ਸਕਾਈਟਰੇਨ ਦਾ ਨਿਊਟਨ ਤੱਕ ਵਿਸਥਾਰ, ਪਟੂਲੋ ਬ੍ਰਿਜ ਛੇ ਲੇਨ ਤੇ ਮੈਸੀ ਟਨਲ ਦਾ ਬਦਲਵਾਂ ਹੱਲ ਦੇਣ ਦਾ ਐਲਾਨ-
ਸਰੀ ( ਦੇ ਪ੍ਰ ਬਿ)-ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਸਰੀ ਨੂੰ ਫਸਟ ਕਲਾਸ ਸਿਟੀ ਬਣਾਉਣ ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ। ਉਹਨਾਂ ਸਰੀ ਦੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਲਈ ਵਿਆਪਕ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਬੀ ਸੀ ਐਨ ਡੀ ਪੀ ਨੇ ਸਰੀ ਦੀ ਲੰਬੇ ਸਮੇਂ ਤੋ ਅਣਦੇਖੀ ਕੀਤੀ ਹੈ ਪਰ ਉਹ ਸਰੀ ਨੂੰ ਫਸਟ ਕਲਾਸ ਸਿਟੀ ਬਣਾਉਣਗੇ।
ਜੌਨ ਰਸਟੈਡ ਨੇ ਸਰੀ ਵਾਸਤੇ ਅੱਜ ਇੱਕ ਵਿਸ਼ੇਸ਼ ਬੁਨਿਆਦੀ ਢਾਂਚੇ ਅਤੇ ਆਵਾਜਾਈ ਯੋਜਨਾ ਦਾ ਐਲਾਨ ਕੀਤਾ। ਗੈਟ ਬੀ ਸੀ ਮੂਵਿੰਗ ਦੇ ਬੈਨਰ ਹੇਠ ਰਸਟੈਡ ਨੇ ਕਿਹਾ ਹੈ ਕਿ ਜਦੋਂ ਕਿ ਹਰ ਕਿਸਮ ਦੇ ਬੁਨਿਆਦੀ ਢਾਂਚੇ ਦੀ ਮੰਗ ਵਧਦੀ ਜਾ ਰਹੀ ਹੈ, ਐਨਡੀਪੀ ਅੱਜ ਮੌਜੂਦਾ ਰੁਕਾਵਟਾਂ ਨੂੰ ਠੀਕ ਕਰਨ ਵਿੱਚ ਅਸਫਲ ਰਹੀ ਹੈ। ਸ਼ਹਿਰ ਦੀ ਵਧ ਰਹੀ ਆਬਾਦੀ ਨੂੰ ਵਧ ਰਹੇ ਟਰਾਂਜ਼ਿਟ ਨੈੱਟਵਰਕ ਦੀ ਲੋੜ ਹੈ। ਉਹਨਾਂ ਐਲਾਨ ਕੀਤਾ ਹੈ ਕਿ ਉਹ ਸਰੀ ਵਿੱਚ ਸਕਾਈ ਟਰੇਨ ਦਾ ਨਿਊਟਨ ਤੱਕ ਵਿਸਥਾਰ ਕਰਨਗੇ।ਟਰਾਂਸਪੋਰਟ 2050 ਯੋਜਨਾ ਵਿੱਚ ਮੁੱਖ ਪ੍ਰੋਜੈਕਟਾਂ ਨੂੰ ਫੰਡ ਦੇਵਾਂਗੇ ਅਤੇ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਭਰੋਸੇਯੋਗ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਵਾਂਗੇ। ਕੰਸਰਵੇਟਿਵ ਖੇਤਰੀ ਆਵਾਜਾਈ ਨੂੰ ਵੀ ਤਰਜੀਹ ਦੇਣਗੇ, ਜਿਸ ਵਿੱਚ ਫਰੇਜ਼ਰ ਵੈਲੀ ਖੇਤਰੀ ਰੇਲ ਅਤੇ ਸੀ-ਟੂ-ਸਕਾਈ ਕੋਰੀਡੋਰ ਵਿੱਚ ਵਿਸਤ੍ਰਿਤ ਆਵਾਜਾਈ ਸੇਵਾ ਦੇ ਨਾਲ-ਨਾਲ ਜਨਤਕ ਆਵਾਜਾਈ ਸਹੂਲਤਾਂ ਨੂੰ ਵਧਾਇਆ ਜਾਵੇਗਾ।
ਉਹਨਾਂ ਨਵੇਂ ਪੈਟੂਲੋ ਬ੍ਰਿਜ ਦਾ ਵਿਸਥਾਰ ਕਰਨ ਦਾ ਵੀ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪਟੂਲੋ ਬ੍ਰਿਜ ਜੋ ਕਿ ਸਰੀ ਅਤੇ ਨਿਊ ਵੈਸਟਮਿੰਸਟਰ ਵਿਚਕਾਰ ਇੱਕ ਮਹੱਤਵਪੂਰਨ ਕੜੀ ਹੈ। ਐਨਡੀਪੀ ਸਰਕਾਰ ਦੇ ਅਧੀਨ, ਬਦਲਵੇਂ ਪੁਲ ਨੂੰ ਚਾਰ ਮਾਰਗੀ ਤੱਕ ਸੀਮਤ ਕਰ ਦਿੱਤਾ ਗਿਆ ਹੈ, ਜੋ ਇਹਨਾਂ ਦੋ ਤੇਜ਼ੀ ਨਾਲ ਫੈਲ ਰਹੇ ਭਾਈਚਾਰਿਆਂ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ।
ਉਹਨਾਂ ਕਿਹਾ ਅਸੀਂ ਪੈਟੂਲੋ ਬ੍ਰਿਜ ਨੂੰ ਤੁਰੰਤ ਛੇ ਲੇਨ ਵਿੱਚ ਵਧਾਵਾਂਗੇ। ਇਸੇ ਤਰਾਂ ਜਾਰਜ ਮੈਸੀ ਟਨਲ ਨੂੰ ਬਿਨਾਂ ਦੇਰੀ ਦੇ ਬਦਲਣਾ ਉਹਨਾਂ ਦੀ ਮੁੱਖ ਤਰਜੀਹ ਹੋਵੇਗੀ। ਉਹਨਾਂ ਕਿਹਾ ਕਿ ਇਹ ਪੁਰਾਣੀ ਸੁਰੰਗ ਇੱਕ ਰੁਕਾਵਟ ਹੈ ਜੋ ਸਾਡੀ ਆਰਥਿਕਤਾ ਅਤੇ ਇਸ ਉੱਤੇ ਨਿਰਭਰ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰੇਸ਼ਾਨ ਕਰ ਰਹੀ ਹੈ। ਅਸੀਂ ਇਸਨੂੰ ਜਲਦੀ ਤੋਂ ਜਲਦੀ ਇੱਕ ਨਵੀਂ, ਉੱਚ-ਸਮਰੱਥਾ ਵਾਲੇ ਕਰਾਸਿੰਗ ਵਿਚ ਬਦਲਣ ਦਾ ਪ੍ਰਬੰਧ ਕਰਾਂਗੇ।