ਕੰਸਰਵੇਟਿਵ ਉਮੀਦਵਾਰ ਗੈਸਪਰ ਨੇ ਸਿਹਤ ਸਹੂਲਤਾਂ, ਅਫੋਰਡੇਬਿਲਟੀ ਤੇ ਹੋਰ ਮੁੱਦਿਆਂ ਤੇ ਐਨ ਡੀ ਪੀ ਉਮੀਦਵਾਰ ਪੈਮ ਨੂੰ ਘੇਰਿਆ-
ਮਿਸ਼ਨ ( ਦੇ ਪ੍ਰ ਬਿ)- ਬੀਤੀ ਸ਼ਾਮ ਐਬਸਫੋਰਡ ਚੈਂਬਰ ਆਫ ਕਾਮਰਸ ਵਲੋਂ ਐਬਸਫੋਰਡ-ਮਿਸਨ ਤੋਂ ਐਨ ਡੀ ਪੀ ਵਿਧਾਇਕ ਤੇ ਉਮੀਦਵਾਰ ਪੈਮ ਅਲੈਕਸਿਸ ਅਤੇ ਕੰਸਰਵੇਟਿਵ ਉਮੀਦਵਾਰ ਰੀਐਨ ਗੈਸਪਰ ਵਿਚਾਲੇ ਇਕ ਡੀਬੇਟ ਦਾ ਆਯੋਜਨ ਕਲਾਰਕ ਥੀਏਟਰ ਮਿਸ਼ਨ ਵਿਖੇ ਕੀਤਾ ਗਿਆ।
ਦੋਵਾਂ ਉਮੀਦਵਾਰਾਂ ਵਿਚਾਲੇ ਵੱਖ- ਵੱਖ ਮੁੱਦਿਆਂ ਉਪਰ ਉਹਨਾਂ ਦੇ ਵਿਚਾਰ ਜਾਣਨ ਤੋਂ ਪਹਿਲਾਂ ਮਿਸ਼ਨ ਚੈਂਬਰ ਆਫ ਕਾਮਰਸ ਦੀ ਆਗੂ ਮਰੀਅਮ ਬੋਜ਼ਮੈਨ, ਐਬਸਫੋਰਡ ਚੈਂਬਰ ਆਫ ਕਾਮਰਸ ਦੀ ਪ੍ਰਧਾਨ ਐਲਕਸ ਮਿਸ਼ੇਲ ਨੇ ਦੋਵਾਂ ਉਮੀਦਵਾਰਾਂ ਦੇ ਮੰਚ ਤੇ ਆਉਣ ਦਾ ਸਵਾਗਤ ਕੀਤਾ ਤੇ ਬਹਿਸ ਦਾ ਮਕਸਦ ਦੱਸਿਆ। ਉਘੀ ਰੀਐਲਟਰ ਨੀਤਾ ਵਾਲੀਆ ਨੇ ਫਰੇਜਰ ਵੈਲੀ ਖੇਤਰ ਦੀ ਰੀਅਲ ਇਸਟੇਟ ਮਾਰਕੀਟ ਅਤੇ ਜਨ ਜੀਵਨ ਉਪਰ ਵੱਖ ਵੱਖ ਆਰਥਿਕ, ਸਮਾਜਿਕ ਤੇ ਰਾਜਸੀ ਪ੍ਰਸਥਿਤੀਆਂ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਤੇ ਬਹਿਸ ਲਈ ਦੋਵਾਂ ਉਮੀਦਵਾਰਾਂ ਨੂੰ ਆਪਣੇ ਵਿਚਾਰ ਰੱਖਣ ਲਈ ਉਤਸ਼ਾਹਿਤ ਕੀਤਾ। ਮੰਚ ਸੰਲਾਲਨ ਦੀ ਜਿੰਮੇਵਾਰੀ ਮਨਿੰਦਰ ਮੈਨੀ ਦਿਓਲ ਨੇ ਨਿਭਾਉਂਦਿਆਂ ਦੋਵਾਂ ਉਮੀਦਵਾਰਾਂ ਨੂੰ ਬਹਿਸ ਦੇ ਵਿਸ਼ੇ ਅਤੇ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਹਾਜ਼ਰ ਲੋਕਾਂ ਨੂੰ ਸਵਾਲ ਕਰਨ ਦਾ ਵੀ ਸੱਦਾ ਦਿੱਤਾ। ਦੋਵਾਂ ਉਮੀਦਵਾਰਾਂ ਨੇ ਆਪਣੀ ਜਾਣ-ਪਛਾਣ ਵਿੱਚ ਆਉਣ ਵਾਲੀਆਂ ਚੋਣਾਂ ਦੀ ਮਹੱਤਤਾ ਦਾ ਜ਼ਿਕਰ ਕੀਤਾ।
ਲਗਪਗ 20 ਸਾਲ ਪਾਸਟਰ ਦੀਆਂ ਜਿੰਮੇਵਾਰੀਆਂ ਨਿਭਾਉਣ ਵਾਲੀ ਕੰਸਰਵੇਟਿਵ ਉਮੀਦਵਾਰ ਗੈਸਪਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਜਿਸ ਸਥਿਤੀ ਦਾ ਅਸੀਂ ਸਾਹਮਣਾ ਕਰ ਰਹੇ ਹਾਂ – ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸਨੂੰ ਠੀਕ ਕਰਨਾ ਕਿਸੇ ਹੋਰ ਦਾ ਕੰਮ ਹੈ। ਉਸਨੇ ਕਿਹਾ ਕਿ ਮੈਂ ਰਾਜਨੀਤੀ ਵਿਚ ਨਵੀਂ ਹਾਂ ਪਰ ਪਰ ਮੈਂ ਰਾਜਨੀਤੀ ਦੇ ਮੈਦਾਨ ਵਿੱਚ ਆਉਣ ਲਈ ਆਪਣੀ ਜਿੰਮੇਵਾਰੀ ਨੂੰ ਕਿਸੇ ਹੋਰ ‘ਤੇ ਨਹੀਂ ਛੱਡਾਂਗੀ।
ਪੈਮ ਅਲੈਕਸਿਸ ਨੇ ਕਿਹਾ ਕਿ ਉਸਨੇ ਆਪਣੇ ਰਾਜਨੀਤਿਕ ਕੈਰੀਅਰ ਦੌਰਾਨ ਕਈ ਅਹੁਦਿਆਂ ਤੇ ਕੰਮ ਕੀਤਾ ਹੈ ਤੇ ਉਹ ਸਮਝਦੀ ਹੈ ਕਿ ਉਸਦਾ ਤਜੁਰਬਾ ਉਸਨੂੰ ਅੱਗੋਂ ਵੀ ਕੰਮ ਕਰਨ ਲਈ ਪ੍ਰੇਰਦਾ ਹੈ। ਉਸਨੇ ਕਿਹਾ ਕਿ ਬੀ. ਸੀ. ਲਿਬਰਲਾਂ ਦੇ ਕਾਰਜਕਾਲ ਅਧੀਨ ਫਰੇਜ਼ਰ ਵੈਲੀ ਨੂੰ ਅਣਗੌਲਿਆ ਕੀਤਾ ਗਿਆ ਸੀ। ਡੇਵਿਡ ਈਬੀ ਦੀ ਅਗਵਾਈ ਹੇਠ ਅਸੀਂ ਬਹੁਤ ਕੁਝ ਕਰਨ ਵਿਚ ਸਫਲ ਹੋਏ ਹਾਂ ਵਿਸ਼ੇਸ਼ ਕਰਕੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ । ਟਰਾਂਸਪੋਰਟੇਸ਼ਨ, ਸਕੂਲਾਂ, ਹੜ੍ਹਾਂ ਦੀ ਰੋਕਥਾਮ, ਪਾਣੀ ਅਤੇ ਸੀਵਰ, ਬੁਨਿਆਦੀ ਢਾਂਚੇ, ਰਿਹਾਇਸ਼ ਅਤੇ ਸਿਹਤ ਸੰਭਾਲ ਵਿੱਚ ਕਾਫੀ ਨਿਵੇਸ਼ ਕੀਤਾ ਗਿਆ ਹੈ ਤੇ ਐਨ ਡੀ ਪੀ ਇਹਨਾਂ ਕੰਮਾਂ ਨੂੰ ਅੱਗੋਂ ਵੀ ਜਾਰੀ ਰੱਖੇਗੀ।
ਅਲੈਕਸਿਸ ਨੇ ਕਿਹਾ ਕਿ ਸਿਹਤ ਸੰਭਾਲ ਦੇ ਖੇਤਰ ਵਿਚ 853 ਨਵੇਂ ਫੈਮਿਲੀ ਡਾਕਟਰ ਅਤੇ 6,300 ਨਰਸਾਂ ਨੂੰ ਸੂਬੇ ਭਰ ਵਿੱਚ ਨਿਯੁਕਤ ਕੀਤਾ ਗਿਆ ਹੈ। ਉਹ ਕਹਿੰਦੀ ਹੈ ਕਿ ਫਰੇਜ਼ਰ ਵੈਲੀ ਭਾਈਚਾਰਿਆਂ ਨੂੰ ਡਾਕਟਰਾਂ ਲਈ ਵਧੇਰੇ ਆਕਰਸ਼ਕ ਬਣਾਉਣ ਲਈ ਨਗਰ ਪਾਲਿਕਾਵਾਂ ਨਾਲ ਸਹਿਯੋਗ ਦੀ ਲੋੜ ਹੈ।
ਪਰ ਇਸ ਦੌਰਾਨ ਕੰਸਰਵੇਟਿਵ ਉਮੀਦਵਾਰ ਗੈਸਪਰ ਨੇ ਸਿਹਤ, ਸਿਖਿਆ, ਰਿਹਾਇਸ਼, ਘਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਐਨ ਡੀ ਪੀ ਸਰਕਾਰ ਉਪਰ ਤਿੱਖੇ ਹਮਲੇ ਕਰਦਿਆਂ ਪੈਮ ਐਲਕਸਿਸ ਨੂੰ ਨਿਰਉਤਰ ਕਰ ਦਿੱਤਾ। ਉਸਨੇ ਕਿਹਾ ਕਿ ਭਾਵੇਂਕਿ ਮੈਂ ਰਾਜਨੀਤੀ ਵਿਚ ਨਵੀਂ ਹਾਂ ਪਰ ਜੋ ਕੰਮ ਲੋਕਾਂ ਦੇ ਪ੍ਰਤੀਨਿਧਾਂ ਨੇ ਕਰਨੇ ਹੁੰਦੇ ਹਨ, ਉਸਦੀ ਜਿੰਮੇਵਾਰੀ ਕਿਸੇ ਹੋਰ ਤੇ ਨਹੀਂ ਪਾਈ ਜਾ ਸਕਦੀ ਹੈ। ਉਸਨੇ ਮਿਸ਼ਨ ਵਿਚ ਸਿੱਖਿਆ ਸੰਸਥਾ ਦੀ ਘਾਟ, ਮੈਡੀਕਲ ਸਹੂਲਤਾਂ ਦੀ ਕਮੀ, ਆਵਾਜਾਈ ਦੇ ਸਾਧਨਾਂ ਦੀ ਘਾਟ ਤੇ ਘਰਾਂ ਖਰੀਦਣਾਂ ਲੋਕਾਂ ਦੀ ਪਹੁੰਚ ਤੋ ਬਾਹਰ ਹੋ ਜਾਣ ਲਈ ਐਨ ਡੀ ਪੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਸਨੇ ਕਿਹਾ ਕਿ ਬੀ ਸੀ ਕੰਸਰਵੇਟਿਵ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਤਿਆਰ ਖੜੀ ਹੈ। ਉਸਨੇ ਲੋਕਾਂ ਨੂੰ ਤਬਦੀਲੀ ਦਾ ਸੱਦਾ ਦਿੱਤਾ ਜਿਸਦਾ ਹਾਜ਼ਰੀਨ ਨੇ ਤਾੜੀਆਂ ਦੀ ਗੂੰਜ ਵਿਚ ਸਵਾਗਤ ਕੀਤਾ। ਦੋਵਾਂ ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਦੇ ਮੁੱਦੇ ਉਪਰ ਵੀ ਸਵਾਲ ਪੁੱਛਿਆ ਗਿਆ ਜਿਸਦਾ ਗੈਸਪਰ ਨੇ ਜਵਾਬ ਦਿੰੰਦਿਆਂ ਕਿਹਾ ਕਿ ਉਹ ਵੀ ਇਕ ਇਮੀਗਰਾਂਟ ਪਰਿਵਾਰ ਨਾਲ ਸਬੰਧਿਤ ਹੈ। ਇਮੀਗ੍ਰੇਸ਼ਨ ਸਾਡੇ ਗਰੇਟ ਕੰਟਰੀ ਦੀ ਲੋੜ ਹੈ ਪਰ ਉਹ ਚਾਹੁੰਦੀ ਹੈ ਕਿ ਇਮੀਗ੍ਰੇਸਨ ਪੜੇ ਲਿਖੇ ਤੇ ਯੋਗ ਲੋਕਾਂ ਨੂੰ ਮਿਲੇ। ਪੁਆਇੰਟ ਸਿਸਟਮ ਸਭ ਤੋ ਵਧੀਆ ਢੰਗ ਹੈ। ਪੜੇ ਲਿਖੇ ਤੇ ਯੋਗ ਲੋਕ ਮੁਲਕ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਪੈਮ ਨੇ ਫੈਡਰਲ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਨੂੰ ਨੁਕਸਦਾਰ ਦੱਸਿਆ। ਬਹਿਸ ਦੌਰਾਨ ਵੱਖ ਵੱਖ ਸਵਾਲ ਜਿਹਨਾਂ ਵਿਚ ਕਾਰਬਨ ਟੈਕਸ, ਟਰਾਂਸਲਿੰਕ, ਅਪਰਾਧ ਦਰ, ਗੰਨ ਪਾਲਸੀ, ਵਾਤਾਵਰਣ ਸੰਭਾਲ, ਅਫੋਰਡੇਬਲ ਹਾਉਸਿੰਗ, ਬਿਲਡਿੰਗ ਪਰਮਿਟ, ਬਾਈਲਾਅਜ ਤੇ ਹੋਰ ਸਥਾਨਕ ਮਸਲਿਆਂ ਬਾਰੇ ਸ਼ਾਮਿਲ ਸਨ, ਬਾਰੇ ਦੋਵਾਂ ਉਮੀਦਵਾਰਾਂ ਨੇ ਆਪੋ ਆਪਣੀ ਸਮਝ ਮੁਤਾਬਿਕ ਜਵਾਬ ਦਿੱਤੇ। ਬਹਿਸ ਦੌਰਾਨ ਕੰਸਰਵੇਟਿਵ ਉਮੀਦਵਾਰ ਗੈਸਪਰ ਦੇ ਠੋਕਵੇਂ ਜਵਾਬਾਂ ਸਮੇਂ ਹਾਜ਼ਰੀਨ ਦੀਆਂ ਤਾੜੀਆਂ ਦੀ ਗੂੰਜ ਕੁਝ ਵਧੇਰੇ ਸੁਣਾਈ ਦਿੱਤੀ। ਇਸ ਮੌਕੇ ਸ਼ਹਿਰ ਦੇ ਪਤਵੰਤੇ ਜਿਹਨਾਂ ਵਿਚ ਕੌਂਸਲਰ ਜੈਗ ਗਿੱਲ,ਸੱਤੀ ਗਰੇਵਾਲ, ਅਰਸ਼ ਕਲੇਰ, ਡੇਵ ਪੈਲੀਕਨ, ਸੁੱਖੀ ਸੰਧੂ ਤੇ ਹੋਰ ਹਾਜ਼ਰ ਸਨ।
ਇਸ ਦੌਰਾਨ ਇਕ ਔਰਤ ਵੋਟਰ ਵਲੋਂ ਉਠਾਇਆ ਪੋਸਟਰ ਵਾਰ-ਵਾਰ ਲੋਕਾਂ ਦਾ ਧਿਆਨ ਖਿਚਦਾ ਰਿਹਾ ਜਿਸ ਉਪਰ ਐਨ ਡੀ ਪੀ ਉਮੀਦਵਾਰ ਪੈਮ ਨੂੰ ਸੰਬੋਧਨ ਹੁੰਦਿਆਂ ਲਿਖਿਆ ਸੀ ”ਪੈਮ ਹਲਕੇ ਦੇ ਲੋਕਾਂ ਨੂੰ ਬੋਲਣ ਤੋਂ ਨਾ ਰੋਕੋ।”