Headlines

ਕਪਤਾਨ ਹਰਮਨਪ੍ਰੀਤ ਸਿੰਘ ਤੇ ਡੀ. ਸੀ. ਹਿਮਾਂਸ਼ੂ ਅਗਰਵਾਲ ਵਲੋਂ 41ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ

*ਇੰਡੀਅਨ ਆਇਲ ਹੋਵੇਗਾ ਟੂਰਨਾਮੈਂਟ ਦਾ ਮੁੱਖ ਸਪਾਂਸਰ*

*ਜੇਤੂ ਟੀਮ ਨੂੰ ਗਾਖ਼ਲ ਬ੍ਰਦਰਜ਼ ਵੱਲੋਂ ਦਿੱਤਾ ਜਾਵੇਗਾ 5.50 ਲੱਖ ਰੁਪਏ ਦਾ ਨਕਦ ਇਨਾਮ-

ਜਲੰਧਰ, 30 ਸਤੰਬਰ ( ਦੇ ਪ੍ਰ ਬਿ   )-ਸੁਰਜੀਤ ਹਾਕੀ ਸੁਸਾਇਟੀ ਵਲੋਂ ਕਰਵਾਏ ਜਾ ਰਹੇ 41ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਬੀਤੇ ਦਿਨ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਸੁਸਾਇਟੀ ਦੇ ਪ੍ਰਧਾਨ ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਜਲੰਧਰ ਅਤੇ ਸਮੂਹ ਸੁਸਾਇਟੀ ਮੈਂਬਰਾਂ ਵੱਲੋਂ ਜਾਰੀ ਕੀਤਾ ਗਿਆ।  ਸੁਰਜੀਤ ਹਾਕੀ ਟੂਰਨਾਮੈਂਟ ਹਿੰਦੋਸਤਾਨ ਦੇ ਨਾਮੀ ਟੂਰਨਾਮੈਂਟ ਹੈ ਅਤੇ ਇਹ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਿਲ ਕਰ ਚੁੱਕਾ ਹੈ। ਇਸ ਟੂਰਨਾਮੈਂਟ ਵਿਚ ਦੇਸ਼ ਦੀਆਂ ਨਾਮੀ 16 ਟੀਮਾਂ ਹਿੱਸਾ ਲੈਣਗੀਆਂ। ਜਿਸ ਵਿਚ ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ, ਆਰਮੀ ਇਲੈਵਨ, ਕੈਗ ਦਿੱਲੀ, ਰੇਲ ਕੋਚ ਫੈਕਟਰੀ ਕਪੂਰਥਲਾ, ਇੰਡੀਅਨ ਰੇਲਵੇ, ਪੰਜਾਬ ਐਂਡ ਸਿੰਧ ਬੈਂਕ, ਬੀ. ਐੱਸ. ਐੱਫ., ਸੀ. ਆਰ. ਪੀ. ਐੱਫ., ਆਈ. ਟੀ. ਵੀ. ਪੀ., ਭਾਰਤ ਪੈਟਰੋਲੀਅਮ, ਇੰਡੀਅਨ ਨੇਵੀ, ਇੰਡੀਆ ਏਅਰ ਫੋਰਸ ਅਤੇ ਹੋਰ ਟੀਮਾਂ ਸ਼ਾਮਿਲ ਹਨ। ਇਸ ਟੂਰਨਾਮੈਂਟ ਦੇ ਮੁੱਖ ਸਪਾਂਸਰ ਇੰਡੀਅਨ ਆਇਲ ਹੋਵੇਗਾ ਅਤੇ ਜੇਤੂ ਟੀਮ ਨੂੰ 5.50 ਲੱਖ ਰੁਪਏ ਨਕਦ ਰਾਸ਼ੀ ਦਾ ਇਨਾਮ ਗਾਖ਼ਲ ਬ੍ਰਦਰਜ਼ ਯੂ. ਐੱਸ. ਵੱਲੋਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਉਪ ਜੇਤੂ ਨੂੰ 3 ਲੱਖ ਰੁਪਏ ਦਾ ਨਕਦ ਇਨਾਮ ਜਰਮਨ ਵਾਸੀ ਸ. ਬਲਵਿੰਦਰ ਸਿੰਘ ਸੈਣੀ ਵੱਲੋਂ ਦਿੱਤਾ ਜਾਵੇਗਾ।
ਪੋਸਟਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਉਹ ਸੁਰਜੀਤ ਹਾਕੀ ਸੁਸਾਇਟੀ ਦਾ ਪ੍ਰਧਾਨ ਹੋਣ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀ ਕਈ ਦਹਾਕਿਆਂ ਤੋਂ ਹਾਕੀ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ ਤੇ ਹਾਕੀ ਖਿਡਾਰੀਆਂ ਲਈ ਇਹ ਟੂਰਨਾਮੈਂਟ ਇਕ ਵਧੀਆ ਪਲੇਟਫਾਰਮ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਹਾਕੀ ਦੇ ਬਹੁਤ ਹੀ ਰੌਮਾਂਚਿਤ ਮੁਕਾਬਲੇ ਦੇਖਣ ਨੂੰ ਮਿਲਣਗੇ।
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਰਾਜਨ ਬੇਰੀ ਜਨਰਲ ਮੈਨੇਜਰ ਇੰਡੀਅਨ ਆਇਲ ਜਲੰਧਰ ਨੇ ਕਿਹਾ ਕਿ ਹਾਕੀ ਖਿਡਾਰੀਆਂ ਦੀ ਬਿਹਤਰੀ ਲਈ ਇੰਡੀਅਨ ਆਇਲ ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਦਿੰਦਾ ਰਹੇਗਾ। ਰਾਜਨ ਬੇਰੀ ਨੇ ਕਿਹਾ ਕਿ ਇੰਡੀਅਨ ਆਇਲ ਮਾਣ ਮਹਿਸੂਸ ਕਰਦਾ ਹੈ ਕਿ ਉਹ ਇਸ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਦਾ ਮੁੱਖ ਸਪਾਂਸਰ ਹੈ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਹਾਕੀ ਦੇ ਭਵਿੱਖ ਲਈ ਇਸੇ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ। ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਫੇਮ ਪ੍ਰਸਿੱਧ ਗਾਇਕ ਜਸਬੀਰ ਜੱਸੀ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਦੇ ਨਾਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦੇ ਮੈਂਬਰ ਉਲੰਪੀਅਨ ਮਨਦੀਪ ਸਿੰਘ, ਜਰਮਨਜੀਤ ਸਿੰਘ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਤੇ ਸਮੂਹ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਏ. ਜੀ. ਆਈ. ਗਰੁੱਪ ਦੇ ਚੇਅਰਮੈਨ ਸੁਖਦੇਵ ਸਿੰਘ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਇਨੋਸੈਂਟ ਹਾਰਟ ਗਰੁੱਪ ਦੇ ਚੇਅਰਮੈਨ ਡਾ. ਅਨੁਪ ਬੋਹਰੀ, ਚੰਦਨ ਬੋਹਰੀ, ਸੀ. ਟੀ. ਗਰੁੱਪ ਤੋਂ ਮਨਵੀਰ ਸਿੰਘ, ਹਰਪ੍ਰੀਤ ਸਿੰਘ, ਇੰਡੀਅਨ ਆਇਲ ਤੋਂ ਰਾਜਨ ਬੇਰੀ, ਰਣਜੀਤ ਸਿੰਘ ਟੁੱਟ ਯੂ. ਐੱਸ. ਏ., ਨੱਥਾ ਸਿੰਘ ਗਾਖਲ ਯੂ. ਐੱਸ. ਏ., ਰਣਬੀਰ ਸਿੰਘ ਟੁੱਟ, ਸੁਰਿੰਦਰ ਸਿੰਘ ਭਾਪਾ, ਲਖਵਿੰਦਰਪਾਲ ਸਿੰਘ ਖਹਿਰਾ, ਅਮਰੀਕ ਪਵਾਰ, ਨਰਿੰਦਰਪਾਲ ਸਿੰਘ ਜੱਜ, ਤਰਸੇਮ ਪਵਾਰ, ਗੁਲਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਏ. ਡੀ. ਸੀ. ਜਲੰਧਰ ਅਮਿਤ ਮਹਾਜਨ, ਐਸ. ਡੀ. ਐਮ. -2 ਬਲਬੀਰ ਰਾਜਨ, ਡੀ. ਆਰ. ਓ. ਨਵਦੀਪ ਸਿੰਘ ਆਦਿ ਹਾਜ਼ਰ ਸਨ। ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਆਈ. ਐੱਸ. ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ।

*ਕੈਪਸ਼ਨ*
*41ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਸਿੰਘ, ਡੀ. ਸੀ. ਹਿਮਾਂਸ਼ੂ ਅਗਰਵਾਲ, ਰਾਜਨ ਬੇਰੀ, ਉਲੰਪੀਅਨ ਮਨਦੀਪ ਸਿੰਘ, ਜਰਮਨਜੀਤ ਸਿੰਘ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ ਏ.ਜੀ.ਆਈ. ਗਰੁੱਪ ਤੇ ਹੋਰ।