Headlines

ਕਬੱਡੀ ਦੇ ਬੇਜੋੜ ਜਾਫੀ, ਬੋਲਾ ਘੱਣਗੱਸ ਵਾਲਾ ਦਾ ਕੈਨੇਡਾ ਦੌਰੇ ਦੌਰਾਨ ਸਵਾਗਤ

ਸਰੀ (ਸੰਤੋਖ ਸਿੰਘ ਮੰਡੇਰ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ 70ਵਿਆਂ ਵਿਚ ਸ਼ਾਹਜੋਰ ਜਾਫੀ, ਕਬੱਡੀ ਖਿਡਾਰੀ ਸਰਦਾਰ ਦਰਬਾਰਾ ਸਿੰਘ ਖੰਗੂੜਾ (ਬੋਲਾ ਘੱਣਗੱਸ ਵਾਲਾ), ਸਪੁੱਤਰ ਸਰਦਾਰ ਮਹਾਂ ਸਿੰਘ ਪਿੰਡ ਘੱਣਗੱਸ ਨੇੜੇ ਰਾੜਾ ਸਾਹਿਬ, ਜਿਲਾ ਲੁਧਿਆਣਾ, ਪੰਜਾਬ, ਯੂ ਕੇ-ਇੰਗਲੈਡ ਦੇ ਸ਼ਹਿਰ ਗਰੇਵਜੈਡ ਤੋ ਆਪਣੇ ਸਾਕ ਸਬੰਧੀਆਂ ਤੇ ਯਾਰਾਂ ਦੋਸਤਾਂ ਨੂੰ ਉਚੇਚਾ ਮਿਲਣ ਲਈ ਕਨੈਡਾ ਅਮਰੀਕਾ ਪਹੁੰਚਿਆ ਹੋਇਆ ਹੈ| ‘ਬੋਲਾ ਕੌਡੀ ਵਾਲਾ’ ਅਜ ਕਲ ਪ੍ਰੀਵਾਰ ਨਾਲ ਲੰਡਨ ਦੇ ਨਜਦੀਕ, ਦੱਖਣ ਪੂਰਬ ਵਿਚ ਥੇਮਜ ਦਰਿਆ ਉਪੱਰ ਵਸੇ ਕੈਟ ਕੌਟੀ ਦੇ ਗਰੇਵਜੈਡ ਸ਼ਹਿਰ ਵਿਚ ਰਹਿੰਦਾ ਹੈ| ਲੰਡਨ ਸ਼ਹਿਰ ਦਾ ‘ਹੀਥਰੋ ਹਵਾਈ ਅੱਡਾ’ ਬ੍ਰਿਟਿਸ਼ ਏਅਰਲਾਈਨ ਦਾ ਘਰ ਹੈ ਜਦੋ ਕਿ ਗਰੇਵਜੈਡ ਕੈਟ ਦੇ ਲਾਗੇ ਕੈਟ ਕੌਟੀ ਦਾ ‘ਸਟੈਨਸਟੱਡ ਅੰਤ੍ਰਰਾਸ਼ਟਰੀ ਹਵਾਈ ਅੱਡਾ’ ‘ਰਾਇਨ ਏਅਰ’ ਦੀਆਂ ਯੂਰਪੀਨ ਮੁਲਕਾਂ ਨੂੰ ਹਵਾਈ ਉਡਾਣਾਂ ਦੀ ਹਵੇਲੀ ਹੈ| ਹੀਥਰੋ ਏਅਰਪੋਰਟ ਤੋ ਸਟੈਨਸਟੈਡ ਦਾ ਹਵਾਈ ਅੱਡਾ 66 ਮੀਲ ਹੈ ਜੋ 1 ਘੰਟਾ 15 ਮਿੰਟ ਵਿਚ ‘ਸੱ਼ਟਲ ਬੱਸ’ ਦੇ ਸਫ਼ਰ ਨਾਲ ਤਹਿ ਹੋ ਜਾਂਦਾ ਹੈ| ਗਰੇਵਜੈਡ ਸ਼ਹਿਰ ਤੋ ਸਟੈਨਸਟੱਡ ਹਵਾਈ ਅੱਡਾ 47 ਮੀਲ ਹੈ ਜੋ ਇਕ ਘੰਟੇ ਦਾ ਸਫ਼ਰ ਹੈ|
ਲੁਧਿਆਣੇ ਜਿਲੇ ਦੀ ਕਬੱਡੀ ਟੀਮ 70ਵੀਆਂ ਵਿਚ ਪੰਜਾਬ ਕਬੱਡੀ ਚੈਮਪੀਅਨਸਿ਼ਪ ਵਿਚ ਜੇਤੂ ਰਹਿੰਦੀ, ਜਿਸ ਵਿਚ ‘ਘੱਣਗੱਸ’ ਪਿੰਡ ਦੇ ਕਬੱਡੀ ਖਿਡਾਰੀਆਂ ਦੀ ਚੜਤ ਹੁੰਦੀ ਸੀ| ਲੁਧਿਆਣਾ ਜਿਲੇ ਦੇ ਪਿੰਡਾਂ ਵਿਚ ‘ਨੌਜਵਾਨ ਸਭਾਵਾਂ’ ਦੇ ਇਕ ਪਿੰਡ ਕਬੱਡੀ ਟੂਰਨਾਂਮੈਟਾਂ ਵਿਚ ‘ਘੱਣਗੱਸ ਪਿੰਡ’ ਤੇ ਮੇਰੇ ‘ਜਰਗ ਪਿੰਡ’ ਦੀਆਂ ਕਬੱਡੀ ਟੀਮਾਂ ਦੇ ਮੈਚ ਜੇਤੂ ਬੱਨਣ ਲਈ ਆਖਰ ਵਿਚ ਹੁੰਦੇ ਪਰ ‘ਘੱਣਗੱਸ’ ਪਿੰਡ ਦੀ ‘ਬੋਲੇ-ਤਾਰੇ-ਪੱਥਰ’ ਹੋਰਾਂ ਦੀ ਕਬੱਡੀ ਟੀਮ ਜਿਤ ਜਾਂਦੀ ਸੀ| ਲੁਧਿਆਣੇ ਜਿਲੇ ਦੀ ਕਬੱਡੀ ਟੀਮ ਵਿਚ ਪੰਡਿਤ ਦੇਵੀ ਦਿਆਲ-ਕੁੱਬੇ, ਅਵਤਾਰ-ਤਾਰਾ, ਦਰਬਾਰਾ-ਬੋਲਾ, ਨੱਛਤਰ-ਪੱਥਰ, ਬਿਲਾ ਕਰਤਾਪ-ਕੀਤੂ, ਗੁਰਨਾਮ-ਗਾਮਾ ਸਾਰੇ ਘੱਣਗੱਸ, ਸੁਰਜੀਤ-ਸਾਹਨੇਵਾਲ ਤੇ ਰਛਪਾਲ ਤੋਤਾ-ਨੰਦਪੁਰ (ਸਾਹਨੇਵਾਲ), ਪਰੀਤਾ-ਰਾਏਕੋਟ, ਡੀ ਪੀ ਕੇਵਲ-ਕੌਡਾ ਤੇ ਜੈਲਦਾਰ ਜੱਗਪਾਲ ਗਰੇਵਾਲ-ਗੱੁਜਰਵਾਲ, ਬਲਦੇਵ ਸਿਮਰੂ-ਨੱਤਾਂ, ਮਲਕੀਤ ਘੁਦੂ-ਫੱਲੇਵਾਲ, ਅਜੈਬ ਤੇ ਪੂਰਨ-ਲੁੱਡੀ ਭਾਦਲਾ, ਮੀਤੋ ਤੇ ਦਰਸ਼ਨ-ਬੜੀ ਮੰਗਲੀ, ਠਾਣਾ ਹਰਜਿੰਦਰ ਚੀਮਾ-ਭਰੋਵਾਲ, ਅਰਜਨ-ਕਾਂਉਕੇ, ਹੁਸਿ਼ਆਰਾ, ਅਮਰਜੀਤ-ਕਾਕਾ, ਮੱਘਰ, ਤੇ ਪੱਮੀ ਖੈਹਰੇ, ਬਲਜੀਤ ਗੋਲਾ, ਹਰਦੇਵ-ਕਾਲਾ ਗੋਲਾ ਜਰਗ ਤੇ ਦਲਬੀਰ ਚੌਧਰੀ, ਰਘੁਬੀਰ ਤੇ ਗੋਗੀ ਜਰਗੜੀ, ਬਲਵੀਰ ਬਿਟੂ-ਜਸਪਾਲ ਬਾਂਗਰ, ਨਿੰਮਾ ਬਰਵਾਲੀ, ਜੱਗਸ਼ੀਰ ਸ਼ੀਰਾ-ਭਿੰਡਰਾਂ, ਲਾਲੀ-ਚੂਹੜ ਚੱਕ, ਮੱਖਣ-ਚੜਿਕ, ਸੁਰਿੰਦਰਪਾਲ ਟੋਨੀ-ਕਾਲਖ, ਨਿਰਭੈ-ਭਾਈ ਕੀ ਚੱਕ, ਮੰਦਰ-ਲੰਡੇ, ਜੱਸਵੰਤ-ਜੱਸਾ ਮੰਡੀਆਂ, ਮਹਿੰਦਰ-ਦੁੱਗਰੀ, ਸਵਰਨਾ ਤੇ ਮੇਜੀ ਉਟਾਲਾਂ, ਪਾਲੀ-ਮਾਦਪੁਰ, ਬਲਜੀਤ ਦੁੱਗਰੀ, ਸਵਰਨਾ-ਹਰਬੰਸਪੁਰਾ, ਅੰਗਰੇਜ, ਭਿੰਦਰ ਤੇ ਲਾਲੀ ਅੜੈਚਾ, ਮਲਕੀਤ-ਬਾਬਾ ਮੀਤਾ ਤੇ ਗੁਰਮੀਤ ਕਾਟੋ-ਕੁੱਬੇ, ਭੀਮਾ ਸਹੇੜੀ ਤੇ ਕਿੰਦੂ ਬਿਹਾਰੀਪੁਰ, ਛੋਟੇ ਖੰਨੇ ਵਾਲੇ ਗਿਲ ਭਰਾ-ਸੁਰਜੀਤ ਤੇ ਸੁੱਚਾ, ਇਹ ਸਾਰੇ ਲੁਧਿਆਣੇ ਜਿਲੇ ਦੀ ਕਬੱਡੀ ਸਰਕਲ ਤੇ ਨੈਸ਼ਨਲ ਸਟਾਈਲ ਟੀਮ ਵਿਚ ਸਮੇ ਸਮੇ ਲੰਮਾ ਸਮਾ ਖੇਡੇ ਤੇ ਪੰਜਾਬ ਦੇ ਚੈਮਪੀਅਨ ਵੀ ਬਣਦੇ ਰਹੇ| ਮੈ ਤੇ ਮਰਹੂਮ ਸ਼੍ਰੀ ਦੇਵੀ ਦਿਆਲ ਇਕਠੇ ਦੋ ਸਾਲ ਪੰਜਾਬ ਖੇਡ ਵਿਭਾਗ ਵਿਚ ਲੁਧਿਆਣੇ ਜਿਲੇ ਦੇ ਕਬੱਡੀ ਕੋਚ ਵੀ ਰਹੇ|
ਸੰਨ 1974 ਵਿਚ ਸਰਦਾਰ ਅਵਤਾਰ ਸਿੰਘ ਖੰਗੂੜਾ-ਤਾਰਾ ਘੱਣਗੱਸ ਲੁਧਿਆਣਾ (ਰੇਡਰ) ਤੇ ਨੱਛਤਰ ਸਿੰਘ ਢਾਂਡੀ-ਫਿਰੋਜਪੁਰ (ਸਟੌਪਰ) ਸਭ ਤੋ ਪਹਿਲਾਂ ਇੰਗਲੈਡ ਦੀ ਕਬੱਡੀ ਟੀਮ ਲਈ ਪੰਜਾਬ ਤੋ ਚੁਣ ਕੇ ਲਿਆਦੇ ਗਏ, ਜੋ ਬਾਦ ਵਿਚ ਮਿਡਲੈਡ-ਬਰਮਿੰਗਹੈਮ ਦੇ ਗੁਰੁ ਨਾਨਕ ਗੁਰੂਦਵਾਰਾ-ਸਮੈਦਿਕ ਦੇ “ਸਮੈਦਿਕ ਕਬੱਡੀ ਕਲੱਬ” ਲਈ ਖੇਡਦੇ ਰਹੇ| ਸੰਨ 1977 ਵਿਚ ਦੇਵੀ ਦਿਆਲ ਤੇ ਦਰਬਾਰਾ ਬੋਲਾ ਇੰਗਲੈਡ ਆਏ ਸਨ| ਦਰਬਾਰਾ ਬੋਲਾ, ਤਾਰੇ ਘੱਣਗੱਸ ਦੇ ਗਰੇਵਜੈਡ ਸ਼ਹਿਰ ਵਿਚ ਵੱਸ ਗਿਆ ਅਤੇ ਇੰਗਲੈਡ ਦੇ ਕਬੱਡੀ ਮੈਚਾਂ ਵਿਚ ‘ਗਰੇਵਜੈਡ ਕਬੱਡੀ ਟੀਮ’ ਵਿਚ ਖੇਡਦਾ ਰਿਹਾ| ਯੂ ਕੇ ਵਿਚ ਗਰੇਵਜੈਡ ਕੈਟ ਵਾਸੀ ਮਰਹੂਮ ਸਰਦਾਰ ਲਹਿੰਬਰ ਸਿੰਘ ਕੰਗ ਤੇ ਸਰਦਾਰ ਕਰਨੈਲ ਸਿੰਘ ਖਹਿਰਾ ਨੇ ਗਰੇਵਜੈਡ ਕਬੱਡੀ ਕਲੱਬ ਦੀ ਤਨੋ, ਮਨੋ ਤੇ ਧਨੋ ਰੱਜ ਕੇ ਸੇਵਾ ਕੀਤੀ ਅਤੇ ਇੰਟਰਨੈਸ਼ਨਲ ਪੱਧਰ ਦੇ ਕਬੱਡੀ ਮੈਚ ਗਰੇਵਜੈਡ ਦੀਆਂ ਫੁਟਬਾਲ ਕਲੱਬਾਂ ਦੀਆਂ ਗਰਾਊਡਾਂ ਅਤੇ ਗਰੇਵਜੈਡ ਦੇ ‘ਗੁਰੂ ਨਾਨਕ ਸਪੋਰਟਸ ਕਲੱਬ’ ਵਾਲੇ ਸਟੇਡੀਅਮ ਵਿਚ ਕਰਵਾਏ ਸਨ| ਦਰਬਾਰਾ ਸਿੰਘ-ਬੋਲਾ ਕੌਡੀ ਵਾਲਾ, ਸੇਵਾ ਮੁੱਕਤ ਹੋ ਕੇ ਗਰੇਵਜੈਡ ਸ਼ਹਿਰ ਦੇ ਬਹੁੱਤ ਹੀ ਸ਼ਾਨਦਾਰ ਗੁਰੂੁ ਨਾਨਕ ਦਰਬਾਰ, ਸਿੱਖ ਗੁਰੂਦਵਾਰਾ ਸਾਹਿਬ ਦੇ ਲੰਗਰ ਹਾਲ ਵਿਚ ਦਿਨ ਰਾਤ ਸੇਵਾ ਕਰਦਾ ਹੈ|

ਸਰੀ-ਬੀ ਸੀ, ਕਨੇਡਾ ਵਿਖੇ ਸਰਦਾਰ ਹਰਜਿੰਦਰ ਸਿੰਘ ਚੀਮਾ (ਠਾਣਾਂ) ਨਾਲ ਇਕ ਵਿਸ਼ੇਸ਼ ਮਿਲਣੀ ਸਮੇ ਖੱਬੇ ਤੋ ਸੰਨੀ ਮੰਡ, ਠਾਣਾ ਚੀਮਾ, ਸੁਰਿੰਦਰ ਸਿੰਘ ਖੰਗੂੜਾ-ਘੱਣਗੱਸ, ਦਰਬਾਰਾ ਸਿੰਘ ਬੋਲਾ-ਘੱਣਗਸ, ਸਰਪੰਚ ਗੁਰਦਿਆਲ ਸਿੰਘ ਮੰਡਿਆਣੀ ਤੇ ਸਰਦਾਰ ਅਜੀਤ ਸਿੰਘ ਹੇਅਰ, ਹੇਅਰ ਮੋਟਰਜ-ਸਰੀ ਖੜੇ ਹਨ|
ਫੋਟੋ ਤੇ ਵੇਰਵਾ: ਸੰਤੋਖ ਸਿੰਘ ਮੰਡੇਰ