Headlines

ਕੰਗ ਪਰਿਵਾਰ ਨੂੰ ਸਦਮਾ-ਸੁਰਜੀਤ ਸਿੰਘ ਕੰਗ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 5 ਅਕਤੂਬਰ ਨੂੰ-

ਸਰੀ ( ਦੇ ਪ੍ਰ ਬਿ)- ਸਰੀ ਦੇ ਵਸਨੀਕ ਕੰਗ ਤੇ ਖਹਿਰਾ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਸ ਸੁਰਜੀਤ ਸਿੰਘ ਕੰਗ (ਸਾਬਕਾ ਇੰਸਪੈਕਟਰ ਕੋਆਪ੍ਰੇਟਿਵ ਬੈਂਕ) ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲਗਪਗ 86 ਸਾਲ ਦੇ ਸਨ।  ਉਹ ਆਪਣੇ ਪਿੱਛੇ ਦੋ ਪੁੱਤਰ ਬਲਰਾਜ ਸਿੰਘ ਕੰਗ , ਸੁਖਰਾਜ ਸਿੰਘ ਕੰਗ, ਧੀ ਜਸਪਾਲ ਕੌਰ ਸਿੱਧੂ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਉਹ ਸਵਰਗੀ ਗਵਰਨਰ ਸ ਦਰਬਾਰਾ ਸਿੰਘ ਖਹਿਰਾ (ਮਲਸੀਆਂ) ਦੀ ਭੈਣ ਬੀਬੀ ਪ੍ਰੀਤਮ ਕੌਰ ਦੇ ਪਤੀ ਸਨ।

ਸ ਸੁਰਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 5 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11.45 ਵਜੇ ਫਰੇਜਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ  ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ 8820-168 ਸਟਰੀਟ ਸਰੀ ਵਿਖੇ ਬਾਦ ਦੁਪਹਿਰ 2.30  ਵਜੇ ਹੋਵੇਗੀ।

ਜੀਵਨ ਵੇਰਵਾ-

ਸ ਸੁਰਜੀਤ ਸਿੰਘ  ਦਾ ਜਨਮ 2 ਮਈ 1938 ਨੂੰ ਪਾਕਿਸਤਾਨ ਦੇ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਘਸੀਟਪੁਰਾ ਵਿੱਚ ਹੋਇਆ। ਉਹਨਾਂ ਦਾ ਬਚਪਨ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਬੀਤਿਆ। 1947 ਵਿੱਚ ਭਾਰਤ-ਪਾਕਿਸਤਾਨ ਵੰਡ ਦੇ ਸਮੇਂ, ਉਹਨਾਂ ਦੇ ਪਰਿਵਾਰ ਨੂੰ ਆਪਣਾ ਘਰ ਛੱਡ ਕੇ ਪਿੰਡ ਕੰਗ (ਤਰਨ ਤਾਰਨ) ਵਿੱਚ ਆ ਕੇ ਵਸਣਾ ਪਿਆ। ਇਸ ਪਲਾਇਨ ਦੌਰਾਨ, ਉਹਨਾਂ ਨੇ ਕਈ ਤਕਲੀਫਾਂ ਦਾ ਸਾਹਮਣਾ ਕੀਤਾ।
ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਕੰਗ ਵਿੱਚ ਹੀ ਪੂਰੀ ਕੀਤੀ, ਅਤੇ ਬਾਅਦ ਵਿੱਚ ਉਹਨਾਂ ਦਾ ਪਰਿਵਾਰ ਨਵਾਂਸ਼ਹਿਰ ਦੇ ਨੇੜੇ ਪਿੰਡ ਪਨਾਮ ਵਿੱਚ ਆ ਵੱਸਿਆ। ਗੜ੍ਹਸ਼ੰਕਰ ਤੋਂ ਮੈਟ੍ਰਿਕ 1955 ਵਿੱਚ ਪਾਸ ਕਰਨ ਤੋਂ ਬਾਅਦ, 1958 ਵਿੱਚ ਐਫ.ਏ. ਅਤੇ 1960 ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। 1960 ਵਿੱਚ ਹੀ ਉਨ੍ਹਾਂ ਦੀ ਸ਼ਾਦੀ ਬੀਬੀ ਪ੍ਰੀਤਮ ਕੌਰ ਨਾਲ ਹੋਈ, ਜੋ ਸ ਦਰਬਾਰਾ ਸਿੰਘ ਮਲਸੀਆਂ ( ਸਾਬਕਾ ਸਪੀਕਰ ਤੇ ਗਵਰਨਰ) ਦੀ ਭੈਣ ਸੀ।
ਸਰਦਾਰ ਸੁਰਜੀਤ ਸਿੰਘ ਨੇ 1962 ਵਿੱਚ ਆਪਣੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਕਈ ਸਾਲ ਤੱਕ ਵੱਖ-ਵੱਖ ਥਾਵਾਂ ਤੇ ਸੇਵਾ ਕੀਤੀ। 1978 ਵਿੱਚ ਉਨ੍ਹਾਂ ਨੂੰ ਇੰਸਪੈਕਟਰ ਵਜੋਂ ਤਰੱਕੀ ਮਿਲੀ। 1991 ਵਿੱਚ ਉਨ੍ਹਾਂ ਨੇ ਸਵੈ-ਇੱਛਾ ਸੇਵਾਮੁਕਤੀ ਲੈ ਲਈ ਤੇ ਖੇਤੀਬਾੜੀ ਦੀ ਸ਼ੁਰੂਆਤ ਕੀਤੀ।
ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਮੋੜ 1988 ਵਿੱਚ ਆਇਆ ਜਦੋਂ ਇੱਕ ਭਿਆਨਕ ਬੋਟ ਹਾਦਸੇ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 9 ਮੈਂਬਰ ਮਾਰੇ ਗਏ। ਇਸ ਹਾਦਸੇ ਨੇ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਕੀਤਾ, ਪਰ ਸੁਰਜੀਤ ਸਿੰਘ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਬਾਅਦ ਵਿੱਚ ਆਪਣੇ ਬੱਚਿਆਂ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਦਿੱਤੀ।
ਸਰਦਾਰ ਸੁਰਜੀਤ ਸਿੰਘ ਦੇ ਤਿੰਨ ਬੱਚੇ—ਧੀ ਜਸਪਾਲ ਕੌਰ ਸਿੱਧੂ, ਪੁੱਤਰ ਬਲਰਾਜ ਸਿੰਘ ਕੰਗ ਅਤੇ ਸੁਖਰਾਜ ਸਿੰਘ ਕੰਗ ਹਨ ਜੋ ਕੈਨੇਡਾ ਵਿੱਚ ਵਸਦੇ ਹਨ। ਉਹ ਪਿਛਲੇ ਲੰਬੇ ਸਮੇਂ ਕੈਨੇਡਾ ਵਿਚ ਹੀ ਆਪਣੇ ਬੱਚਿਆਂ ਪਾਸ ਰਹਿ ਰਹੇ ਸਨ।