ਲੁਧਿਆਣਾ-ਪੰਜਾਬ ਦੇ ਲੋਕ ਸੱਭਿਆਚਾਰ ਨੂੰ ਨਾਟਕਾਂ ਰਾਹੀਂ ਚੇਤਨਾ ਦੇ ਰਾਹ ਤੋਰਨ ਵਾਲੇ ਸ ਗੁਰਸ਼ਰਨ ਸਿੰਘ ਦੀ ਅਸਲ ਅਰਥਾਂ ਵਿੱਚ ਜੀਵਨ ਸਾਥਣ ਸਾਡੀ ਮਾਤਾ ਕੈਲਾਸ਼ ਕੌਰ ਜੀ ਵਿਛੋੜਾ ਦੇ ਗਏ ਹਨ। ਪਿੰਡ- ਪਿੰਡ, ਸ਼ਹਿਰ- ਸ਼ਹਿਰ ਹਰ ਮੌਸਮ ਵਿੱਚ ਦੋ ਨਿੱਕੜੀਆਂ ਧੀਆਂ ਸਮੇਤ ਕੈਲਾਸ਼ ਜੀ ਨੇ ਜੋ ਪੈੜਾਂ ਅਦਾਕਾਰੀ ਦੇ ਖੇਤਰ ਵਿੱਚ ਪਾਈਆਂ , ਉਹ ਚੇਤਿਆਂ ਚੋਂ ਖਾਰਜ ਨਹੀਂ ਹੋ ਸਕਦੀਆਂ। ਅੰਮ੍ਰਿਤਸਰ ਦੇ ਗੁਰੂ ਖਾਲਸਾ ਨਿਵਾਸ ਤੋਂ ਲੈ ਕੇ ਆਖਰੀ ਸਾਹਾਂ ਤੀਕ ਉਹ ਸਾਡੇ ਸਭ ਲਈ ਵੱਡੀ ਬੁੱਕਲ ਸਨ। 1973 ਵਿੱਚ ਪਹਿਲੀ ਵਾਰ ਮੈਂ ਤੇ ਸ਼ਮਸ਼ੇਰ ਨੇ ਉਨ੍ਹਾਂ ਨੂੰ ਰੁੜਕਾ ਕਲਾਂ(। ਜਲੰਧਰ) ਅਦਾਕਾਰੀ ਕਰਦਿਆਂ ਵੇਖਿਆ ਸੀ। ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਵਿਦਿਆਵਤੀ ਜੀ ਦੀ ਹਾਜ਼ਰੀ ਵਿੱਚ। ਅਜੀਤ ਸਿੰਘ ਅਣਖੀ ਸਰਪੰਚ ਸਨ ਉਦੋਂ ਓਥੇ। ਜ਼ਿੰਦਗੀ ਦਾ ਪਹਿਲਾ ਕਵੀ ਦਰਬਾਰ ਸ਼ਮਸ਼ੇਰ ਸਿੰਘ ਸੰਧੂ ਤੇ ਮੈਂ ਉਥੇ ਪੜ੍ਹਿਆ ਸੀ ਡਾ. ਜਗਤਾਰ, ਗੁਰਦਾਸ ਰਾਮ ਆਲਮ ਤੇ ਸਰਵਣ ਰਾਹੀ ਜੀ ਦੀ ਹਾਜ਼ਰੀ ਵਿੱਚ ਵੱਡੇ ਵੀਰ ਸੁਰਗਵਾਸੀ ਬਲਬੀਰ ਸਿੰਘ ਸੰਧੂ ਤੇ ਸੋਹਣ ਸਿੰਘ ਰੀਹਲ ਜੀ ਰੁੜਕੇ ਵਾਲਿਆਂ ਦੇ ਬੁਲਾਵੇ ਤੇ। ਨਿੱਕੀਆਂ ਨਿੱਕੀਆਂ ਸ. ਗੁਰਸ਼ਰਨ ਸਿੰਘ ਭਾ ਜੀ ਦੀਆਂ ਧੀਆਂ ਡਾ. ਅਰੀਤ ਤੇ ਡਾ. ਨਵਸ਼ਰਨ ਹੁਣ ਵੱਡੀਆਂ ਸਮਾਜਿਕ ਹਸਤੀਆਂ ਨੇ ਭਾਵੇਂ ਪਰ ਉਦੋਂ ਨਾਟਕ ਦੀਆਂ ਬਾਲੜੀਆਂ ਅਦਾਕਾਰ ਸਨ। ਭਾਸ਼ਾ ਵਿਭਾਗ ਦੇ ਅਟਕੇ ਪੁਰਸਕਾਰਾਂ ਵਿੱਚ ਸਾਡੀ ਮਾਤਾ ਕੈਲਾਸ਼ ਕੌਰ ਜੀ ਦਾ ਨਾਮ ਵੀ ਸੀ। ਅਸਲ ਵਿੱਚ ਉਹ ਪੁਰਸਕਾਰਾਂ ਤੋਂ ਵੱਡੀ “ਲੋਕ ਮਾਤਾ” ਸਨ। ਨਮਨ ਹੈ ਕਰਮਯੋਗੀ ਮਾਤਾ ਜੀ ਨੂੰ।
-ਗੁਰਭਜਨ ਗਿੱਲ