ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਦੀ ਇਕ ਅਦਾਲਤ ਨੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੂੰ ਕਾਗਜਾਂ ਵਿਚ ਐਲਾਨੇ ਧਾਰਮਿਕ ਸਥਾਨ ਦੇ ਨਾਮ ਹੇਠ ਨੌਕਰੀਆਂ ਲਈ ਜਾਅਲਸਾਜ਼ੀ ਕਰਨ ਦੇ ਦੋਸ ਹੇਠ ਦੋ ਸਾਲ ਦੀ ਘਰ ਵਿਚ ਨਜ਼ਰਬੰਦੀ ਅਤੇ 50,000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ 45 ਸਾਲਾ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ, ਨੂੰ ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਉਲੰਘਣਾ ਕਰਨ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਬਲਕਰਨ ਸਿੰਘ ਨੇ ਵਿਦੇਸ਼ੀ ਧਾਰਮਿਕ ਮਿਸ਼ਨਰੀਆਂ ਨੂੰ ਐਲ ਐਮ ਆਈ ਤੋਂ ਛੋਟ ਦੇਣ ਵਾਲੇ ਫੈਡਰਲ ਸਰਕਾਰ ਦੇ ਪ੍ਰਬੰਧ ਦਾ ਨਾਜਾਇਜ ਫਾਇਦਾ ਉਠਾਇਆ।
ਸਰਕਾਰੀ ਵਕੀਲ ਸਿਨਕਲੇਅਰ ਨੇ ਸੂਬਾਈ ਅਦਾਲਤ ਦੀ ਜੱਜ ਕੈਥਰੀਨ ਕਾਰਲਸਨ ਨੂੰ ਦੱਸਿਆ ਕਿ ਬਹੁਤ ਸਾਰੇ ਲੋਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਵੱਖ-ਵੱਖ ਧਰਮਾਂ ਵਾਲੇ ਲੋਕਾਂ ਦੀ ਸਹੂਲੀਅਤ ਲਈ ਫੈਡਰਲ ਇਮੀਗ੍ਰੇਸ਼ਨ ਕਨੂੰਨ ਨੂੰ ਕਿਵੇਂ ਨਾਜਾਇਜ਼ ਫਾਇਦੇ ਵਜੋਂ ਵਰਤਿਆ ਗਿਆ। ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੇ ਜਨਵਰੀ 2021 ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਦਾ ਉਸ ਸਮੇਂ ਧਿਆਨ ਖਿੱਚਿਆ ਜਦੋਂ ਉਹ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਵਿੰਨੀਪੈਗ ਸਥਿਤ ਇਕ ਧਾਰਮਿਕ ਸੰਸਥਾ ਦੁਖ ਨਿਵਾਰਨ ਸੇਵਾ ਸੋਸਾਇਟੀ ਵਾਸਤੇ ਵਰਕ ਪਰਮਿਟ ਅਰਜ਼ੀਆਂ ਭਰਨ ਲਈ ਐਮਰਸਨ ਬਾਰਡਰ ਕਰਾਸਿੰਗ ‘ਤੇ ਲੈ ਗਿਆ। ਅਧਿਕਾਰੀ ਨੇ ਵਰਕ ਪਰਮਿਟ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲੇ ਨੂੰ ਬਾਰਡਰ ਸਰਵਿਸ ਦੀ ਜਾਂਚ ਯੂਨਿਟ ਨੂੰ ਭੇਜ ਦਿੱਤਾ, ਜਿਸਨੇ ਸਿੰਘ ਦੇ ਇਮੀਗ੍ਰੇਸ਼ਨ ਪ੍ਰੈਕਟਿਸ ਅਤੇ ਸਬੰਧਿਤ ਧਾਰਮਿਕ ਸਥਾਨ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਜਾਂਚ ਵਿੱਚ ਪਾਇਆ ਗਿਆ ਕਿ ਸਿੰਘ ਨੇ ਦਸੰਬਰ 2020 ਵਿੱਚ ਪਾਈਨ ਰਿਜ ਖੇਤਰ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਖਰੀਦੀ ਸੀ ਅਤੇ ਇਸਨੂੰ ਇੱਕ ਗੁਰਦੁਆਰੇ ਵਜੋਂ ਰਜਿਸਟਰਡ ਕਰਵਾਇਆ ਸੀ ਜਦੋਂਕਿ ਉਥੇ ਕੋਈ ਗੁਰਦੁਆਰਾ ਹੈ ਹੀ ਨਹੀ ਸੀ।
ਬਾਰਡਰ ਸਰਵਿਸ ਅਧਿਕਾਰੀਆਂ ਨੇ ਪਾਈਨ ਰਿਜ ਪ੍ਰਾਪਰਟੀ ‘ਤੇ ਜਾਕੇ ਵੇਖਿਆ ਅਤੇ ਪਾਇਆ ਕਿ ਇਹ ਇੱਕ ਰਿਹਾਇਸ਼ੀ ਕਿਰਾਏ ਦੀ ਜਾਇਦਾਦ ਵਜੋਂ ਵਰਤੀ ਜਾ ਰਹੀ ਸੀ, ਨਾ ਕਿ ਪੂਜਾ ਦੇ ਸਥਾਨ ਵਜੋਂ। ਜਾਂਚਕਰਤਾਵਾਂ ਨੇ ਉਸ ਖੇਤਰ ਦੀ ਔਰਤ ਨਿਵਾਸੀ ਨੂੰ ਪੁੱਛਿਆ ਜਿਸ ਨੇ ਪੁਸ਼ਟੀ ਕੀਤੀ ਕਿ ਇਥੇ ਕੋਈ ਵੀ ਧਾਰਮਿਕ ਸਥਾਨ ਨਹੀ ਹੈ।
ਜਾਂਚ ਅਧਿਕਾਰੀਆਂ ਨੇ ਸਿੰਘ ਦੇ ਘਰ ਅਤੇ ਦਫਤਰ ਦੀ ਛਾਣਬੀਣ ਕੀਤੀ ਜਿਥੋਂ ਜਾਅਲੀ ਬੈਂਕ ਸਟੇਟਮੈਂਟਾਂ ਜ਼ਬਤ ਕੀਤੀਆਂ ਜੋ ਉਸਨੇ ਪੀ ਐਨ ਪੀ ਪ੍ਰੋਗਰਾਮ ਲਈ ਵਰਤੀਆਂ ਸਨ।
ਪੇਅ ਸਟੱਬ ਵੀ ਜਾਅਲੀ ਬਣਾਏ ਗਏ ਸਨ।
ਜਿਕਰਯੋਗ ਹੈ ਕਿ ਬਲਕਰਨ ਸਿੰਘ 2016 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਤਿੰਨ ਸਾਲ ਬਾਅਦ ਉਹ ਇਮੀਗ੍ਰੇਸ਼ਨ ਸਲਾਹਕਾਰ ਬਣ ਗਿਆ ਸੀ। ਅਦਾਲਤ ਨੇ ਉਸਨੂੰ ਇਮੀਗ੍ਰੇਸ਼ਨ ਵਿਭਾਗ ਨਾਲ ਫਰਾਡ ਕਰਨ ਦਾ ਦੋਸ਼ੀ ਪਾਇਆ ਤੇ ਉਕਤ ਸਜ਼ਾ ਸੁਣਾਈ ਗਈ।