ ਦੇ ਜੀਵਨ ਵਿਚ ਵੀ ਅਜਿਹਾ ਵਾਪਰਦਾ ਹੈ ਜੋ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਅਤੇ ਅਚਾਨਕ ਵਾਪਰੀ ਅਜਿਹੀ ਘਟਨਾ ਕੌਮੀ ਇਤਿਹਾਸ ਨੂੰ ਕਿਸੇ ਅਣਕਿਆਸੀ ਨਵੀਂ ਦਿਸ਼ਾ ਵੱਲ ਮੋੜਾ ਦੇ ਦਿੰਦੀ ਹੈ।ਸਿੱਖ ਕੌਮ ਦੇ ਇਤਿਹਾਸ ਵਿਚ 12 ਅਕਤੂਬਰ 1920 ਨੂੰ ਵਾਪਰੀ ਘਟਨਾ ਵੀ ਇਸੇ ਚਰਿੱਤਰ ਦੀ ਧਾਰਨੀ ਹੋ ਨਿੱਬੜੀ ਜਿਸ ਦੇ ਫਲਸਰੂਪ ਅੰਗਰੇਜ਼ ਸਾਮਰਾਜ ਦੀ “ਸੱਜੀ ਬਾਂਹ” ਵਜੋਂ ਜਾਣੀ ਜਾਂਦੀ ਸਿੱਖ ਕੌਮ ਭਾਰਤੀ ਸੁਤੰਤਰਤਾ ਸੰਗਰਾਮ ਦਾ ਮੋਹਰੀ ਦਸਤਾ ਬਣ ਗਈ।ਇਹ ਘਟਨਾ ਸੀ ਈਸਾਈ ਅਤੇ ਹਿੰਦੂ ਧਰਮ ਪ੍ਰਚਾਰਕਾਂ ਵੱਲੋਂ “ਅਖੌਤੀ ਨੀਵੀਆਂ ਜਾਤੀਆਂ” ਦੇ ਸਿੱਖ ਅਨੁਯਾਈਆਂ ਨੂੰ ਆਪਣੇ ਧਰਮਾਂ ਵਿਚ ਸ਼ਾਮਲ ਕਰਨ ਲਈ ਲਾਈ ਹੋੜ ਦਾ ਮੁਕਾਬਲਾ ਕਰਨ ਲਈ ਸਰਗਰਮ ਜਥੇਬੰਦੀ “ਖਾਲਸਾ ਬਰਾਦਰੀ” ਵੱਲੋਂ ਮਿਤੀ 25, 26 ਅਤੇ 27 ਅੱਸੂ ਸੰਮਤ 1977 ਮੁਤਾਬਿਕ 10, 11 ਅਤੇ 12 ਅਕਤੂਬਰ 1920 ਨੂੰ ਜਲਿਆਂ ਵਾਲੇ ਬਾਗ ਵਿਚ ਰੱਖੇ ਦੀਵਾਨ ਦੀ ਸਮਾਪਤੀ ਸਮੇਂ ਅਖੌਤੀ ਨੀਵੀਂਆਂ ਜਾਤਾਂ ਵਿਚੋਂ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਦਾ ਸ੍ਰੀ ਦਰਬਾਰ ਸਾਹਿਬ ਜਾ ਕੇ ਕੜ੍ਹਾਹ ਪ੍ਰਸ਼ਾਦ ਭੇਟ ਕਰਨ ਜਾਣਾ।ਹੋਇਆ ਇਹ ਕਿ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਚੋਖੇ ਬਹਿਸ ਮੁਬਾਸੇ ਪਿੱਛੋਂ ਸੰਗਤੀ ਦਬਾਅ ਕਾਰਨ ਲਏ ਗੁਰਵਾਕ ਦੀ ਰੋਸ਼ਨੀ ਵਿਚ “ਅਖੌਤੀ ਨੀਵੀਂਆਂ ਜਾਤੀਆਂ” ਵਿਚੋਂ ਅੰਮ੍ਰਿਤ ਛਕ ਕੇ ਸਿੰਘ ਸਜੇ ਖਾਲਸੇ ਵੱਲੋਂ ਭੇਟ ਕੀਤੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕੀਤੀ ਅਤੇ ਉਹਨਾਂ ਲਈ ਅਰਦਾਸ ਵੀ ਕੀਤੀ ਪਰ ਇਸ ਘਟਨਾ ਕ੍ਰਮ ਬਾਰੇ ਜਾਣ ਕੇ ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਇਸ ਜਥੇ ਨੇ ਨਤਮਸਤਕ ਹੋਣਾ ਸੀ, ਦੇ ਪੁਜਾਰੀ ਪੱਤਰਾ ਵਾਚ ਗਏ।ਸ੍ਰੀ ਅਕਾਲ ਤਖਤ ਨੂੰ ਸੇਵਾਦਾਰਾਂ ਤੋਂ ਸੁੰਨਾ ਰੱਖਿਆ ਜਾਣਾ ਯੋਗ ਨਹੀਂ ਸੀ ਇਸ ਲਈ ਭਾਈ ਕਰਤਾਰ ਸਿੰਘ ਝੱਬਰ ਦੀ ਪਹਿਲਕਦਮੀ ਉੱਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਥਾਪ ਕੇ ਨਵੇਂ ਸੇਵਾਦਾਰ ਥਾਪੇ ਗਏ।ਉਪਰੰਤ ਖਾਲਸਾ ਬਰਾਦਰੀ ਦੇ ਪ੍ਰਬੰਧਕਾਂ ਨੇ ਕੜਾਹ ਪ੍ਰਸ਼ਾਦ ਆਪਣੇ ਹੱਥੀਂ ਵਰਤਾਇਆ।
ਅਗਲੀ ਕਾਰਵਾਈ ਸਮੂਹ ਸਿੱਖ ਗੁਰਧਾਮਾਂ ਦਾ ਪ੍ਰਬੰਧ ਦੁਰਾਚਾਰੀ ਪੁਜਾਰੀਆਂ ਦੇ ਹੱਥਾਂ ਵਿਚੋਂ ਖੋਹ ਕੇ ਸਿੱਖ ਪ੍ਰਤੀਨਿਧਾਂ ਦੇ ਹਵਾਲੇ ਕੀਤੀ ਜਾਣੀ ਸੀ।ਇਸ ਲਈ ਇਸ ਵਡੇਰੇ ਕਾਰਜ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਅਰੰਭੇ ਜਾਣ ਦਾ ਵਿਧੀ-ਵਿਧਾਨ ਬਣਾਉਣ ਲਈ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਸਲਾਹ ਦੇਣ ਵਾਸਤੇ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਵਿਭਿੰਨ ਸਿੱਖ ਸੰਸਥਾਵਾਂ ਦੇ ਨਿਰਧਾਰਿਤ ਧਾਰਮਕ ਆਚਰਣਨ ਕਸਵੱਟੀ ਉੱਤੇ ਪੂਰੇ ਉੱਤਰਦੇ ਪ੍ਰਤੀਨਿੱਧਾਂ ਨੂੰ 15 ਅਤੇ 16 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਆਣੋਜਿਤ ਕੀਤੇ ਜਾਣ ਵਾਲੇ ‘ਸਰਬੱਤ ਖਾਲਸਾ’ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ।ਪੰਜਾਬ ਭਰ ਵਿਚ 15 ਨਵੰਬਰ ਦੀ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਸਿੱਖ ਸੰਗਤ ਬੜੇ ਉਤਸ਼ਾਹ ਵਿਚ ਸੀ।ਪਰ ਜਿਉਂ ਜਿਉਂ 15 ਨਵੰਬਰ ਦਾ ਦਿਨ ਨੇੜੇ ਆਉਂਦਾ ਗਿਆ, ਪੰਜਾਬ ਸਰਕਾਰ ਅਤੇ ਸਰਕਾਰ ਪੱਖੀ ਸਿੱਖਾਂ ਦੀ ਚਿੰਤਾ ਵਧਦੀ ਗਈ।ਸਰਕਾਰ ਕਿਵੇਂ ਨਾ ਕਿਵੇਂ 15 ਨਵੰਬਰ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਲਈ ਕਮੇਟੀ ਗਠਿਤ ਕੀਤੇ ਜਾਣ ਨੂੰ ਟਾਲਣਾ ਚਾਹੁੰਦੀ ਸੀ।ਇਸ ਲਈ ਸਰਕਾਰ ਅਤੇ ਰਾਜ ਦਰਬਾਰ ਵਿਚ ਪਹੁੰਚ ਰੱਖਦੇ ਸਿੱਖ ਸਰਦਾਰਾਂ ਦੀ ਵਿਉਂਤਬੰਦੀ ਅਨੁਸਾਰ ਮਹਾਰਾਜਾ ਪਟਿਆਲਾ ਦੀ ਅਗਵਾਈ ਵਿਚ ਕਹਿੰਦੇ ਕਹਾਉਂਦੇ 16 ਸਿੱਖ ਸਰਦਾਰਾਂ ਨੇ ਇਕ ਡੈਪੂਟੇਸ਼ਨ ਦੇ ਰੂਪ ਵਿਚ 13 ਨਵੰਬਰ ਨੂੰ ਲੈਫਟੀਨੈਂਟ ਗਵਰਨਰ ਦੇ ਪੇਸ਼ ਹੋ ਕੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਕਮੇਟੀ ਗਠਿਤ ਕਰਨ ਵਾਸਤੇ 36 ਮੈਂਬਰਾਂ ਦੀ ਇਕ ਸੂਚੀ ਪੇਸ਼ ਕੀਤੀ।ਭਾਵੇਂ ਇਸ ਕਮੇਟੀ ਨੂੰ ਸੰਤੁਲਤ ਕਮੇਟੀ ਦੀ ਰੰਗਤ ਦੇਣ ਅਤੇ ਸਿੱਖ ਜਗਤ ਵਿਚ ਹੋ ਸਕਦੇ ਸੰਭਾਵੀ ਵਿਰੋਧ ਨੂੰ ਟਾਲਣ ਵਾਸਤੇ ਇਸ ਵਿਚ ਕੁੱਝ ਸਰਗਰਮ ਸਿੱਖ ਆਗੂਆਂ ਦੇ ਨਾਉਂ ਸ਼ਾਮਲ ਸਨ ਪਰ ਬਹੁਗਿਣਤੀ ਮੈਂਬਰ ਸਰਕਾਰ ਪ੍ਰਸਤਾਂ ਵਿਚੋਂ ਹੀ ਸਨ।ਗੱਲ ਗਿਣੀ ਮਿਥੀ ਹੋਣ ਕਾਰਨ ਲੈਫਟੀਨੈਂਟ ਗਵਰਨਰ ਨੇ ਹਾਂ ਕਰਨ ਵਿਚ ਦੇਰ ਨਾ ਲਾਈ।
ਪਹਿਲੇ ਦਿਨ ਦੀ ਕਾਰਵਾਈ: ਟਿੰਡ ਵਿਚ ਕਾਨਾ
15 ਨਵੰਬਰ ਨੂੰ ਵੱਡੀ ਗਿਣਤੀ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਤਰ ਹੋ ਗਿਆ।ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁੁਲ੍ਹੀ ਥਾਂ ਅਤੇ ਆਲੇ ਦੁਆਲੇ ਦੇ ਬੁੰਗੇ ਸੰਗਤ ਨਾਲ ਭਰ ਗਏ।ਹੁਕਮਨਾਮੇ ਵਿਚ ਨਿਰਧਾਰਿਤ ਫਾਰਮੂਲੇ ਦੀ ਲੋਅ ਵਿਚ ਚੁਣੇ ਹੋਏ ਪ੍ਰਤੀਨਿੱਧ ਹਾਜ਼ਰ ਸਨ।ਸਮਾਗਮ ਦੀ ਕਾਰਵਾਈ ਚਲਾਉਣ ਵਾਸਤੇ ਪ੍ਰਿੰਸੀਪਲ ਭਾਈ ਤੇਜਾ ਸਿੰਘ ਅਕਾਲ ਕਾਲਜ ਮਸਤੂਆਣਾ ਨੂੰ ਪ੍ਰਧਾਨ ਥਾਪਿਆ ਗਿਆ।ਤਦ ਉਪਰੰਤ ਮਾਸਟਰ ਚੰਦਾ ਸਿੰਘ ਨੇ ਇਹ ਗੁਰਮਤਾ ਪੇਸ਼ ਕੀਤਾ, “ਗੁਰਦੁਆਰਿਆਂ ਦੇ ਪ੍ਰਬੰਧ ਲਈ ਜ਼ਿਲੇ ਤੇ ਇਲਾਕੇ ਵਾਰ ਚੋਣਵੇਂ ਸਿੱਖਾਂ ਦੀ ਅਜ ਇਕ ਕਮੇਟੀ ਬਣਾਈ ਜਾਵੇ ਜੋ ਦਰਬਾਰ ਸਾਹਿਬ ਤੇ ਹੋਰ ਸਭ ਗੁਰ ਅਸਥਾਨਾਂ ਦਾ ਪ੍ਰਬੰਧ ਕਰੇ।” ਸਰਕਾਰ ਪੱਖੀ ਸਿੱਖ ਆਗੂ ਸ. ਸ਼ਿਵਦੇਵ ਸਿੰਘ ਰਈਸ ਸਿਆਲਕੋਟ, ਜੋ ਲੈਫਟੀਨੈਂਟ ਗਵਰਨਰ ਨੂੰ ਮਿਲਣ ਗਏ ਡੈਪੂਟੇਸ਼ਨ ਵਿਚ ਵੀ ਸ਼ਾਮਲ ਸੀ, ਨੇ ਬਦਲਵਾਂ ਮਤਾ ਪੇਸ਼ ਕੀਤਾ ਕਿ “ਜੋ ਕਮੇਟੀ 36 ਸਿੰਘਾਂ ਦੀ ਲਾਟ ਸਾਹਿਬ ਨਾਲ ਮਿਲ ਕੇ ਮਹਾਰਾਜਾ ਪਟਿਆਲਾ ਅਤੇ ਹੋਰ ਸੱਜਨਾਂ ਨੇ ਬਣਾਈ ਹੈ, ਓਹ ਹੀ ਰਹੇ, ਨਵੀਂ ਕਮੇਟੀ ਨਾ ਬਣਾਈ ਜਾਵੇ।” ਮਤੇ ਦੋ ਹੋ ਗਏ ਅਤੇ ਬੁਲਾਰੇ ਆਪੋ ਆਪਣੇ ਮਤੇ ਦੇ ਪੱਖ ਵਿਚ ਬੋਲਣ ਲੱਗੇ।ਅੰਤ ਪੂਰੇ ਦਿਨ ਦੀ ਕਾਰਵਾਈ ਭੇਟ ਚੜ੍ਹਨ ਪਿੱਛੋਂ ਲੈਫਟੀਨੈਂਟ ਗਵਰਨਰ ਵੱਲੋਂ ਐਲਾਨੀ ਕਮੇਟੀ ਦੇ ਮੈਂਬਰਾਂ ਨੂੰ ਨਵੀਂ ਬਣਨ ਵਾਲੀ ਵੱਡੀ ਕਮੇਟੀ ਵਿਚ ਸ਼ਾਮਲ ਕਰਨ ਦਾ ਫੈਸਲਾ ਹੋਣ ਨਾਲ ਦਿਨ ਦੀ ਕਰਵਈ ਸਮਾਪਤ ਹੋਈ।
ਦੂਜੇ ਦਿਨ ਦੀ ਕਾਰਵਾਈ: ‘ਖਿਮਾਂ-ਦਾਨ’ ਨੇ ਪਲਟੀ ਬਾਜ਼ੀ
16 ਨਵੰਬਰ ਨੂੰ ਦੁਪਹਿਰ ਸਮੇਂ ਸਰਬੱਤ ਖਾਲਸਾ ਇਕੱਤਰਤਾ ਪ੍ਰਿੰਸੀਪਲ ਭਾਈ ਤੇਜਾ ਸਿੰਘ ਅਕਾਲ ਕਾਲਜ ਮਸਤੂਆਣਾ ਦੀ ਪ੍ਰਧਾਨਗੀ ਹੇਠ ਮੁੜ ਸ਼ੁਰੂ ਹੋਈ।ਸੰਗਤ ਸ੍ਰੀ ਅਕਾਲ ਬੁੰਗੇ ਦੇ ਸਾਹਮਣੇ ਸਜੀ ਹੋਈ ਸੀ।ਬਾਵਾ ਹਰਕਿਸ਼ਨ ਸਿੰਘ ਨੇ ਵਿਭਿੰਨ ਇਲਾਕਾ ਵਾਰ ਪ੍ਰਤੀਨਿੱਧਾਂ ਲਈ ਪਹਿਲਾਂ ਦੱਸੀ ਗਈ ਗਿਣਤੀ ਅਨੁਸਾਰ ਜਿੰਨੇ ਕੁ ਨੁਮਾਇੰਦੇ ਚੁਣੇ ਗਏ ਸਨ ਉਹਨਾਂ ਦੀ ਸੂਚੀ ਪੜ੍ਹੀ ਅਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਉੱਤੇ ਆਉਣ ਦੀ ਬੇਨਤੀ ਕੀਤੀ ਜਿੱਥੇ ਜਥੇਦਾਰ ਤੇਜਾ ਸਿੰਘ ਭੁੱਚਰ ਜਥੇਦਾਰ ਅਕਾਲ ਤਖਤ ਸਾਹਿਬ, ਪ੍ਰਿੰਸੀਪਲ ਤੇਜਾ ਸਿੰਘ ਮਸਤੂਆਣਾ, ਮਾਸਟਰ ਮੋਤਾ ਸਿੰਘ, ਸ. ਬਲਵੰਤ ਸਿੰਘ ਕੁੱਲਾ ਅਤੇ ਭਾਈ ਬਖਸ਼ੀਸ ਸਿੰਘ, ਕੇਸਗੜ੍ਹ ਉੱਤੇ ਆਧਾਰਿਤ ਪੰਜ ਪਿਆਰਿਆਂ ਦੀ ਪੜਤਾਲੀਆ ਕਮੇਟੀ ਨੇ ਚੁਣੇ ਗਏ ਮੈਂਬਰਾਂ ਵੱਲੋਂ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਹੁਕਮਨਾਮੇ ਵਿਚ ਦੱਸੇ ਨਿਯਮਾਂ ਦੀ ਪੂਰਤੀ ਕਰਨ ਦੀ ਪੜਤਾਲ ਕਰਕੇ ਕਿਸੇ ਮੈਂਬਰ ਵਿਚ ਊਣਤਾਈ ਵੇਖ ਕੇ ਉਸ ਨੂੰ ਤਨਖਾਹ ਲਾਉਣੀ ਸੀ।ਉਪਰੰਤ ਮੈਂਬਰ ਨੇ ਸੰਗਤ ਪਾਸੋਂ ਭੁੱਲ ਬਖਸ਼ਾਉਣੀ ਸੀ।ਅਜਿਹਾ ਨਾ ਕਰਨ ਵਾਲੇ ਵਿਅਕਤੀ ਨੂੰ ਮੈਂਬਰੀ ਦੇ ਅਯੋਗ ਮੰਨਿਆ ਜਾਣਾ ਸੀ।ਇਸ ਪਿੱਛੋਂ ਕਮੇਟੀ ਲਈ ਚੁਣੇ ਗਏ ਮੈਂਬਰਾਂ ਦੀ ਸੁਧਾਈ ਦਾ ਕਾਰਜ ਸ਼ੁਰੂ ਹੋਇਆ।
ਇਹ ਸਾਰੀ ਕਾਰਵਾਈ ਮੁਕੰਮਲ ਹੋਣ ਉਪਰੰਤ ਸਾਰੇ ਸਿੱਖ-ਪ੍ਰਤੀਨਿੱਧ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਠੀ ਹੋਈ ਸਿੱਖ ਸੰਗਤ ਦੇ ਸਨਮੁੱਖ ਪੇਸ਼ ਹੋਏ।ਕਾਲੀ ਪੁਸ਼ਾਕ ਪਹਿਨੀ ਅਤੇ ਮੋਢਿਆਂ ਉੱਤੇ ਸ੍ਰੀ ਸਾਹਿਬ ਟਿਕਾਈ ਪੰਜ ਪਿਆਰੇ ਜਦੋਂ ਸ਼ਬਦ ਪੜ੍ਹਦੇ ਹੋਏ ਸਿੱਖ ਪ੍ਰਤੀਨਿੱਧਾਂ ਨੂੰ ਲੈ ਕੇ ਸਿੱਖ ਸੰਗਤ ਦੇ ਸਾਹਮਣੇ ਆਏ ਤਾਂ ਇਹ ਇਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਅਦਭੁੱਤ ਨਜ਼ਾਰਾ ਸੀ।ਸੰਗਤ ਦੇ ਸਾਹਮਣੇ ਖੜ੍ਹੇ ਹੋ ਕੇ ਬਾਵਾ ਹਰਕਿਸ਼ਨ ਸਿੰਘ ਨੇ ਇਕੱਲੇ ਇਕੱਲੇ ਸਿੱਖ ਪ੍ਰਤੀਨਿੱਧ ਦਾ ਨਾਂ ਲੈ ਕੇ ਉਸ ਵਿਚ ਪਾਈਆਂ ਗਈਆਂ ਕਮਜ਼ੋਰੀਆਂ ਅਤੇ ਉਹਨਾਂ ਦੇ ਨਿਵਾਰਣ ਵਾਸਤੇ ਲਾਈ ਗਈ ਤਨਖਾਹ ਦਾ ਵੇਰਵਾ ਪੇਸ਼ ਕੀਤਾ ਜਿਸ ਨੂੰ ਸੰਗਤ ਨੇ ਸਾਹ ਰੋਕ ਕੇ ਸੁਣਿਆ।ਜਦ ਇਹ ਕਾਰਵਾਈ ਚੱਲ ਰਹੀ ਸੀ ਤਾਂ ਸ. ਸੋਹਨ ਸਿੰਘ ਜੋਸ਼ ਅਨੁਸਾਰ “ਸਾਰਿਆਂ ਦੀਆਂ ਅੱਖਾਂ ਮੁੜ ਮੁੜ ਸ. ਸੁੰਦਰ ਸਿੰਘ ਮਜੀਠੀਏ ਵੱਲ ਉਠਦੀਆਂ ਸਨ।ਲੋਕ ਜਾਨਣਾ ਚਾਹੁੰਦੇ ਸਨ ਕਿ ਮਜੀਠੀਏ ਨੂੰ ਪਿਛਲੇ ਗੁਨਾਹਾਂ ਦੀ ਕੀ ਸਜ਼ਾ ਦਿੱਤੀ ਗਈ ਹੈ? ਕਿਉਂ ਕਿ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਪੁੱਜ ਕੇ ਜੀ ਹਜ਼ੂਰੀਆ, ਢਿੱਲੜ ਅਤੇ ਸੁਆਰਥੀ ਸੀ ਅਤੇ ਸਿੱਖਾਂ ਵਿਚ ਗਦਰੀ ਇਨਕਲਾਬੀਆਂ ਦੇ ਖਿਲਾਫ ਅਸਿੱਖ ਹੋਣ ਦੇ ਫਤਵੇ ਦੇਣ ਕਰਕੇ ਬੜਾ ਬਦਨਾਮ ਹੋ ਚੁੱਕਾ ਸੀ।” ਬਾਵਾ ਹਰਕਿਸ਼ਨ ਸਿੰਘ ਨੇ ਸ. ਸੁੰਦਰ ਸਿੰਘ ਨੂੰ ਸਿੱਖ ਸੰਗਤ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਉਸ ਬਾਰੇ ਵਿਸਥਾਰ ਨਾਲ ਦੱਸਿਆ।ਉਪਰੰਤ ਸ. ਸੁੰਦਰ ਸਿੰਘ ਨੇ ਸੰਗਤ ਦੇ ਸਾਹਮਣੇ ਭਟ ਕੀਰਤਿ ਦਾ ਸਵਈਆ “ਹਮ ਅਵਗੁਣ ਭਰੇ ਏਕੁ ਗੁਣੁ ਨਾਹੀਂ” ਪੜ੍ਹਿਆ ਅਤੇ ਫਿਰ ਜੋ ਕਿਹਾ ਉਹ ਗਿਆਨੀ ਪ੍ਰਤਾਪ ਸਿੰਘ, ਸਾਬਕਾ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ, ਦੇ ਸ਼ਬਦਾਂ ਵਿਚ “ਮੈਂ ਹੁਣ ਤੀਕ ਜੋ ਕੁੱਝ ਕੀਤਾ ਹੈ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਪੰਥ ਦੇ ਭਲੇ ਲਈ ਆਪਣੀ ਯੋਗਤਾ ਅਨੁਸਾਰ ਕੀਤਾ ਹੈ।ਮੈਂ ਕੋਈ ਗੱਲ ਨਿੱਜੀ ਸਵਾਰਥ ਲਈ ਨਹੀਂ ਕੀਤੀ।ਜੇ ਮੈਂ ਕੋਈ ਭੁੱਲ ਕੀਤੀ ਹੈ ਤਾਂ ਪੰਥ ਬਖਸ਼ਣਹਾਰ ਹੈ।” ਸ. ਸੁੰਦਰ ਸਿੰਘ ਵੱਲੋਂ ਨਿਮਰਤਾ ਸਹਿਤ ਕੀਤੀ ਅਰਜ਼ੋਈ ਸੁਣ ਕੇ ਸੰਗਤ ਦੇ ਨੇਤਰਾਂ ਵਿਚ ਅੱਥਰੂ ਆ ਗਏ, ਫਲਸਰੂਪ ਸਰਕਾਰ ਵੱਲੋਂ ਕਮੇਟੀ ਵਾਸਤੇ ਨਾਮਜ਼ਦ ਕੀਤੇ ਗਏ ਜਿਸ ਵਿਅਕਤੀ ਨੂੰ ਸੰਗਤ ਮੈਂਬਰ ਮੰਨਣ ਵਾਸਤੇ ਤਿਆਰ ਨਹੀਂ ਸੀ, ਉਸ ਵੱਲੋਂ ਭੁੱਲਾਂ ਬਖਸ਼ੌਣ ਦੀ ਕਾਰਵਾਈ ਪਿੱਛੋਂ ਇੰਨੀ ਦਰਿਆ-ਦਿਲੀ ਵਿਖਾਈ ਕਿ ਉਸ ਦੀ ਮੈਂਬਰੀ ਨੂੰ ਹੀ ਪ੍ਰਵਾਨਗੀ ਨਾ ਦਿੱਤੀ ਸੱਗੋਂ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਚੁਣ ਲਿਆ।
*******
ਜਾਪਦਾ ਹੈ, 16 ਨਵੰਬਰ 1920 ਨੂੰ ਸਿੱਖ ਸੰਗਤ ਵੱਲੋਂ ਵਿਖਾਈ ਭੁੱਲ ਬਖਸ਼ ਦੇਣ ਦੀ ਦਰਿਆ ਦਿਲੀ ਉੱਤੇ ਭਰੋਸਾ ਕਰਦਿਆਂ ਹੁਣ ਤੱਕ ਪੰਥਕ ਆਗੂ ਭੁੱਲਾਂ ਕਰਨ ਤੋਂ ਨਾ ਝਿਜਕਦੇ ਹਨ, ਨਾ ਸ਼ਰਮ ਮੰਨਦੇ ਹਨ ਕਿਉਂ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਜਦ ਉਹ ਗੁਰੂ ਦੀ ਹਜ਼ੂਰੀ ਵਿਚ ਗਲ ਵਿਚ ਪੱਲੂ ਪਾ ਅਤੇ ਨਿਮਾਣੇ ਬਣ ਕੇ ਬਖਸ਼ਣਹਾਰ ਪੰਥ ਅੱਗੇ “ਜਾਣੇ ਜਾਂ ਅਣਜਾਣੇ” ਕੀਤੀਆਂ ਭੁੱਲਾਂ ਬਖਸ਼ ਦੇਣ ਦੀ ਜੋਦੜੀ ਕਰਨਗੇ ਤਾਂ ਪੰਥ ‘ਖਿਮਾ ਦਾਨ’ ਦੇਣ ਵਿਚ ਇਕ ਪਲ ਨਹੀਂ ਲਾਏਗਾ।
*****
ਸਿੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਮਾਸਟਰ ਤਾਰਾ ਸਿੰਘ ਦੀ ਖਰੀ ਸਲਾਹ:
ਮੈਨੂੰ ਅਕਾਲੀ ਲਹਿਰ ਵਿਚ ਇਹ ਤਜਰਬਾ ਹੋਇਆ ਹੈ ਕਿ ਸਭ ਤੋਂ ਵੱਧ ਖਤਰਨਾਕ ਗੈਰ-ਜ਼ਿੰਮੇਵਾਰ ਆਗੂ ਹੁੰਦਾ ਹੈ।…..ਗੈਰ ਜ਼ਿੰਮੇਵਾਰ ਆਗੂ ਬਹੁਤ ਨੁਕਸਾਨ ਕਰਦਾ ਹੈ ਤੇ ਜਦ ਉਹ ਨੁਕਸਾਨ ਵੱਲ ਟੁਰ ਪਵੇ ਤਾਂ ਜਿਤਨੇ ਗੁਣ ਉਸ ਵਿਚ ਵੱਧ ਹੁੰਦੇ ਹਨ ਉਤਨਾ ਹੀ ਵੱਧ ਉਹ ਨੁਕਸਾਨ ਕਰਦਾ ਹੈ।…. ਪਬਲਿਕ ਕੰਮਾਂ ਤੇ ਐਜੀਟੇਸ਼ਨਾਂ ਵਿਚ ਗਲਤੀਆਂ ਭੀ ਹੋਇਆ ਕਰਦੀਆਂ ਹਨ ਪਰ ਜ਼ਿੰਮੇਵਾਰ ਲੋਕੀਂ ਇਕ ਦੂਜੇ ਦੀ ਮਦਦ ਲੈ ਕੇ ਤੇ ਇਕ ਦੂਜੇ ਨੂੰ ਮਦਦ ਦੇ ਕੇ ਗਲਤੀ ਵਿਚੋਂ ਨਿਕਲ ਜਾਂਦੇ ਹਨ।ਗੈਰ ਜ਼ਿੰਮੇਵਾਰ ਇਕ ਦੂਜੇ ਦੇ ਸਿਰ ਭਾਂਡਾ ਭੰਨ ਕੇ ਫੁਟ ਪਾ ਲੈਂਦੇ ਹਨ।
ਕਈ ਸੱਜਣਾਂ ਵਿਚ ਇਹ ਖਿਆਲ ਹੈ ਕਿ ਆਪਣੀ ਚੌਧਰ ਕਾਇਮ ਕਰਨ ਲਈ ਕੋਈ ਔਹਦਾ ਲੈਣਾ ਚਾਹੀਦਾ ਹੈ।ਅਜੇਹੇ ਸੱਜਣ ਔਹੁਦਾ ਲੈ ਕੇ ਉਸ ਨਾਲ ਅਜੇਹੇ ਚਿਮਟਦੇ ਹਨ ਕਿ ਸਾਬਤ ਤਾਂ ਫਿਰ ਲਹਿੰਦੇ ਹੀ ਨਹੀਂ ਹਨ।ਲੋਕੀ ਉਹਨਾਂ ਨੂੰ ਟੋਟੇ ਟੋਟੇ ਕਰ ਕੇ ਖਰੋਚ ਕੇ ਲਾਹੁੰਦੇ ਹਨ।…. ਇਹ ਗੱਲ ਭੀ ਪੱਕੀ ਸਮਝੋ ਕਿ ਜੋ ਕਿਸੇ ਔਹੁਦੇ ਨੂੰ ਚਿਮਟ ਜਾਂਦਾ ਹੈ ਉਹ ਜ਼ਰੂਰ ਅਯੋਗ ਹੈ ਤੇ ਬਦਨਾਮ ਹੋ ਕੇ ਗਲੋਂ ਲਹੇਗਾ।ਕਈ ਵੇਰਾਂ ਅਜੇਹੇ ਸੱਜਣ ਅੱਗੇ ਆ ਜਾਂਦੇ ਹਨ ਜਿਨ੍ਹਾਂ ਵਿਚ ਗੁਣ ਭੀ ਹੁੰਦੇ ਹਨ ਤੇ ਔਗੁਣ ਭੀ।ਉਨ੍ਹਾਂ ਗੁਣਾਂ ਦੀ ਲੋੜ ਸਮੇਂ ਉਹ ਅੱਗੇ ਆਉਂਦੇ ਹਨ ਜਦ ਦੂਜੀ ਤਰ੍ਹਾਂ ਦੇ ਗੁਣਾਂ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਵਿਚ ਘਾਟਾ ਸਿੱਧ ਹੁੰਦਾ ਹੈ।ਫਿਰ ਉਹ ਔਹੁਦੇ ਨੂੰ ਜੱਫਾ ਪਾਂਦੇ ਹਨ ਜਿਸ ਕਰਕੇ ਆਪ ਖਰਾਬ ਹੁੰਦੇ ਹਨ ਤੇ ਪੰਥ ਨੂੰ ਖਰਾਬ ਕਰਦੇ ਹਨ।ਯੋਗ ਆਦਮੀ ਦੀ ਯੋਗਤਾ ਨਹੀਂ ਘਟੇਗੀ ਜੇ ਉਹ ਔਹੁਦਾ ਛੱਡ ਦੇਵੇ, ਤੇ ਅਯੋਗ ਆਦਮੀ ਦੀ ਅਯੋਗਤਾ ਵਧੇਰੇ ਨੰਗੀ ਹੋਵੇਗੀ ਜੇ ਉਹ ਔਹੁਦੇ ਨੂੰ ਜੱਫਾ ਮਾਰੇ। ।(ਮਾਸਟਰ ਤਾਰਾ ਸਿੰਘ “ਮੇਰੀ ਯਾਦ” ਵਿਚੋਂ )
— ਚੋਣਕਾਰ: ਡਾ. ਗੁਰਦੇਵ ਸਿੰਘ ਸਿੱਧੂ
*ਸੰਪਰਕ: 9417049417