ਰਚਨਾ ਸਿੰਘ ਤੇ ਜਗਰੂਪ ਬਰਾੜ ਵਲੋਂ ਸਾਂਝਾ ਬਿਆਨ ਜਾਰੀ-
ਸਰੀ ( ਦੇ ਪ੍ਰ ਬਿ)- – ਬੀਸੀ ਐਨਡੀਪੀ ਦੀ ਸਰੀ ਨਾਰਥ ਤੋਂ ਉਮੀਦਵਾਰ ਰਚਨਾ ਸਿੰਘ ਅਤੇ ਸਰੀ-ਫਲੀਟਵੁੱਡ ਤੋਂ ਉਮੀਦਵਾਰ ਜਗਰੂਪ ਬਰਾੜ ਦਾ ਕਹਿਣਾ ਹੈ ਕਿ ਉਹ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਪਾਸਾਰ ਲਈ ਸਾਈਮਨ ਫਰੇਜ਼ਰ ਯੂਨੀਵਰਸਿਟੀ (ਐਸਐਫਯੂ ) ਤੇ ਹੋਰ ਸੰਸਥਾਵਾਂ ਦਾ ਸਹਿਯੋਗ ਲੈਣਗੇ।
ਇਥੇ ਜਾਰੀ ਇਕ ਸਾਂਝੇ ਬਿਆਨ ਵਿਚ ਰਚਨਾ ਸਿੰਘ ਨੇ ਕਿਹਾ ਕਿ ਸਾਡੀਆਂ ਸਥਾਨਕ ਯੂਨੀਵਰਸਿਟੀਆਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਜਿਸ ਭਾਈਚਾਰੇ ਵਿੱਚ ਹਨ, ਉਸ ਨਾਲ ਉਹਨਾਂ ਦਾ ਨੇੜਲਾ ਸਬੰਧ ਵੀ ਹੋਵੇ। ਇਹ ਉਦੋਂ ਹੋਰ ਵੀ ਮਹੱਤਵਪੂਰਣ ਹੈ ਜਦੋਂ ਇੱਥੇ ਸਰੀ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਖੋਲ੍ਹ ਰਹੇ ਹਾਂ ਤੇ ਨਵੇਂ ਡਾਕਟਰ ਬਣਨਗੇ। ਉਹਨਾਂ ਲਈ ਪੰਜਾਬੀ ਭਾਸ਼ਾ ਲਈ ਇੱਕ ਅਧਿਐਨ ਵਿਭਾਗ ਸਥਾਪਤ ਕਰਨਾ ਇਹ ਯਕੀਨੀ ਬਣਾਏਗਾ ਕਿ ਇਹ ਪੰਜਾਬੀ ਭਾਸ਼ਾ ਸਿੱਖਣ ਲਈ ਐਸ ਐਫ ਯੂ ਦੇ ਪਾਠਕ੍ਰਮ ਵਿਚ ਸ਼ਾਮਿਲ ਹੋਵੇ। ਇਸ ਨਾਲ ਹੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਵਿੱਚ ਸਰਗਰਮੀ ਨਾਲ ਯੋਗਦਾਨ ਪਾਇਆ ਜਾ ਸਕਦਾ ਹੈ।ਇਸ ਦੌਰਾਨ ਜਗਰੂਪ ਬਰਾੜ ਨੇ ਕਿਹਾ ਕਿ ਇਸ ਸਮੇਂ, ਸਾਡੇ ਕੋਲ ਆਪਣੀ ਭਾਸ਼ਾ, ਸੱਭਿਆਚਾਰ ਅਤੇ ਗਿਆਨ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਇਕ ਮੌਕਾ ਹੈ। ਉਹਨਾਂ ਕਿਹਾ ਕਿ ਅਗਰ ਐਨ ਡੀ ਪੀ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਅਸੀ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕਾਸ ਲਈ ਵਿਦਿਆਰਥੀਆਂ ਨੂੰ ਸਿੱਖਣ ਲਈ ਲੋੜੀਂਦੇ ਟੂਲ ਮੁਹੱਈਆ ਕਰਾਵਾਂਗੇ।