Headlines

ਸਵਰਗੀ ਸੁਰਜੀਤ ਸਿੰਘ ਕੰਗ ਨੂੰ ਅੰਤਿਮ ਵਿਦਾਇਗੀ ਤੇ ਪਾਠ ਦੇ ਭੋਗ ਪਾਏ

ਸਰੀ ( ਦੇ ਪ੍ਰ ਬਿ)-  ਸਥਾਨਕ ਕੰਗ ਪਰਿਵਾਰ ਦੇ ਸਤਿਕਾਰਯੋਗ ਸ ਸੁਰਜੀਤ ਸਿੰਘ ਕੰਗ (ਸਾਬਕਾ ਇੰਸਪੈਕਟਰ ਸਹਿਕਾਰੀ ਬੈਂਕ) ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ  5 ਅਕਤੂਬਰ ਦਿਨ ਸ਼ਨੀਵਾਰ ਨੂੰ ਫਰੇਜਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਵਿਖੇ ਸਿੱਖ ਧਾਰਮਿਕ ਰਹੁ ਰੀਤਾਂ ਮੁਤਾਬਿਕ ਕੀਤਾ ਗਿਆ।  ਇਸ ਮੌਕੇ ਵੱਡੀ ਗਿਣਤੀ ਵਿਚ ਪਰਿਵਾਰਕ ਰਿਸ਼ਤੇਦਾਰ,ਸਨੇਹੀ ਤੇ ਭਾਈਚਾਰਕ ਸਾਂਝ ਵਾਲੇ ਲੋਕ ਸ਼ਾਮਿਲ ਸਨ।

ਅੰਤਿਮ ਸੰਸਕਾਰ ਦੀਆਂ ਰਸਮਾਂ ਉਪਰੰਤ ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ 8820-168 ਸਟਰੀਟ ਸਰੀ ਵਿਖੇ ਪਾਏ ਗਏ ਤੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਗੁਰੂ ਕੇ ਲੰਗਰ ਅਤੁਟ ਵਰਤਾਏ ਗਏ।

ਇਸ ਦੌਰਾਨ ਕੰਗ ਪਰਿਵਾਰ ਵਲੋਂ ਬਲਰਾਜ ਸਿੰਘ ਕੰਗ, ਸੁਖਰਾਜ ਸਿੰਘ ਕੰਗ ਤੇ ਪ੍ਰਭਦੇਵ ਸਿੰਘ ਸਾਬੀ ਖਹਿਰਾ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਵੰਡਾਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।

ਸੁਰਜੀਤ ਸਿੰਘ ਕੰਗ ਦਾ ਜੀਵਨ ਵੇਰਵਾ-

ਸ ਸੁਰਜੀਤ ਸਿੰਘ  ਦਾ ਜਨਮ 2 ਮਈ 1938 ਨੂੰ ਪਾਕਿਸਤਾਨ ਦੇ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਘਸੀਟਪੁਰਾ ਵਿੱਚ ਹੋਇਆ। ਉਹਨਾਂ ਦਾ ਬਚਪਨ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਬੀਤਿਆ। 1947 ਵਿੱਚ ਭਾਰਤ-ਪਾਕਿਸਤਾਨ ਵੰਡ ਦੇ ਸਮੇਂ, ਉਹਨਾਂ ਦੇ ਪਰਿਵਾਰ ਨੂੰ ਆਪਣਾ ਘਰ ਛੱਡ ਕੇ ਪਿੰਡ ਕੰਗ (ਤਰਨ ਤਾਰਨ) ਵਿੱਚ ਆ ਕੇ ਵਸਣਾ ਪਿਆ। ਇਸ ਪਲਾਇਨ ਦੌਰਾਨ, ਉਹਨਾਂ ਨੇ ਕਈ ਤਕਲੀਫਾਂ ਦਾ ਸਾਹਮਣਾ ਕੀਤਾ।
ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਕੰਗ ਵਿੱਚ ਹੀ ਪੂਰੀ ਕੀਤੀ, ਅਤੇ ਬਾਅਦ ਵਿੱਚ ਉਹਨਾਂ ਦਾ ਪਰਿਵਾਰ ਨਵਾਂਸ਼ਹਿਰ ਦੇ ਨੇੜੇ ਪਿੰਡ ਪਨਾਮ ਵਿੱਚ ਆ ਵੱਸਿਆ। ਗੜ੍ਹਸ਼ੰਕਰ ਤੋਂ ਮੈਟ੍ਰਿਕ 1955 ਵਿੱਚ ਪਾਸ ਕਰਨ ਤੋਂ ਬਾਅਦ, 1958 ਵਿੱਚ ਐਫ.ਏ. ਅਤੇ 1960 ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। 1960 ਵਿੱਚ ਹੀ ਉਨ੍ਹਾਂ ਦੀ ਸ਼ਾਦੀ ਬੀਬੀ ਪ੍ਰੀਤਮ ਕੌਰ ਨਾਲ ਹੋਈ, ਜੋ ਸ ਦਰਬਾਰਾ ਸਿੰਘ ਮਲਸੀਆਂ ( ਸਾਬਕਾ ਸਪੀਕਰ ਤੇ ਗਵਰਨਰ) ਦੀ ਭੈਣ ਸੀ।
ਸਰਦਾਰ ਸੁਰਜੀਤ ਸਿੰਘ ਨੇ 1962 ਵਿੱਚ ਆਪਣੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਕਈ ਸਾਲ ਤੱਕ ਵੱਖ-ਵੱਖ ਥਾਵਾਂ ਤੇ ਸੇਵਾ ਕੀਤੀ। 1978 ਵਿੱਚ ਉਨ੍ਹਾਂ ਨੂੰ ਇੰਸਪੈਕਟਰ ਵਜੋਂ ਤਰੱਕੀ ਮਿਲੀ। 1991 ਵਿੱਚ ਉਨ੍ਹਾਂ ਨੇ ਸਵੈ-ਇੱਛਾ ਸੇਵਾਮੁਕਤੀ ਲੈ ਲਈ ਤੇ ਖੇਤੀਬਾੜੀ ਦੀ ਸ਼ੁਰੂਆਤ ਕੀਤੀ।
ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਮੋੜ 1988 ਵਿੱਚ ਆਇਆ ਜਦੋਂ ਇੱਕ ਭਿਆਨਕ ਬੋਟ ਹਾਦਸੇ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 9 ਮੈਂਬਰ ਮਾਰੇ ਗਏ। ਇਸ ਹਾਦਸੇ ਨੇ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਕੀਤਾ, ਪਰ ਸੁਰਜੀਤ ਸਿੰਘ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਬਾਅਦ ਵਿੱਚ ਆਪਣੇ ਬੱਚਿਆਂ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਦਿੱਤੀ।
ਸਰਦਾਰ ਸੁਰਜੀਤ ਸਿੰਘ ਦੇ ਤਿੰਨ ਬੱਚੇ—ਧੀ ਜਸਪਾਲ ਕੌਰ ਸਿੱਧੂ, ਪੁੱਤਰ ਬਲਰਾਜ ਸਿੰਘ ਕੰਗ ਅਤੇ ਸੁਖਰਾਜ ਸਿੰਘ ਕੰਗ ਹਨ ਜੋ ਕੈਨੇਡਾ ਵਿੱਚ ਵਸਦੇ ਹਨ। ਉਹ ਪਿਛਲੇ ਲੰਬੇ ਸਮੇਂ ਕੈਨੇਡਾ ਵਿਚ ਹੀ ਆਪਣੇ ਬੱਚਿਆਂ ਪਾਸ ਰਹਿ ਰਹੇ ਸਨ।