Headlines

ਸਰਬਸੰਮਤੀ ਨਾਲ ਚੁਣੇ ਨੌਜਵਾਨ ਸਰਪੰਚ ਦਾ ਦਿਨ ਦਿਹਾੜੇ ਕਤਲ

ਚੋਹਲਾ ਸਾਹਿਬ, 7 ਅਕਤੂਬਰ ( ਨਈਅਰ)-ਪੱਟੀ ਦੇ ਨੇੜਲੇ ਪਿੰਡ ਠੱਕਰਪੁਰਾ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਾਰ ਚਾਲਕ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲੇ ’ਚ ਕਾਰ ਚਾਲਕ ਦਾ ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਉਰਫ਼ ਰਾਜ ਵਾਸੀ ਤਲਵੰਡੀ ਮੌਹਰ ਸਿੰਘ ਵਜੋਂ ਹੋਈ ਹੈ। ਰਾਜਵਿੰਦਰ ਸਿੰਘ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਤ ਸੀ। ਉਹ ਬਲਾਕ ਪੱਟੀ ਤੋਂ ਆਪਣੇ ਪਿੰਡ ਤਲਵੰਡੀ ਮੌਹਰ ਸਿੰਘ ਦੀ ਬਿਨਾਂ ਮੁਕਾਬਲੇ ਚੁਣੀ ਗਈ ਪੰਚਾਇਤ ਉਪਰੰਤ ਸਾਥੀਆਂ ਨਾਲ ਵਾਪਸ ਜਾ ਰਿਹਾ ਸੀ ਤਾਂ ਪਿੰਡ ਠੱਕਰਪੁਰਾ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਨ੍ਹਾਂ ਦੀ ਕਾਰ ਨੂੰ ਰੋਕ ਕੇ ਰਾਜਵਿੰਦਰ ਸਿੰਘ ਨੂੰ ਸਰਪੰਚੀ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਾਜਵਿੰਦਰ ਸਿੰਘ ਅਤੇ ਉਸ ਦੇ ਸਾਥੀ ਨੂੰ ਪੱਟੀ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਰਾਜਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।