ਸਰੀ, 30 ਸਤੰਬਰ (ਸਤੀਸ਼ ਜੌੜਾ)- ਪੰਜਾਬ ਭਵਨ ਸਰੀ ਕੈਨੇਡਾ ਚ ਸੁੱਖੀ ਬਾਠ ਦੀ ਅਗਵਾਈ ਹੇਠ ਕਰਵਾਏ ਇਕ ਸਮਾਗਮ ਦੌਰਾਨ ਪੰਜਾਬੀ ਗਾਇਕੀ ਰਾਹੀਂ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਦੋਗਾਣਾ ਜੋੜੀ ਲਖਵੀਰ ਲੱਖਾ ਅਤੇ ਗੁਰਿੰਦਰ ਨਾਜ਼ ਦਾ ਇੱਕ ਸੰਗੀਤਕ ਮਹਿਫ਼ਲ ਚ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੇ ਮੰਚ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਜਿੱਥੇ ਸਾਹਿਤਕ ਬੁਲਾਰਿਆਂ ਨੇ ਸੰਬੋਧਨ ਕਰਦਿਆ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਭਾਵਨਾ ਨਾਲ ਨਿਰੰਤਰ ਕਾਰਜਸ਼ੀਲ ਰਹਿਣ ਵਾਲੀ ਉੱਚੀ ਤੇ ਸਾਫ਼ ਸੁਥਰੇ ਅਕਸ ਵਾਲੀ ਨਿੱਘੀ ਸਖਸ਼ੀਅਤ ਸ਼੍ਰੀ ਸੁੱਖੀ ਬਾਠ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਪ੍ਰਿਥਪਾਲ ਸਿੰਘ ਗਿੱਲ ਨੇ ਕਿਹਾ ਕਿ ਸਰੀ ਵਿਖੇ ਸਾਹਿਤ , ਭਾਸ਼ਾ ਅਤੇ ਸੱਭਿਆਚਾਰ ਗਤੀਵਿਧੀਆਂ ਲਈ ਪੰਜਾਬ ਭਵਨ ਦਾ ਮੰਚ ਪ੍ਰਦਾਨ ਕਰਵਾਉਣ ਵਾਲੀ ਹਸਤੀ ਸੁੱਖੀ ਬਾਠ ਜਿਨ੍ਹਾਂ ਦੀ ਬਦੌਲਤ ਸਰੀ ਵਿੱਚ ਪੰਜਾਬੀਆਂ ਦੇ ਮੇਲੇ ਲੱਗ ਰਹੇ ਹਨ।
ਇਸ ਮੌਕੇ ਤੇ ਲੱਖਾ ਅਤੇ ਗੁਰਿੰਦਰ ਨਾਜ਼ ਨੇ ਕਿਹਾ ਕਿ ਪੰਜਾਬ ਭਵਨ ਸਰੀ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾਵਾਂ ਨਿਭਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਦਿੱਤਾ ਜਾਣਾ ਮਾਣ ਸਨਮਾਨ ਬਹੁਤ ਮਾਇਨੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਸੁੱਖੀ ਬਾਠ ਜੀ ਤੇ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੀ ਟੀਮ ਨੂੰ ਹੋਰ ਉਤਸ਼ਾਹ ਬਖਸ਼ੇ। ਇਸ ਮੌਕੇ ਤੇ ਸਾਹਿਤਕ ਸਖ਼ਸ਼ੀਅਤ ਸੁਰਜੀਤ ਸਿੰਘ ਮਾਧੋਪੁਰੀ, ਸੁਖਵਿੰਦਰ ਸਿੰਘ ਫੁੱਲ, ਸਤੀਸ਼ ਜੌੜਾ ਵੀ ਹਾਜਰ ਸਨ।