ਅਪਰਾਧੀਆਂ ਨੂੰ ਸਜ਼ਾਵਾਂ ਲਈ ਕਨੂੰਨ ਸਖਤ ਬਣਾਉਣ ਦੀ ਮੰਗ-
ਕੈਲਗਰੀ ( ਦਲਵੀਰ ਜੱਲੋਵਾਲੀਆ)-ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਵਸਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਵਿਚ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗਣ, ਡਰਾਉਣ, ਧਮਕਾਉਣ ਤੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਭਾਈਚਾਰੇ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਇਸ ਹਫਤੇ ਕੈਲਗਰੀ ਵਿਚ ਵਾਪਰੀ ਅਜਿਹੀ ਹੀ ਇਕ ਘਟਨਾ ਦੌਰਾਨ ਦੋ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਉਪਰੰਤ ਭਾਈਚਾਰੇ ਨਾਲ ਸਬੰਧਿਤ ਸੰਸਥਾਵਾਂ ਤੇ ਆਗੂਆਂ ਵਲੋਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜਾਗਰੁਕਤਾ ਮੁਹਿੰਮ ਚਲਾਉਣ ਤੇ ਭਾਈਚਾਰੇ ਦਾ ਨਾਮ ਬਦਨਾਮ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਹੋਣ ਦੇ ਸੱਦੇ ਨਾਲ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਬੰਧਕਾਂ ਵਲੋਂ ਇਕ ਵਿਸ਼ਾਲ ਇਕੱਤਰਤਾ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬੁਲਾਈ ਗਈ।
ਇਸ ਇਕੱਤਰਤਾ ਦੌਰਾਨ ਜਿਥੇ ਵੱਖ ਵੱਖ ਬੁਲਾਰਿਆਂ ਨੇ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ ਉਥੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੁਝ ਨੌਜਵਾਨਾਂ ਵਲੋਂ ਵਿਖਾਈ ਗਈ ਦਲੇਰੀ ਤੇ ਬਹਾਦਰੀ ਦੀ ਸ਼ਲਾਘਾ ਕਰਦਿਆਂ ਭਾਈਚਾਰੇ ਨੂੰ ਜਾਗਰੁਕ ਹੋਣ ਦਾ ਸੱਦਾ ਦਿੱਤਾ ਗਿਆ। ਕਿਹਾ ਗਿਆ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਖੁਦ ਹੀ ਇਕਮੁੱਠਤਾ ਵਿਖਾਉਣ ਤੇ ਭਾਈਚਾਰੇ ਦੇ ਇਜਤ ਸਨਮਾਨ ਲਈ ਖੜੇ ਹੋਣ ਦੀ ਜ਼ਰੂਰਤ ਹੈ।
ਇਸ ਮੌਕੇ ਸਮਾਜਿਕ ਬੁਲਾਰਿਆਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਅਤੇ ਵਿਧਾਨਕ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਵੀ ਸ਼ਿਰਕਤ ਕਰਦਿਆਂ ਦਸਮੇਸ਼ ਕਲਚਰ ਸੈਂਟਰ ਵਲੋਂ ਕੀਤੇ ਗਏ ਇਸ ਉਦਮ ਦੀ ਸ਼ਲਾਘਾ ਕੀਤੀ ਤੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਰਹਿਣ ਤੇ ਸੁਰੱਖਿਅਤ ਮਾਹੌਲ ਦੇਣ ਲਈ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਬੁਲਾਰਿਆਂ ਨੇ ਮੁਜਰਮਾਂ ਨੂੰ ਸਜ਼ਾਵਾਂ ਲਈ ਕਨੂੰਨ ਵਿਚ ਤਰਮੀਮ ਕਰਨ ਅਤੇ ਸਖਤ ਸਜ਼ਾਵਾਂ ਵਾਲੇ ਕਨੂੰਨ ਬਣਾਉਣ ਦੀ ਅਪੀਲ ਕੀਤੀ। ਕੁਝ ਬੁਲਾਰਿਆਂ ਨੇ ਕਿਹਾ ਕਿ ਫੈਡਰਲ ਸਰਕਾਰ ਦੇ ਨਰਮ ਕਨੂੰਨਾਂ ਕਾਰਣ ਹੀ ਅਪਰਾਧੀਆਂ ਨੂੰ ਜ਼ੁਰਮ ਕਰਦਿਆਂ ਕੋਈ ਡਰ ਨਹੀ ਲੱਗਦਾ। ਇਸ ਮੌਕੇ ਕੰਸਰਵੇਟਿਵ ਐਮ ਪੀ ਜਸਰਾਜ ਹੱਲਣ ਨੇ ਦੱਸਿਆ ਕਿ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਤੇ ਜੁਰਮ ਦਰ ਵਿਚ ਵਾਧੇ ਨੂੰ ਰੋਕਣ ਲਈ ਐਡਮਿੰਟਨ ਤੋਂ ਐਮ ਪੀ ਟਿਮ ਉਪਲ ਵਲੋਂ ਬਿਲ ਸੀ-381 ਲਿਆਂਦਾ ਗਿਆ ਸੀ ਪਰ ਸਰਕਾਰੀ ਧਿਰ ਵਲੋਂ ਉਸ ਬਿਲ ਨੂੰ ਪਾਸ ਕਰਨ ਲਈ ਸਾਥ ਨਹੀ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਗੁਰਿੰਦਰ ਬਰਾੜ, ਦਵਿੰਦਰ ਸਿੰਘ ਤੂਰ, ਕੌਂਸਲਰ ਰਾਜ ਧਾਲੀਵਾਲ, ਅਲਬਰਟਾ ਮੰਤਰੀ ਰਾਜਨ ਸਾਹਨੀ, ਡੈਨ ਸਿੱਧੂ, ਬਲਜੀਤ ਸਿੰਘ ਪੰਧੇਰ, ਨਮਜੀਤ ਸਿੰਘ ਰੰਧਾਵਾ, ਬਲਜਿੰਦਰ ਸਿੰਘ ਪ੍ਰ੍ਧਾਨ, ਨਰਿੰਦਰ ਸਿੰਘ ਜੌਹਲ, ਅਮਰਪ੍ਰੀਤ ਸਿੰਘ ਗਿੱਲ, ਬੱਬੂ ਮਾਣੂਕੇ, ਰਮਨ ਚਾਹਲ, ਰਣਬੀਰ ਸਿੰਘ ਪਰਮਾਰ ਤੇ ਹੋਰ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਤੇ ਕਮਿਊਨਿਟੀ ਨੂੰ ਸਮਾਜ ਵਿਰੋਧੀ ਅਨਸਰਾਂ ਖਿਲਾਫ ਇਕਮੁੱਠ ਹੋਣ ਦਾ ਸੱਦਾ ਦਿੱਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਗੁਰਜੀਤ ਸਿਘ ਸਿੱਧੂ ਨੇ ਨਿਭਾਈ।