Headlines

ਰੇਡੀਓ ਹੋਸਟ ਰਿਸ਼ੀ ਨਾਗਰ ਤੇ ਹਮਲੇ ਬਾਰੇ ਪੁਲਿਸ ਜਾਂਚ ਜਾਰੀ

ਕੈਲਗਰੀ ( ਦੇ ਪ੍ਰ ਬਿ)- ਕੈਲਗਰੀ ਦੇ  ਰੇਡੀਓ ਰੈਡ ਐਮ ਐਫ ਦੇ ਹੋਸਟ ਰਿਸ਼ੀ ਨਾਗਰ ਉਪਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਐਤਵਾਰ ਨੂੰ ਦੁਪਹਿਰ 3 ਵਜੇ ਹੋਪਵੈਲ ਪਲੇਸ ਦੇ 2800 ਬਲਾਕ ਵਿੱਚ ਸਥਿਤ ਰੀਓ ਬੈਂਕੁਇਟ ਹਾਲ ਤੋਂ ਬਾਹਰ ਨਿਕਲ ਰਿਹਾ ਸੀ। ਲਗਪਗ 20 ਸੈਕਿੰਡ ਦੀ ਵੀਡੀਓ ਵਿਚ ਦੋ ਅਣਪਛਾਤੇ ਵਿਅਕਤੀ ਰਿਸ਼ੀ ਨਾਗਰ ਦੀ ਕੁੱਟਮਾਰ ਕਰਦੇ ਦਿਖਾਈ ਦਿੰਦੇ ਹਨ ਜਦੋਂਕਿ ਇਕ ਤੀਸਰੇ ਵਿਅਕਤੀ ਨੇ ਆਕੇ ਉਸਦਾ ਆਕੇ ਬਚਾਅ ਕੀਤਾ। ਜਿਸ ਉਪਰੰਤ ਹਮਲਾਵਰ ਭੱਜ ਗਏ।

ਪੁਲਿਸ  ਨੂੰ ਹਮਲਾਵਰਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਸਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਆਪਣੀ ਜਾਂਚ ਦੌਰਾਨ ਇਹ ਵੀ ਪਤਾ ਲਗਾ ਰਹੀ ਹੈ ਕਿ ਇਸ ਘਟਨਾ ਦਾ ਪਿਛਲੇ ਦਿਨੀਂ ਲੋਕਾਂ ਨੂੰ ਧਮਕੀਆਂ ਦੇਣ ਅਤੇ ਹਥਿਆਰ ਲਹਿਰਾਉਣ ਵਾਲੇ ਦੋ ਹੋਰਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਘਟਨਾ ਤੇ ਉਸ ਬਾਰੇ ਰੇਡੀਓ ਉਪਰ ਰਿਪੋਰਟਿੰਗ ਕੀਤੇ ਜਾਣ ਨਾਲ ਕੋਈ ਸਬੰਧ ਹੈ ਜਾਂ ਨਹੀਂ।

ਇਸੇ ਦੌਰਾਨ ਰੇਡੀਓ ਹੋਸਟ ਰਿਸ਼ੀ ਨਾਗਰ ਨੇ ਇਥੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਆਪਣੇ ਉਪਰ ਹੋਏ ਹਮਲੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੇ ਸਿਰ ਅਤੇ ਖੱਬੀ ਅੱਖ ਉਪਰ ਸੱਟ ਲੱਗੀ ਹੈ। ਉਹਨਾਂ ਆਪਣੇ ਉਪਰ ਹੋਏ ਹਮਲੇ ਨੂੰ ਮੀਡੀਆ ਦੀ ਆਜ਼ਾਦੀ ਉਪਰ ਹਮਲਾ ਕਰਾਰ ਦਿੰਦਿਆਂ ਲੋਕਾਂ ਵਲੋਂ ਇਸ ਘਟਨਾ ਦੀ ਨਿੰਦਾ ਕਰਨ ਅਤੇ ਉਹਨਾਂ ਨੂੰ ਹੌਸਲਾ ਦਿੱਤੇ ਜਾਣ ਲਈ ਧੰਨਵਾਦ ਕੀਤਾ। ਉਹਨਾਂ ਹਮਲੇ ਦੌਰਾਨ ਦਖਲ ਦੇਕੇ ਉਸਦਾ ਬਚਾਅ ਕਰਨ ਵਾਲੇ ਬੁਰਹਾਨ ਖਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਹਨਾਂ ਹੋਰ ਕਿਹਾ ਇਸ ਹਮਲੇ ਦੌਰਾਨ ਮੈਨੂੰ ਕੁਝ ਸੱਟਾਂ ਲੱਗੀਆਂ ਹਨ ਪਰ ਮੈਂ ਠੀਕ ਹਾਂ। ਇਸ ਕਾਇਰਾਨਾ ਹਮਲੇ ਨੇ  ਮੇਰੇ ਇਰਾਦੇ  ਹੋਰ ਮਜ਼ਬੂਤ ​​ਕੀਤੇ ਹਨ ਤੇ ਮੈਂ ਸਮਾਜਿਕ ਹਿੱਤਾਂ ਲਈ ਨਿਰਪੱਖ ਤੇ ਬੇਬਾਕ ਪੱਤਰਕਾਰੀ ਤੇ ਪਹਿਰਾ ਦਿੰਦਾ ਰਹਾਂਗਾ।

ਜ਼ਿਕਰਯੋਗ ਹੈ ਕਿ ਰਿਸ਼ੀ ਨਾਗਰ ਰੇਡੀਓ ਰੈਡ ਐਫ ਦੇ ਕੈਲਗਰੀ ਦੇ ਸਵੇਰ ਦੇ ਸ਼ੋਅ ਹੋਸਟ ਤੇ ਨਿਊਜ ਡਾਇਰੈਕਟਰ ਹਨ। ਉਹ ਆਪਣੇ ਸ਼ੋਅ ਵਿਚ ਬੜੀ ਬੇਬਾਕੀ ਤੇ ਸਾਫਗੋਈ ਨਾਲ ਗੱਲਬਾਤ ਕਰਦੇ ਹਨ। ਉਹ ਕੈਲਗਰੀ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਵੀ ਹਨ।