Headlines

ਸਿੱਖ ਖਾਲਿਸਤਾਨੀ ਜਥੇਬੰਦੀਆਂ ਵਲੋਂ ਐਮ ਪੀ ਚੰਦਰਾ ਆਰੀਆ ਦਾ ਐਡਮਿੰਟਨ ਤੇ ਕੈਲਗਰੀ ਵਿਚ ਵਿਰੋਧ

ਐਡਮਿੰਟਨ ( ਗੁਰਪ੍ਰੀਤ ਸਿੰਘ)- ਕੈਨੇਡੀਅਨ ਸਿੱਖਾਂ ਖਿਲਾਫ ਕਥਿਤ ਨਫਰਤੀ ਪ੍ਰਚਾਰ ਕਰਨ ਵਾਲੇ ਲਿਬਰਲ ਐਮ ਪੀ ਚੰਦਰਾ ਆਰੀਆ ਖਿਲਾਫ ਅੱਜ ਇਥੇ ਸਿੱਖ ਖਾਲਿਸਤਾਨੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਇਥੇ 37 ਐਵਨਿਊ ਉਪਰ ਸਥਿਤ ਇੰਡੀਆ ਸੈਂਟਰ ਵਿਖੇ ਇਕ ਸਥਾਨਕ ਸੰਸਥਾ ਵਲੋ ਰੱਖੇ ਗਏ ਸਮਾਗਮ ਵਿਚ ਲਿਬਰਲ ਐਮ ਪੀ ਨੇ ਪੁੱਜਣਾ ਸੀ। ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਵਲੋਂ ਇੰਡੀਆ ਸੈਂਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਵਾਲੇ ਪੋਸਟਰ ਤੇ ਬੈਨਰ ਲਗਾ ਦਿੱਤੇ। ਸਮਾਗਮ ਦਾ ਵਿਰੋਧ ਕਰਨ ਲਈ ਪ੍ਰਦਰਸ਼ਨਕਾਰੀਆਂ ਵਲੋਂ ਸ਼ੋਸਲ ਮੀਡੀਆ ਉਪਰ ਆਪਣੇ ਸਮਰਥਕਾਂ ਨੂੰ ਪੁੱਜਣ ਦਾ ਸੱਦਾ ਦਿੱਤਾ ਗਿਆ।
ਇਸ ਦੌਰਾਨ ਭਾਈ ਗੁਲਜ਼ਾਰ ਸਿੰਘ ਨਿਰਮਾਣ ਨੇ ਕਿਹਾ ਕਿ  ਸਾਰੀਆਂ ਸਿੱਖ ਸੰਸਥਾਵਾਂ ਇਸ ਮੁੱਦੇ ਤੇ ਇੱਕਮੁੱਠ ਹਨ ਅਤੇ ਪੰਥ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਤਿਆਰ ਹਨ।  ਉਹਨਾਂ ਸਭ ਨੂੰ ਇਸ ਪ੍ਰੋਗਰਾਮ ਦੇ ਬਾਈਕਾਟ ਅਤੇ ਚੰਦਰਾ ਖਿਲਾਫ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ। ਇੱਥੇ ਜ਼ਿਕਰ ਯੋਗ ਹੈ ਕਿ ਨੇਪੀਅਨ, ਓਨਟਾਰੀਓ ਤੋਂ ਲਿਬਰਲ ਐਮ ਪੀ ਚੰਦਰਾ ਆਰੀਆ ਅਕਸਰ ਹੀ ਆਪਣੇ ਬਿਆਨਾਂ ਵਿਚ ਕੈਨੇਡੀਅਨ ਸਿੱਖ ਸੰਸਥਾਵਾਂ ਖਿਲਾਫ ਭਾਸ਼ਨ ਕਰਦਾ ਰਹਿੰਦਾ ਹੈ। ਉਸਨੇ ਬੀਤੇ ਦਿਨੀਂ ਪਾਰਲੀਮੈਂਟ ਵਿਚ ਏਅਰ ਇੰਡੀਆ ਬੰਬ ਧਮਾਕੇ ਦੀ ਮੁੜ ਜਾਂਚ ਲਈ ਪਾਈ ਗਈ ਪਟੀਸ਼ਨ ਨੂੰ ਗਾਰਬੇਜ਼ ਕਰਾਰ ਦਿੰਦਿਆਂ ਇਸ ਪਟੀਸ਼ਨ ਦੀ ਕਰੜੀ ਆਲੋਚਨਾ ਕੀਤੀ ਸੀ। ਇਥੇ ਇਹ ਵੀ ਜ਼ਿਕਰਯੋਗ ਲਿਬਰਲ ਐਮ ਪੀ ਸੁੱਖ ਧਾਲੀਵਾਲ ਵਲੋਂ ਹੀ ਇਸ ਜਾਂਚ ਪਟੀਸ਼ਨ ਨੂੰ ਸਪਾਂਸਰ ਕੀਤਾ ਗਿਆ ਹੈ। ਏਅਰ ਇੰਡੀਆ ਬੰਬ ਧਮਾਕੇ ਵਿਚ  329 ਬੇਕਸੂਰ ਮੁਸਾਫਰਾਂ ਦੀ ਜਾਨ ਚਲੇ ਜਾਣ ਦੇ ਦੁਖਾਂਤ ਬਾਰੇ ਮੁੜ ਜਾਂਚ ਵਿਚ ਇਸ ਮਾਮਲੇ ਵਿਚ ਏਜੰਸੀਆਂ ਦੇ ਹੱਥ ਹੋਣ ਬਾਰੇ ਵੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡੀਅਨ ਸਿੱਖਾਂ ਦੀ ਮੰਗ ਹੈ ਕਿ ਇਸ ਦੁਖਾਂਤ ਲਈ ਜਿਹੜੇ ਵੀ ਦੋਸ਼ੀ ਹਨ ਉਹਨਾਂ ਨੂੰ ਜਿੰਮੇਵਾਰ ਗਰਦਾਨਿਆ ਜਾਏ, ਨਾ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਏ। ਜੇ ਚੰਦਰਾ ਗੁਪਤਾ ਇਸ ਕਾਰੇ ਲਈ ਕੈਨੇਡਾ ਦੇ ਖਾਲਿਸਤਾਨੀਆਂ ਨੂੰ ਜਿੰਮੇਵਾਰ ਠਹਿਰਾਉਂਦਾ ਹੈ, ਤਾਂ ਫਿਰ ਉਸ ਨੂੰ ਕਿਹੜੀ ਚਿੰਤਾ ਸਤਾ ਰਹੀ ਹੈ ਕਿ ਇੰਡੀਅਨ ਏਜੰਸੀਆਂ ਦੀ ਜਾਂਚ ਨਾ ਹੋਵੇ।

ਐਮ ਪੀ ਚੰਦਰਾ ਆਰੀਆ ਦੇ ਇਸ ਵਿਹਾਰ ਖਿਲਾਫ ਕੇੈਨੇਡੀਅਨ ਸਿੱਖਾਂ ਵਿਚ ਭਾਰੀ ਰੋਸ ਹੈ। ਇਸੇ ਰੋਸ ਦੇ ਚਲਦਿਆਂ ਅੱਜ ਐਡਮਿੰਟਨ ਵਿਚ ਉਸਦਾ ਬਾਈਕਾਟ ਕਰਦਿਆਂ  ਰੋਸ ਪ੍ਰਦਰਸ਼ਨ ਕੀਤਾ ਗਿਆ। ਇਸਤੋਂ ਇਕ ਦਿਨ ਪਹਿਲਾਂ ਕੈਲਗਰੀ ਵਿਚ ਵੀ ਉਸਦੇ ਸਮਾਗਮ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਵਿਰੋਧ ਕਾਰਣ ਉਹ ਕੈਲਗਰੀ ਸਮਾਗਮ ਵਿਚ ਸ਼ਾਮਿਲ ਨਹੀ ਹੋਇਆ ਸੀ।