ਬੀ ਸੀ ਐਨ ਡੀ ਪੀ ਵਲੋਂ ਸਰੀ ਵਿਚ ਵਿਸ਼ਾਲ ਚੋਣ ਰੈਲੀ-
ਸਰੀ ( ਦੇ ਪ੍ਰ ਬਿ)-ਬੀਤੇ ਦਿਨ ਬੀ ਸੀ ਐਨ ਡੀ ਪੀ ਵਲੋਂ ਸਰੀ, ਸਾਉਥ ਸਰੀ ਤੇ ਰਿਚਮੰਡ ਨਾਲ ਸਬੰਧਿਤ ਐਨ ਡੀ ਪੀ ਦੇ ਉਮੀਦਵਾਰਾਂ, ਉਹਨਾਂ ਦੇ ਸਮਰਥਕਾਂ ਵਲੋਂ ਐਨ ਡੀ ਪੀ ਆਗੂ ਤੇ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਵਿਚ ਆਰੀਆ ਬੈਂਕੁਇਟ ਹਾਲ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ। ਸਮਰਥਕਾਂ ਦੀ ਭੀੜ ਦੇ ਜੋਸ਼ੀਲੇ ਨਾਅਰਿਆਂ ਦੇ ਦਰਮਿਆਨ ਡੇਵਿਡ ਈਬੀ ਨੇ ਐਲਾਨ ਕੀਤਾ ਕਿ ਉਹ ਬੀ ਸੀ ਦੇ ਆਮ ਪਰਿਵਾਰ ਲਈ ਟੈਕਸ ਕਟੌਤੀ ਵਿੱਚ $1,000 ਹਰ ਸਾਲ , ਅਗਲੇ ਸਾਲ ਤੋਂ ਪ੍ਰਦਾਨ ਕਰਨਗੇ। ਇਸ ਯੋਜਨਾ ਦੇ ਤਹਿਤ, ਬ੍ਰਿਟਿਸ਼ ਕੋਲੰਬੀਆ ਦੇ 90% ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ।
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਲਈ ਅਸਲ ਮੁਸ਼ਕਲ ਅਤਿ ਦੀ ਮਹਿੰਗਾਈ ਅਤੇ ਵਿਆਜ ਦਰਾਂ ਵਿਚ ਵਾਧੇ ਕਾਰਣ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੀਆਂ ਲਾਗਤਾਂ ਵਿਚ ਵਾਧਾ ਹੈ, ਲੋਕਾਂ ਨੂੰ ਹੁਣ ਮਦਦ ਦੀ ਲੋੜ ਹੈ ਤਾਂ ਜੋ ਉਹ ਅੱਗੇ ਵਧ ਸਕਣ। ਜਦੋਂਕਿ ਬੀ ਸੀ ਕੰਸਰਵੇਟਵਿ ਆਗੂ ਜੌਨ ਰਸਟੈਡ ਆਮ ਲੋਕਾਂ ਨੂੰ ਕੋਈ ਵੀ ਸਹਾਇਤਾ ਪ੍ਰਾਪਤ ਕਰਨ ਲਈ 18 ਮਹੀਨੇ ਇੰਤਜ਼ਾਰ ਕਰਨ ਦਾ ਲਾਰਾ ਲਗਾ ਰਿਹਾ ਹੈ । ਉਹਨਾਂ ਕਿਹਾ ਅਸੀ ਹੁਣ ਤੋਂ ਹੀ ਟੈਕਸ ਕਟੌਤੀ ਦਾ ਲਾਭ ਦਿਆਂਗੇ।
ਡੇਵਿਡ ਈਬੀ ਦੀ ਯੋਜਨਾ ਹਰ ਸਾਲ ਵਿਅਕਤੀਗਤ ਆਮਦਨ ਦੇ ਵਾਧੂ $10,000 ਨੂੰ ਟੈਕਸ ਤੋਂ ਬਚਾਏਗੀ। ਇਹ ਯੋਜਨਾ ਪਰਿਵਾਰਾਂ ਲਈ $1,000 ਤੋਂ ਵੱਧ ਅਤੇ ਵਿਅਕਤੀਗਤ ਬੀਸੀ ਵਾਸੀਆਂ ਲਈ $500 ਤੋਂ ਵੱਧ ਦੀ ਟੈਕਸ ਕਟੌਤੀ ਦੇਵੇਗੀ। 2025 ਵਿੱਚ, ਈਬੀ ਦੇ ਮਿਡਲ ਕਲਾਸ ਟੈਕਸ ਕਟੌਤੀ ਲੋਕਾਂ ਨੂੰ ਇੱਕ ਸਿੱਧੀ ਰੀਬੇਟ ਰਾਹੀਂ ਮਿਲੇਗੀ, ਤਾਂ ਕਿ ਲੋਕਾਂ ਨੂੰ ਹੁਣ ਚਾਹੀਦੀ ਮਦਦ ਲਈ ਇੰਤਜ਼ਾਰ ਨਾਂ ਕਰਨਾ ਪਵੇ।
ਰਸਟੈਡ ਦੀ ਸਕੀਮ ਦੇ ਤਹਿਤ, ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਗਲੇ ਸਾਲ ਕੋਈ ਭੀ ਰਾਹਤ ਨਹੀਂ ਮਿਲੇਗੀ ਅਤੇ ਉਨ੍ਹਾਂ ਨੂੰ 2029 ਤੱਕ ਸ਼ਾਇਦ ਮਿਲਣ ਵਾਲੇ ਲਾਭ ਲਈ ਇੰਤਜ਼ਾਰ ਕਰਨਾ ਪਵੇਗਾ। ਇਸ ਉਲਝੀ ਹੋਈ ਪ੍ਰਣਾਲੀ ਦੇ ਤਹਿਤ ਲਾਭ ਘੱਟ ਲੋਕਾਂ ਨੂੰ ਮਿਲਣਗੇ ਅਤੇ ਲੋਕ ਕਿਸੇ ਵੀ ਰਾਹਤ ਲਈ ਲਗਭਗ ਦੋ ਸਾਲ ਇੰਤਜ਼ਾਰ ਕਰਨਗੇ।
ਜਦੋਂ ਜੌਨ ਰਸਟੈਡ ਸਰਕਾਰ ਵਿੱਚ ਸੀ, ਉਸਨੇ ਲੋਕਾਂ ਨੂੰ ਉੱਚੀਆਂ ਫੀਸਾਂ ਅਤੇ ਕਿਰਾਏ ਵਿੱਚ ਕੀਮਤ ਅਦਾ ਕਰਨ ਲਈ ਮਜਬੂਰ ਕੀਤਾ। ਸਰੀ ਦੇ ਲੋਕਾਂ ਨੂੰ PORT MANN ਪੁਲ ਤੇ ਆਉਣ-ਜਾਣ ਲਈ ਹਰ ਸਾਲ $10,000 ਤੋਂ ਵੱਧ ਟੋਲ ਅਦਾ ਕਰਨ ਲਈ ਮਜਬੂਰ ਕੀਤਾ ਗਿਆ।
ਈਬੀ ਨੇ ਕਿਹਾ ਕਿ ਜੋਨ ਰਸਟੈਡ ਦਾ 20 ਸਾਲਾਂ ਦਾ ਰਿਕਾਰਡ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਨ੍ਹਾਂ ਲਈ Tax ਕਟੌਤੀ ਦਾ ਸਮਰਥਨ ਕੀਤਾ ਹੈ ਜ਼ਰੂਰਤਮੰਦ ਲੋਕਾਂ ਤੋਂ ਜ਼ਿਆਦਾ ਭੁਗਤਾਨ ਕਰਵਾਇਆ ਗਿਆ ਹੈ।
“ਰਸਟੈਡ ਨੇ ਪਹਿਲਾਂ ਵੀ ਅਜਿਹਾ ਕੀਤਾ ਸੀ ਅਤੇ ਜੇਕਰ ਮੌਕਾ ਮਿਲਿਆ ਤਾਂ ਉਹ ਦੁਬਾਰਾ ਅਜਿਹਾ ਕਰੇਗਾ। ਇਹ ਇੱਕ ਖਤਰਾ ਹੈ ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।
ਇਸ ਮੌਕੇ ਡੇਵਿਡ ਈਬੀ ਨੇ ਸੂਬੇ ਅਤੇ ਸੂਬੇ ਦੇ ਲੋਕਾਂ ਦੇ ਭਲੇ ਲਈ ਐਨ ਡੀ ਪੀ ਨੂੰ ਬੇਹਤਰ ਦਸਦਿਆਂ ਲੋਕਾਂ ਨੂੰ ਮੁੜ ਉਹਨਾਂ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਮੰਚ ਦੇ ਉਪਰ ਉਹਨਾਂ ਦੇ ਪਿੱਛੇ ਐਨ ਡੀ ਪੀ ਉਮੀਦਵਾਰ ਬਲਤੇਜ ਸਿੰਘ ਢਿੱਲੋਂ, ਜਗਰੂਪ ਸਿੰਘ ਬਰਾੜ, ਐਂਡਰੀਅਨ ਡਿਕਸ, ਜਿੰਨੀ ਸਿਮਸ, ਰਚਨਾ ਸਿੰਘ, ਨਿੱਕੀ ਸ਼ਰਮਾ, ਜੈਸੀ ਸਹੋਤਾ, ਆਮਨਾ ਸ਼ਾਹ, ਜੌਹਨ ਐਲਡਗ,ਜੈਸੀ ਸੂਨੜ, ਹਾਰੂਨ ਗੱਫਾਰ, ਗੈਰੀ ਬੈਗ, ਰਵੀ ਕਾਹਲੋਂ, ਅਮਨਦੀਪ ਸਿੰਘ, ਕੈਬਨਿਟ ਮੰਤਰੀ ਹੈਰੀ ਬੈਂਸ, ਬਰੂਸ ਰਾਲਸਟਨ ਤੇ ਹੋਰ ਹਾਜਰ ਸਨ। ਇਸਤੋਂ ਪਹਿਲਾਂ ਮੰਚ ਸੰਚਾਲਨ ਦੀ ਜਿੰਮੇਵਾਰੀ ਬਲਤੇਜ ਸਿੰਘ ਢਿੱਲੋਂ ਨੇ ਨਿਭਾਈ ਤੇ ਵੱਖ-ਵੱਖ ਹਲਕਿਆਂ ਤੋਂ ਪੁੱਜੇ ਐਨ ਡੀ ਪੀ ਉਮੀਦਵਾਰਾਂ ਨੇ ਆਪਣੀ ਜਾਣ ਪਹਿਚਾਣ ਕਰਵਾਈ ਤੇ ਐਨ ਡੀ ਪੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।
-ਮਕਾਨ ਮਾਲਕਾਂ ਤੇ ਟੈਕਸੀ ਡਰਾਈਵਰਾਂ ਵਲੋਂ ਰੈਲੀ ਦੇ ਬਾਹਰ ਮੁਜ਼ਾਹਰਾ-ਇਸੇ ਦੌਰਾਨ ਐਨ ਡੀ ਪੀ ਦੀ ਰੈਲੀ ਵਾਲੀ ਸਥਾਨ ਦੇ ਬਾਹਰ ਮਕਾਨ ਮਾਲਕਾਂ ਤੇ ਟੈਕਸੀ ਡਰਾਈਵਰਾਂ ਵਲੋਂ ਐਨ ਡੀ ਪੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਗਟਾਵਾ ਕਰਦਿਆਂ ਜ਼ੋਰਦਾਰ ਰੋਸ ਮੁਜ਼ਾਹਾਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ਵਿਚ ਐਨ ਡੀ ਪੀ ਸਰਕਾਰ ਨੂੰ ਚੇਤਾਵਨੀ ਦਿੰਦੇ ਪੋਸਟਰ ਚੁੱਕੇ ਹੋਏ ਸਨ। ਉਹਨਾਂ ਵਲੋਂ ਮਾਈਕ ਉਪਰ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਜਦੋਂ ਪ੍ਰੀਮੀਅਰ ਈਬੀ ਦੀ ਕਾਰ ਗੇਟ ਮੂਹਰੇ ਪੁੱਜੀ ਤਾਂ ਮਜ਼ਾਹਰਾਕਾਰੀਆਂ ਨੇ ਪ੍ਰੀਮੀਅਰ ਈਬੀ ਤੇ ਹੋਰ ਉਮੀਦਵਾਰਾਂ ਦੇ ਨਾਮ ਲੈਕੇ ਸ਼ੇਮ ਸ਼ੇਮ ਕਰਦਿਆਂ ਨਾਅਰੇਬਾਜ਼ੀ ਕੀਤੀ।
-ਬੀ ਸੀ ਕੰਸਰਵੇਟਿਵ ਉਮੀਦਵਾਰ ਦੇ ਬੋਰਡ ਨਾਲ ਛੇੜਛਾੜ ਦੇ ਦੋਸ਼-ਇਸੇ ਦੌਰਾਨ ਰੈਲੀ ਦੇ ਬਾਹਰ ਸਰੀ ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਦੇ ਚੋਣ ਬੋਰਡ ਨੂੰ ਤੋੜਨ ਦੇ ਦੋਸ਼ ਲਗਾਏ ਗਏ। ਧਾਲੀਵਾਲ ਦੇ ਸਮਰਥਕ ਰਿੱਕੀ ਬਾਜਵਾ ਨੇ ਦੱਸਿਆ ਕਿ ਅਣਜਾਣ ਵਿਅਕਤੀਆਂ ਵਲੋਂ ਰੈਲੀ ਵਾਲੀ ਥਾਂ ਦੇ ਬਾਹਰ ਮਨਦੀਪ ਧਾਲੀਵਾਲ ਦਾ ਲੱਗਾ ਬੋਰਡ ਤੋੜ ਦਿੱਤਾ ਗਿਆ। ਇਕ ਹੋਰ ਬੋਰਡ ਉਪਰ ਵੱਡਾ ਕੱਪੜਾ ਪਾਕੇ ਉਸਨੂੰ ਢੱਕ ਦਿੱਤਾ ਗਿਆ। ਉਹਨਾਂ ਨੇ ਮੌਕੇ ਤੇ ਇਕ ਸੀਕਿਊਰਟੀ ਗਾਰਡ ਨੂੰ ਬੋਰਡ ਨਾਲ ਛੇੜਛਾੜ ਕਰਦਿਆਂ ਵੇਖਿਆ। ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਮੌਕੇ ਤੇ ਪੁੱਜਕੇ ਆਪਣੇ ਸਮਰਥਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਮਾਮਲਾ ਠੰਡਾ ਕੀਤਾ।
ਰੈਲੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਮਕਾਨ ਮਾਲਕ ਅਤੇ ਟੈਕਸੀ ਡਰਾਈਵਰ ਯੂਨੀਅਨ ਨਾਲ ਸਬੰਧਿਤ ਲੋਕ।