Headlines

ਬੀਸੀ ਕੰਸਰਵੇਟਿਵ ਬਣਾਏਗੀ ਸਰੀ ਨੂੰ ਬੀਸੀ ਦਾ ਫਸਟ ਕਲਾਸ ਸਿਟੀ-ਧਾਲੀਵਾਲ, ਬੱਲ

ਸਰੀ ( ਦੇ ਪ੍ਰ ਬਿ)-ਸਰੀ-ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਤੇ ਸਰੀ-ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਤੇ  ਨੇ ਇਕ ਸਾਂਝੇ ਬਿਆਨ ਰਾਹੀਂ ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਵਲੋਂ ਸਰੀ ਦੇ ਸਰਬਪੱਖੀ ਵਿਕਾਸ ਤੇ ਬੀ ਸੀ ਦਾ ਫਸਟ ਕਲਾਸ ਸ਼ਹਿਰ ਬਣਾਉਣ ਲਈ ਭਾਰੀ ਨਿਵੇਸ਼ ਕੀਤੇ ਜਾਣ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਬੀ ਸੀ ਕੰਸਰਵੇਟਿਵ ਸਰਕਾਰ ਬਣਨ ਤੇ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੰਸਰਵੇਟਿਵ ਪਾਰਟੀ ਆਗੂ ਵਲੋਂ ਸਕਾਈਟਰੇਨ ਦਾ ਸਰੀ ਸੈਂਟਰ ਤੋਂ ਨਿਊਟਨ ਤੱਕ ਵਿਸਥਾਰ, ਪਟੂਲੋ ਬ੍ਰਿਜ ਨੂੰ 6 ਲੇਨਾਂ ਵਾਲਾ ਕਰਨ ਅਤੇ ਮੈਸੀ ਟਨਲ ਰਾਹੀਂ ਆਵਾਜਾਈ ਨੂੰ ਸੌਖਾਲਾ ਕਰਨ ਲਈ ਬਦਲਵਾਂ ਪ੍ਰਬੰਧ ਕਰਨ ਦੇ ਐਲਾਨ ਸਰੀ ਨਿਵਾਸੀਆਂ ਪ੍ਰਤੀ ਉਹਨਾਂ ਦੀ ਤਰਜੀਹ ਨੂੰ ਬਿਆਨ ਕਰਦੇ ਹਨ। ਅਗਲੇ 10 ਸਾਲਾਂ ਵਿਚ ਸਰੀ ਵੈਨਕੂਵਰ ਤੋਂ ਵੱਡਾ ਸ਼ਹਿਰ ਬਣਨ ਜਾ ਰਿਹਾ ਹੈ। ਜਿਸ ਲਈ ਕਿਸੇ ਵੀ ਸਰਕਾਰ ਨੂੰ ਸਰੀ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਤੇ ਵਿਸਥਾਰ ਲਈ ਵਧੇਰੇ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹ ਪਾਰਟੀ ਆਗੂ ਦੇ ਧੰਨਵਾਦੀ ਹਨ ਜੋ ਸਰੀ ਨਿਵਾਸੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਲੈ ਰਹੇ ਹਨ। ਇਸਦੇ ਨਾਲ ਹੀ ਦੋਵਾਂ ਉਮੀਦਵਾਰਾਂ ਨੇ ਕਿਹਾ ਅੱਜ ਸਰੀ ਵਿਚ ਹੋਰ ਸਮੱਸਿਆਵਾਂ ਦੇ ਨਾਲ ਸਿਹਤ ਸਹੂਲਤਾਂ ਦਾ ਸਭ ਤੋਂ ਮੰਦਾ ਹਾਲ ਹੈ। ਐਨ ਡੀ ਪੀ ਸਰਕਾਰ ਵਲੋਂ ਨਵਾਂ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ  ਨਵੇਂ ਹਸਪਤਾਲ ਦੀ ਉਸਾਰੀ ਅਜੇ ਤੱਕ ਲੋੜੀਂਦੇ ਪਰਮਿਟ ਵੀ ਹਾਸਲ ਨਹੀ ਕੀਤੇ ਗਏ ਪਰ ਐਨ ਡੀ ਪੀ ਆਗੂ ਲੋਕਾਂ ਨੂੰ ਨਵਾਂ ਹਸਪਤਾਲ ਬਣਾਏ ਜਾਣ ਦਾ ਝੂਠਾ ਲਾਰਾ ਅਜੇ ਵੀ ਦੁਹਰਾਈ ਜਾ ਰਹੇ ਹਨ। ਮਨਦੀਪ ਧਾਲੀਵਾਲ ਤੇ ਤੇਗਜੋਤ ਬੱਲ ਨੇ ਲੋਕਾਂ ਨੂੰ ਦੂਰਅੰਦੇਸ਼ ਆਗੂ ਜੌਹਨ ਰਸਟੈਡ ਨੂੰ ਪ੍ਰੀਮੀਅਰ ਬਣਾਉਣ ਲਈ ਬੀਸੀ ਕੰਸਰਵੇਟਿਵ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ।