ਪੰਜਾਬੀ ਬੋਲੀ,ਬਾਲ ਨਾਟਕ ਤੇ ਗਿੱਧਾ-ਭੰਗੜਾ ਹੋਣਗੇ ਖਿੱਚ ਦਾ ਕੇਂਦਰ,ਦਾਖ਼ਲਾ ਮੁਫਤ-
ਕੈਲਗਰੀ( ਗਰੇਵਾਲ )-ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵਲੋਂ 14 ਅਕਤੂਬਰ ਨੂੰ ਬੱਚਿਆਂ ਦਾ ਸਮਾਗਮ ‘ਰੰਗ ਪੰਜਾਬੀ’ ਕਰਵਾਇਆ ਜਾ ਰਿਹਾ ਹੈ।ਇਹ ਸਮਾਗਮ ਫਾਲਕਿੰਨਰਿੱਜ/ ਕੈਸਲਰਿੱਜ ਕਮਿਊਨਿਟੀ ਹਾਲ ਵਿੱਚ ਸਵੇਰੇ 10:30 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 6 ਵਜੇ ਤੱਕ ਚੱਲੇਗਾ।ਇਸ ਸਮਾਗਮ ਲਈ ਕੋਈ ਵੀ ਟਿਕਟ ਨਹੀਂ ਹੈ।ਇਸ ਸਮਾਗਮ ਵਿੱਚ ਕੈਨੇਡਾ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਦੇ ਤਹਿਤ ਪੇਸ਼ਕਾਰੀਆਂ ਹੋਣਗੀਆਂ।ਸਮਾਗਮ ਦੀ ਸ਼ੁਰੂਆਤ ਬੱਚਿਆਂ ਦੁਆਰਾ ਪੰਜਾਬੀ ਕਵਿਤਾਵਾਂ ਨਾਲ ਹੋਵੇਗੀ।
ਪ੍ਰੌਗਸਰੈਸਿਵ ਕਲਾ ਮੰਚ ਵਲੋਂ ਬਾਲ ਨਾਟਕ ‘ਖੇਡ-ਖੇਡ ਵਿੱਚ’ ਪੇਸ਼ ਕੀਤਾ ਜਾਵੇਗਾ।ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਇੱਕ ਨੁਮਾਇਸ਼ ‘ਵਿਰਸੇ ਦੀਆਂ ਬਾਤਾਂ’ ਵੀ ਲਗਾਈ ਜਾਵੇਗੀ।ਇਸ ਉਪਰੰਤ ਪੰਜਾਬੀ ਗਿਆਨ ਮੁਕਾਬਲਾ ‘ਬੋਲਦੇ ਨੇ ਅੱਖਰ’ ਕਰਵਾਇਆ ਜਾਵੇਗਾ ਜਿਸ ਵਿੱਚ ਭਾਗ ਲੈਣ ਲਈ ਕੈਲਗਰੀ ਦੇ ਬੱਚਿਆਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ।ਬਾਅਦ ਦੁਪਹਿਰ ਬੱਚਿਆਂ ਦੇ ਗਿੱਧਾ-ਭੰਗੜਾ ਸੋਲੋ ਮੁਕਾਬਲਾ ‘ਰੰਗ ਪੰਜਾਬੀ’ ਕਰਵਾਇਆ ਜਾਵੇਗਾ।ਇਸ ਮੁਕਾਬਲੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ।ਦੱਸਣਯੋਗ ਹੈ ਕਿ ਯੰਗਸਿਤਾਨ ਵਲੋਂ ਹਰ ਐਤਵਾਰ ਜੈਨਸਿਸ ਸੈਂਟਰ ਵਿੱਚ ਪੰਜਾਬੀ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ।ਸਮਾਗਮ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਪੰਜਾਬੀ ਕਲਾਸ ਲਈ ਬੱਚਿਆਂ ਨੂੰ ਰਜਿਸਟਰਡ ਕਰਵਾਉਣ ਲਈ 403-402-0770 ਤੇ ਸੰਪਰਕ ਕੀਤਾ ਜਾ ਸਕਦਾ ਹੈ।