ਲੈਂਗਲੀ ਬੈਂਕੁਇਟ ਹਾਲ ਵਿਚ ਕੀਤਾ ਸਮਰਥਕਾਂ ਦਾ ਭਾਰੀ ਇਕੱਠ-
ਐਬਸਫੋਰਡ ( ਮਾਂਗਟ, ਦੇ ਪ੍ਰ ਬਿ)-ਬੀਤੇ ਦਿਨ ਪੰਜਾਬੀ ਮੂਲ ਦੇ ਨੌਜਵਾਨ ਆਗੂ ਸੁਖਮਨ ਗਿੱਲ ਵਲੋਂ ਇਥੇ ਲੈਂਗਲੀ ਬੈਂਕੁਇਟ ਹਾਲ ਵਿਖੇ ਬੁਲਾਏ ਗਏ ਇਕ ਭਾਰੀ ਇਕੱਠ ਦੌਰਾਨ ਐਬਸਫੋਰਡ-ਸਾਊਥ ਲੈਂਗਲੀ ਹਲਕੇ ਤੋਂ ਫੈਡਰਲ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲਈ ਮੁਹਿੰਮ ਸ਼ੁਰੂ ਕਰਨ ਐਲਾਨ ਕੀਤਾ ਗਿਆ। ਆਪਣੇ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਮੌਜੂਦਾ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕੰਸਰਵੇਟਿਵ ਪਾਰਟੀ ਦੀਆਂ ਲੋਕ ਉਸਾਰੂ ਨੀਤੀਆਂ ਤੇ ਕਾਮਨ ਸੈਂਸ ਪ੍ਰੋਗਰਾਮ ਨੂੰ ਲੋਕਾਂ ਦੇ ਭਰਵੇਂ ਹੁੰਗਾਰੇ ਦੀ ਗੱਲ ਕਰਦਿਆਂ ਕੰਸਰਵੇਟਿਵ ਪਾਰਟੀ ਨਾਲ ਜੁੜਨ ਅਤੇ ਉਮੀਦਵਾਰ ਬਣਨ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹਾਜ਼ਰ ਲੋਕਾਂ ਨੇ ਉਹਨਾਂ ਵਲੋਂ ਲਏ ਗਏ ਇਸ ਫੈਸਲੇ ਅਤੇ ਨੌਮੀਨੇਸ਼ਨ ਚੋਣ ਵਿਚ ਵਧ ਤੋਂ ਵੱਧ ਸਹਿਯੋਗ ਅਤੇ ਸਾਥ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਸਰੀ-ਨਿਊਟਨ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੂੰ ਸੁਖਮਨ ਗਿੱਲ ਵਰਗੇ ਨੌਜਵਾਨ ਤੇ ਉਸਾਰੂ ਸਮਝ ਰੱਖਣ ਵਾਲੇ ਆਗੂਆਂ ਦੀ ਲੋੜ ਹੈ। ਉਹਨਾਂ ਕੈਨੇਡਾ ਦੇ ਮੌਜੂਦਾ ਸਿਆਸੀ ਦ੍ਰਿਸ਼ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਹੇਠ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਅੱਜ ਕੈਨੇਡਾ ਦਾ ਕੌਮਾਂਤਰੀ ਪੱਧਰ ਤੇ ਅਕਸ ਵਿਗੜ ਚੁੱਕਾ ਹੈ। ਕੈਨੇਡੀਅਨ ਲੋਕ ਅਤਿ ਦੀ ਮਹਿੰਗਾਈ, ਸਿਹਤ ਸੇਵਾਵਾਂ, ਘਰਾਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਤੇ ਭਾਰੀ ਟੈਕਸਾਂ ਕਾਰਨ ਲੋਕਾਂ ਦਾ ਤ੍ਰਾਹ ਨਿਕਲਿਆ ਪਿਆ ਹੈ | ਸਰਕਾਰ ਦੀਆਂ ਮੂਰਖਾਨਾ ਇਮੀਗ੍ਰੇਸ਼ਨ ਨੀਤੀਆਂ ਤੇ ਫੈਸਲੇ ਪ੍ਰਵਾਸੀਆਂ ਦੇ ਨਾਲ ਆਮ ਸ਼ਹਿਰੀਆਂ ਨੂੰ ਵੀ ਪ੍ਰੇਸ਼ਾਨ ਕਰਨ ਵਾਲੇ ਹਨ। ਉਹਨਾਂ ਕਿਹਾ ਕਿ ਕੈਨੇਡੀਅਨ ਲੋਕ ਨੂੰ ਮੁਸ਼ਕਲਾਂ ਤੋਂ ਨਿਜਾਤ ਪਾਉਣ ਤੇ ਆਰਥਿਕਤਾ ਦੀ ਮਜ਼ਬੂਤੀ ਲਈ ਕੰਸਰਵੇਟਿਵ ਸਰਕਾਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਹੋਰ ਕਿਹਾ ਸੁਖਮਨ ਗਿੱਲ ਵਰਗੇ ਹੋਣਹਾਰ ਨੌਜਵਾਨ ਜੋ ਆਪਣੀ ਕਮਿਊਨਿਟੀ ਤੇ ਲੋਕਾਂ ਦੇ ਭਵਿੱਖ ਲਈ ਚਿੰਤਾ ਰੱਖਦੇ ਹਨ, ਉਨ੍ਹਾਂ ਦੀ ਵੋਟ ਤੇ ਸਪੋਰਟ ਕਰਨਾ ਸਾਡਾ ਸਭ ਦਾ ਫਰਜ ਹੈ | ਇਸ ਮੌਕੇ ਲੈਂਗਲੀ -ਐਬਸਫੋਰਡ ਹਲਕੇ ਤੋਂ ਪ੍ਰੋਵਿੰਸ਼ਅਲ ਉਮੀਦਵਾਰ ਹਰਮਨ ਭੰਗੂ ਨੇ ਵੀ ਸੰਬੋਧਨ ਕੀਤਾ। ਉਘੇ ਗਾਇਕ ਸੁਖਵਿੰਦਰ ਸੁੱਖੀ ਨੇ ਹਾਜ਼ਰੀਨ ਨੂੰ ਗੀਤ ਸੁਣਾਏ ਤੇ ਸੁਖਮਨ ਗਿੱਲ ਨੂੰ ਨੌਮੀਨੇਸ਼ਨ ਚੋਣ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਚੇਅਰਮੈਨ ਗੁਰਮੇਲ ਸਿੰਘ ਧਾਮੀ, ਉਘੇ ਗਾਇਕ ਲਖਬੀਰ ਲੱਖਾ, ਗੁਰਿੰਦਰ ਨਾਜ਼, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਜੁਗਰਾਜ ਸਿੰਘ ਗਰਚਾ, ਸੱਤੀ ਗਰੇਵਾਲ, ਬਲਵੰਤ ਰੁਪਾਲ, ਰਾਜ ਖੇਲਾ, ਗੀਤਾ ਜਸਵੀਰ ਗੁਣਾਚੌਰੀਆ, ਰਾਜਿੰਦਰ ਸਿੰਘ ਗਰੇਵਾਲ, ਨਵਦੀਪ ਗਿੱਲ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।
ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਸਮਰਥਕਾਂ ਤੇ ਸਹਿਯੋਗੀਆਂ ਦਾ ਸੁਖਮਨ ਗਿੱਲ ਦੇ ਪਿਤਾ ਸ ਅਵਤਾਰ ਸਿੰਘ ਰਾਜਾ ਗਿੱਲ ਬੁੱਕਣਵਾਲਾ ਨੇ ਧੰਨਵਾਦ ਕੀਤਾ। ਇਸਤੋਂ ਪਹਿਲਾਂ
ਆਏ ਸਮਰਥਕਾਂ ਦਾ ਸੋਨੀ ਸਿੱਧੂ ਤੇ ਸਾਥੀਆਂ ਨੇ ਭਰਵਾਂ ਸਵਾਗਤ ਕੀਤਾ।