Headlines

ਭਾਸ਼ਾ ਵਿਭਾਗ ਪੰਜਾਬ ਨੇ ਤਿਆਰ ਕੀਤਾ ਪੰਜਾਬੀ ਭਾਸ਼ਾ ਦੇ ਗਿਆਨ ਦਾ ਨਵਾਂ ਖਜ਼ਾਨਾ

  -ਡਾ. ਸੁਖਦਰਸ਼ਨ ਸਿੰਘ ਚਹਿਲ (9779590575)-
ਭਾਸ਼ਾ ਦਰਿਆ ਵਾਂਗ ਹਰ ਸਮੇਂ ਵਗਦੇ ਰਹਿਣ ਵਾਲੀ ਪ੍ਰਕਿਰਿਆ ਹੈ। ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਰਹਿੰਦੀ ਹੈ। ਜ਼ਰੂਰਤ ਇਸ ਗੱਲ ਦੀ ਹੁੰਦੀ ਹੈ ਕਿ ਭਾਸ਼ਾ ਦੇ ਵਹਿਣ ਨੂੰ ਨਿਰੰਤਰ ਤੇ ਸੁਚਾਰੂ ਤਰੀਕੇ ਨਾਲ ਅੱਗੇ ਵਧਾਉਣ ਲਈ ਸੁਘੜ ਤਰੀਕੇ ਨਾਲ ਲਗਾਤਾਰ ਯਤਨ ਜਾਰੀ ਰੱਖੇ ਜਾਣ। ਇਸੇ ਧਾਰਨਾ ’ਤੇ ਚਲਦਿਆ ਪੰਜਾਬੀ ਭਾਸ਼ਾ ਨਾਲ ਸਬੰਧਤ ਹਰ ਤਰ੍ਹਾਂ ਦੇ ਗਿਆਨ ਨੂੰ ਦੁਨੀਆ ਭਰ ’ਚ ਵਸਦੇ ਪੰਜਾਬੀਆਂ ਅਤੇ ਪੰਜਾਬੀ ਪ੍ਰੇਮੀਆਂ ਤੱਕ ਪਹੁੰਚਾਉਣ ਲਈ ਭਾਸ਼ਾ ਵਿਭਾਗ ਪੰਜਾਬ ਨੇ ਨਵੀਂ ਪਹਿਲ ਕਦਮੀ ਕਰਦਿਆਂ ਇੱਕ ਮਿਆਰੀ, ਵਿਲੱਖਣ ਤੇ ਉਪਯੋਗੀ ਵੈੱਬਸਾਈਟ ਤਿਆਰ ਕੀਤੀ ਹੈ। ਜਿਸ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਨਾਲ ਸਬੰਧਤ ਹਰ ਪ੍ਰਕਾਰ ਦੀ ਮਿਆਰੀ ਜਾਣਕਾਰੀ ਨੂੰ ਅਜੋਕੇ ਸਮੇਂ ਦੇ ਸੰਚਾਰ ਸਾਧਨਾਂ ਫੋਨ, ਕੰਪਿਊਟਰ, ਲੈੱਪਟਾਪ ਤੇ ਆਈ ਪੈਡ ਆਦਿ ਜਰੀਏ ਹਰ ਪੰਜਾਬੀ ਦੀ ਪਹੁੰਚ ’ਚ ਲਿਆਉਣਾ ਹੈ।
ਇਸ ਵੈੱਬਸਾਈਟ ਦਾ ਅਹਿਮ ਭਾਗ ਕੋਸ਼ਕਾਰੀ ਨਾਲ ਸਬੰਧਤ ਹੈ। ਜਿਸ ਵਿੱਚ ਫਿਲਹਾਲ ਪੰਜ ਕੋਸ਼ ਤਿਆਰ ਕੀਤੇ ਗਏ ਹਨ। ਜਿੰਨਾਂ ’ਚ ਪੰਜਾਬੀ ਅਖਾਣ ਕੋਸ਼, ਮੁਹਾਵਰਾ ਕੋਸ਼, ਵਾਰਿਸ ਮੁਹਾਵਰਾ ਕੋਸ਼ ਤੇ ਡੋਗਰੀ ਪੰਜਾਬੀ ਕੋਸ਼ ਸ਼ਾਮਲ ਹਨ। ਇਨ੍ਹਾਂ ਕੋਸ਼ਾਂ ਲਈ ਵਿਭਾਗ ਦੇ ਖੋਜ ਸਹਾਇਕ ਮਹੇਸ਼ਇੰਦਰ ਸਿੰਘ ਖੋਸਲਾ ਨੇ ਵਿਸ਼ੇਸ਼ ਸਾਫਟਵੇਅਰ ‘ਸ਼ਬਦ ਮਾਲਾ’ ਤਿਆਰ ਕੀਤਾ ਹੈ। ਇਸ ਤਰ੍ਹਾਂ ਦੇ ਹੋਰ ਕੋਸ਼ ਵੀ ਇਸ ਸਾਈਟ ’ਤੇ ਜਲਦ ਹੀ ਉਪਲਬਧ ਕਰਵਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਾਈਟ ਵਿੱਚ ਸ਼ਾਇਰ ਲੋਕਾਂ ਨੂੰ ਆਪਣੀ ਨਜ਼ਮਾਂ/ਗਜ਼ਲਾਂ ਲਈ ਢੁਕਵੇਂ ਸ਼ਬਦ ਲੱਭਣ ਲਈ ‘ਕਾਫੀਆ’ ਨਾਮ ਹੇਠ ਆਪਣੀ ਕਿਸਮ ਦਾ ਦਿਲਚਸਪ ਭਾਗ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਭਾਸ਼ਾ ਵਿਭਾਗ ਕੋਲ ਮੌਜੂਦ ਦੁਰਲੱਭ ਹੱਥ ਲਿਖਤਾਂ ਬਾਰੇ ਸੰਖੇਪ ਜਾਣਕਾਰੀ ਇਸ ਸਾਈਟ ’ਚ ਸ਼ਾਮਲ ਕੀਤੀ ਗਈ ਹੈ। ਭਵਿੱਖ ਵਿੱਚ ਇਹ ਲਿਖਤਾਂ ਡਿਜੀਟਲ ਰੂਪ ’ਚ ਸਾਈਟ ’ਤੇ ਉਪਲਬਧ ਕਰਵਾਉਣ ਦੀ ਭਾਸ਼ਾ ਵਿਭਾਗ ਦੀ ਯੋਜਨਾ ਹੈ।
ਅਜੋਕੇ ਦੌਰ ’ਚ ਪੰਜਾਬੀ ਭਾਸ਼ਾ ਦੇ ਸ਼ਬਦ-ਅਰਥਾਂ ਨਾਲ ਸਬੰਧਤ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਉਕਤ ਵੈੱਬਸਾਈਟ ’ਚ ਕਈ ਪ੍ਰਕਾਰ ਦੀਆਂ ਸ਼ਬਦਾਵਾਲੀਆਂ ਸ਼ਾਮਲ ਕੀਤੀਆਂ ਗਈਆਂ ਹਨ। ਜਿੰਨਾਂ ’ਚੋਂ ਆਨਲਾਈਨ ਕਿਸੇ ਵੀ ਸ਼ਬਦ ਦੇ ਅਰਥ ਲੱਭੇ ਜਾ ਸਕਦੇ ਹਨ। ਖੋਜ ਸਹੂਲਤ ਵਾਲੀਆਂ ਇੰਨ੍ਹਾਂ ਸ਼ਬਦਾਵਾਲੀਆਂ ’ਚ ਪ੍ਰਸ਼ਾਸ਼ਨਿਕ, ਕਾਨੂੰਨੀ, ਰਾਜਨੀਤੀ, ਬੱਜਟ ਤੇ ਰਸਾਇਣ ਵਿਗਿਆਨ ਨਾਲ ਸਬੰਧਤ ਸ਼ਬਦ ਸ਼ਾਮਲ ਹਨ। ਆਉਣ ਵਾਲੇ ਸਮੇਂ ’ਚ ਹੋਰ ਵੀ ਸ਼ਬਦਾਵਲੀਆਂ ਇਸ ਸਾਈਟ ਦਾ ਹਿੱਸਾ ਬਣਾਈਆਂ ਜਾਣਗੀਆਂ। ਇਸ ਸਾਈਟ ’ਤੇ ਈ-ਬੁੱਕਸ ਦੇ ਰੂਪ ਭਾਸ਼ਾ ਵਿਭਾਗ ਨੇ ਵਿਸ਼ਵ ਤੇ ਪੰਜਾਬੀ ਸਾਹਿਤ ਨਾਲ ਸਬੰਧਤ 28 ਪੁਸਤਕਾਂ ਉਪਲਬਧ ਕਰਵਾ ਦਿੱਤੀਆਂ ਹਨ। ਇਹ ਗਿਣਤੀ ਨਿਰੰਤਰ ਵਧਦੀ ਰਹੇਗੀ। ਇਸ ਦੇ ਨਾਲ ਹੀ ਵਿਭਾਗ ਦੇ ਰਸਾਲੇ ‘ਪੰਜਾਬੀ ਦੁਨੀਆ’ ਦੇ ਵਿਸ਼ੇਸ਼ ਅੰਕ ਵੀ ਇਸ ਸਾਈਟ ’ਤੇ ਪੜ੍ਹੇ ਜਾ ਸਕਦੇ ਹਨ। ਇਸ ਸਾਈਟ ’ਤੇ ਆਰ.ਟੀ.ਆਈ. ਐਕਟ, ਪੰਜਾਬੀ ਪ੍ਰਚਾਲਣ ਤੇ ਰਾਜ ਭਾਸ਼ਾ ਐਕਟ ਪੁਸਤਕ ਰੂਪ ’ਚ ਉਪਲਬਧ ਹਨ। ਭਾਸ਼ਾ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਪ੍ਰੀਖਿਆ ਪੰਜਾਬੀ ਪ੍ਰਬੋਧ, ਉਰਦੂ ਆਮੋਜ਼ ਤੇ ਸਟੈਨੋਗ੍ਰਾਫੀ ਨਾਲ ਸਬੰਧਤ ਜਾਣਕਾਰੀ ਤੇ ਫਾਰਮ ਵੀ ਇਸ ਸਾਈਟ ’ਤੇ ਉਪਲਬਧ ਕਰਵਾਕੇ, ਦੂਰ-ਦਰਾਡੇ ਤੋਂ ਆਉਣ ਵਾਲੇ ਉਮੀਦਵਾਰਾਂ ਲਈ ਵੱਡੀ ਸਹੂਲਤ ਪੈਦਾ ਕਰ ਦਿੱਤੀ ਹੈ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਵੀ ਇਸ ਸਾਈਟ ਉਪਰ ਉਪਲਬਧ ਹੈ। ਪੰਜਾਬੀ ਹਿਤੈਸ਼ੀਆਂ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਲਈ ਇਸ ਵੈੱਬਸਾਈਟ ’ਤੇ ਸੁਝਾਅ ਬਕਸਾ ਵੀ ਬਣਾਇਆ ਗਿਆ ਹੈ। ਪ੍ਰਾਪਤ ਹੋਣ ਵਾਲੇ ਸਾਰਥਕ ਸੁਝਾਵਾਂ ਦੀ ਵੈੱਬਸਾਈਟ ਟੀਮ ਵੱਲੋਂ ਹਰ ਹਫ਼ਤੇ ਸਮੀਖਿਆ ਕੀਤੀ ਜਾਵੇਗੀ।
ਇਸ ਵੈੱਬਸਾਈਟ ਸਬੰਧੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦਾ ਕਹਿਣਾ ਹੈ ਕਿ ਅਜੋਕੇ ਯੁੱਗ ਵਿੱਚ ਹਰੇਕ ਭਾਸ਼ਾ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਕਰਨੀ ਲਾਜ਼ਮੀ ਹੋ ਗਈ ਹੈ। ਇਸੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਿਸ਼ਵ ਪੱਧਰ ’ਤੇ ਪ੍ਰਚਾਰ ਪ੍ਰਸਾਰ ਲਈ ਉਲੀਕੀਆਂ ਯੋਜਨਾਵਾਂ ਤਹਿਤ ਸੂਬੇ ਦਾ ਭਾਸ਼ਾ ਵਿਭਾਗ ਬੜੀ ਸੁਹਿਰਦਤਾ ਨਾਲ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ। ਇਸੇ ਲੜੀ ਵਿੱਚ ਉਨ੍ਹਾਂ ਦੇ ਵਿਭਾਗ ਵੱਲੋਂ ਤਿਆਰ ਕੀਤੀ ਗਈ ਉਕਤ ਵੈੱਬਸਾਈਟ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਬਹੁਪਰਤੀ ਤੇ ਮਿਆਰੀ ਸਮੱਗਰੀ ਸ਼ਾਮਲ ਕੀਤੀ ਗਈ ਹੈ। ਸ. ਜ਼ਫ਼ਰ ਦਾ ਕਹਿਣਾ ਹੈ ਕਿ ਵੈੱਬਸਾਈਟ ਦਾ ਵੱਡਾ ਮਨੋਰਥ ਸਮੇਂ ਦੀ ਮੰਗ ਅਨੁਸਾਰ ਪੰਜਾਬੀ ਮਾਤ ਭਾਸ਼ਾ ਨਾਲ ਸਬੰਧਤ ਵੱਧ ਤੋਂ ਵੱਧ ਜਾਣਕਾਰੀ ਡਿਜ਼ੀਟਲ ਰੂਪ ’ਚ ਦੁਨੀਆ ਭਰ ’ਚ ਬੈਠੇ ਪੰਜਾਬੀ ਪ੍ਰੇਮੀਆਂ ਨਾਲ ਸਾਂਝੀ ਕੀਤੀ ਜਾਵੇ। ਸ. ਜ਼ਫ਼ਰ ਨੇ ਪੰਜਾਬੀ ਭਾਸ਼ਾ ਨਾਲ ਜੁੜੀਆ ਹੋਰਨਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਪੰਜਾਬੀ ਭਾਸ਼ਾ ਨਾਲ ਸਬੰਧਤ ਗਿਆਨ ਨੂੰ ਡਿਜੀਟਲ ਰੂਪ ’ਚ ਦੁਨੀਆ ਭਰ ’ਚ ਬੈਠੇ ਪੰਜਾਬੀ ਹਿਤੈਸ਼ੀਆਂ ਤੱਕ ਪਹੁੰਚਾਉਣ ਦੇ ਯਤਨ ਕਰਨ ਕਿਉਂਕਿ ਇਹ ਸਭ ਦਾ ਸਾਂਝਾ ਕਾਰਜ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਵੈੱਬਸਾਈਟ ਦਾ ਘੇਰਾ ਹੋਰ ਵਿਸ਼ਾਲ ਕਰਨ ਦੇ ਯਤਨ ਨਿਰੰਤਰ ਜਾਰੀ ਰਹਿਣਗੇ।
ਇਸ ਵੈੱਬਸਾਈਟ ਨੂੰ ਤਿਆਰ ਕਰਨ ਵਾਲੀ ਤਕਨੀਕੀ ਟੀਮ ਦੇ ਮੁਖੀ ਤੇ ਵਿਭਾਗ ਦੇ ਸਹਾਇਕ ਨਿਰਦੇਸ਼ਕ ਆਲੋਕ ਚਾਵਲਾ ਨੇ ਮੁਤਾਬਕ ਇਸ ਸਾਈਟ ’ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸ਼ਾਮਲ ਹਨ ਜੋ ਹੋਰ ਕਿਧਰੇ ਉਪਲਬਧ ਨਹੀਂ ਹਨ। ਮਿਸਾਲ ਵਜੋਂ ਸ਼ਬਦਾਵਲੀਆਂ ਤੇ ਕਾਫੀਏ ਨਾਲ ਸਬੰਧਤ ਜਾਣਕਾਰੀ ਇਸ ਸਾਈਟ ’ਤੇ ਹੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਇਸ ਸਾਈਟ ’ਤੇ ਈ-ਬੁੱਕਸ ਦੀ ਗਿਣਤੀ ਸੈਂਕੜਿਆਂ ਵਿੱਚ ਵਧਾਉਣ ਦੇ ਨਾਲ-ਨਾਲ ਆਡੀਓ ਬੁੱਕਸ ਪਾਉਣ ਦੀ ਵੀ ਯੋਜਨਾ ਹੈ। ਇਸ ਤੋਂ ਇਲਾਵਾ ਦੁਰਲੱਭ ਅਤੇ ਮੁੱਲਵਾਨ ਹੱਥ ਲਿਖਤਾਂ ਨੂੰ ਡਿਜੀਟਾਈਜ਼ ਕਰਕੇ ਉਹਨਾਂ ਨੂੰ ਵੀ ਉਪਲਬਧ ਕਰਵਾਉਣ ਦੀ ਯੋਜਨਾ ਹੈ। ਜੋ ਖੋਜੀ ਬਿਰਤੀ ਵਾਲੇ ਲੋਕਾਂ ਨੂੰ ਘਰ ਬੈਠੇ ਵੱਡੀ ਸਹੂਲਤ ਹੋ ਜਾਵੇਗੀ। ਇਸ ਦੇ ਨਾਲ ਹੀ ਸ਼ਬਦਾਵਲੀਆਂ ਤੇ ਕੋਸ਼ਕਾਰੀ ਨਾਲ ਸਬੰਧਤ ਕਾਰਜਾਂ ਦਾ ਵਿਸਤਾਰ ਕੀਤਾ ਜਾਣ ਦਾ ਟੀਚਾ ਹੈ। ਇਸੇ ਟੀਮ ਦੇ ਮੈਂਬਰ ਸਤਪਾਲ ਸਿੰਘ ਚਹਿਲ ਖੋਜ ਅਫ਼ਸਰ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ (ਏਆਈਈ) ਦੇ ਖੇਤਰ ’ਚ ਪੰਜਾਬੀ ਭਾਸ਼ਾ ਦੀ ਸਥਾਪਤੀ ਲਈ ਇਹ ਸਾਈਟ ਵੱਡਾ ਯੋਗਦਾਨ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਤੇ ਨਿਰੰਤਰ ਵਿਕਾਸ ਕਰਨ ਵਾਲਾ ਪ੍ਰੋਜੈਕਟ (ਕਾਰਜ) ਹੈ ਜਿਸ ਲਈ ਮਿਹਨਤ, ਬੱਜਟ ਅਤੇ ਸਮੇਂ ਦੀ ਬਹੁਤ ਜ਼ਰੂਰਤ ਹੈ। ਇਹ ਵੈਬਸਾਈਟ ਇਸ ਲਿੰਕ ’ਤੇ https://bhashavibhagpunjab.org/ ਖੋਲ੍ਹੀ/ਦੇਖੀ ਜਾ ਸਕਦੀ ਹੈ।
   ਸਮੁੱਚੇ ਰੂਪ ’ਚ ਦੇਖਿਆ ਜਾਵੇ ਤਾਂ ਇਹ ਪੰਜਾਬੀ ਭਾਸ਼ਾ ਦੇ ਖੇਤਰ ’ਚ ਭਾਸ਼ਾ ਵਿਭਾਗ ਦਾ ਸਲਾਹੁਣਯੋਗ ਤੇ ਨਿੱਗਰ ਉਪਰਾਲਾ ਹੈ। ਦੁਨੀਆ ਭਰ ’ਚ ਬੈਠੇ ਪੰਜਾਬੀ ਪ੍ਰੇਮੀਆਂ, ਇਸ ਭਾਸ਼ਾ ਨਾਲ ਸਬੰਧਤ ਠੋਸ ਜਾਣਕਾਰੀ ਹਾਸਲ ਕਰਨ ਦੇ ਚਾਹਵਾਨਾਂ ਅਤੇ ਮੀਡੀਆ ਕਰਮੀਆਂ ਲਈ ਇਹ ਸਾਈਟ ਵੱਡਾ ਤੋਹਫ਼ਾ ਹੈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਇਸ ਤਰ੍ਹਾਂ ਦੇ ਉਪਰਾਲੇ ਸਮੇਂ ਦੀ ਮੰਗ ਹਨ।