Headlines

ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦਾ ਮਾਣ : ਲੋਕ ਕਵੀ ਗੁਰਦਾਸ ਰਾਮ ‘ਆਲਮ’

ਡਾ ਗੁਰਵਿੰਦਰ ਸਿੰਘ-
(ਫੋਨ604 825 1550)
ਪੰਜਾਬੀਆਂ ਦਾ ‘ਅਸਲੀ ਗੁਰਦਾਸ’ ਗੁਰਦਾਸ ਰਾਮ ਆਲਮ ਹੈ, ਜਿਸ ਨੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਸਿਖਰਾਂ ਤੱਕ ਪਹੁੰਚਾਇਆ। “ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?” ਵਰਗੀ ਗੁਰਦਾਸ ਰਾਮ ਆਲਮ ਦੀ ਲਿਖਤ, ਅੱਜ ਵੀ ਲੋਕ ਮਨਾਂ ਦਾ ਹਿੱਸਾ ਬਣੀ ਹੋਈ ਹੈ। ਪਰ ਸਾਹਿਤਕ ਕਦਰਾਂ ਕੀਮਤਾਂ ਦੇ ਉਲਟ, ਵਪਾਰੀਕਰਨ ਅਤੇ ਸੰਸਾਰੀਕਰਨ ਦੇ ਅੱਜ ਦੇ ਦੌਰ ਵਿੱਚ ਜ਼ਿਆਦਾ ਚਰਚਾ ਉਸੇ ਦੀ ਹੁੰਦੀ ਹੈ, ਜੋ ਕਲਮ ਅਤੇ ਗਾਇਕੀ ਨੂੰ ਧੰਦਾ ਬਣਾ ਕੇ ਖੁੱਲ੍ਹੇਆਮ ਉਸ ਦਾ ਵਿਉਪਾਰ ਕਰਦਾ ਹੈ, ਚਾਹੇ ਉਹ ਸਾਹਿਤਕਾਰ ਹੋਵੇ ਜਾਂ ਗਾਇਕ। ਇਸ ਪੱਖੋਂ ਦੇਖਿਆ ਜਾਏ, ਤਾਂ ਪੰਜਾਬੀਆਂ ਨੇ ਵੀ ‘ਅਸਲੀ ਗੁਰਦਾਸ’ ਨੂੰ ਸਮਝਣ ਵਿੱਚ ਗਲਤੀ ਕੀਤੀ ਹੈ। ਸੱਚ ਹੈ ਕਿ ‘ਅਸਲੀ ਗੁਰਦਾਸ’ ਨੂੰ ਭੁਲਾ ਕੇ ਪੰਜਾਬੀਆਂ ਨੇ ‘ਨਕਲੀ ਗੁਰਦਾਸ’ ਨੂੰ ਸਿਰੇ ਚੜ੍ਹਾਇਆ, ਜਿਸ ਨੇ ‘ਮਾਂ ਤੇ ਮਾਸੀ’ ਵਾਲਾ ਬਿਰਤਾਂਤ ਸਿਰਜਿਆ ਅਤੇ ‘ਇਕ ਰਾਸ਼ਟਰ ਇਕ ਭਾਸ਼ਾ’ ਦੀ ਗੱਲ ਵੱਲ ਹੋ ਤੁਰਿਆ। ਸਾਰੀ ਉਮਰ ਪੰਜਾਬੀ ਦੇ ਪੱਲਿਓਂ ਰੋਟੀਆਂ ਖਾ ਕੇ ਪੰਜਾਬੀ ਨੂੰ ਹੀ ਵਿਸਾਰ ਦਿੱਤਾ। ਮਾਂ ਬੋਲੀ ‘ਚ ਸ਼ਬਦ ਅਪਸ਼ਬਦ ਬੋਲੇ, ਪੰਜਾਬੀਅਤ ਦੀ ਸੋਚ ਤੋਂ ਸੱਖਣੇ ਕੁਝ ਲੋਕਾਂ ਨੇ ਗੁਮਰਾਹ ਹੋ ਕੇ ਉਸ ਨੂੰ ਅਥਾਹ ਸ਼ੋਹਰਤ ਦਿੱਤੀ, ਚਾਹੇ ਇਸ ਸਮੇਂ ਉਹ ਪੰਜਾਬੀਆਂ ਦੇ ਮਨੋ ਪੂਰੀ ਤਰ੍ਹਾਂ ਲਹਿ ਗਿਆ ਹੈ।
ਅਖੌਤੀ ਉੱਚ ਸਮਾਜ ਅਤੇ ਅਖੌਤੀ ਬ੍ਰਾਹਮਣੀ ਨਿਜ਼ਾਮ ਵੱਲੋਂ ਦੁਰਕਾਰੇ ਹੋਏ ਅਤੇ ਦੱਬੇ- ਕੁਚਲੇ ਲੋਕਾਂ ਦੀ ਗੱਲ ਕਰਨ ਵਾਲਾ ਅਤੇ ਮਨੁੱਖੀ ਬਰਾਬਰੀ ਦਾ ਹਾਮੀ ਲੋਕ ਕਵੀ ਗੁਰਦਾਸ ਰਾਮ ਆਲਮ (29 ਅਕਤੂਬਰ 1912 – 27 ਸਤੰਬਰ 1989) ਸਹੀ ਅਰਥਾਂ ਵਿੱਚ ‘ਲੋਕ ਕਵੀ’ ਹੈ । ਆਲਮ ਨੇ ਪੇਂਡੂ ਜੀਵਨ ਵਿੱਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕੀਤਾ ਹੈ। ਉਸ ਦਾ ਜਨਮ ਪਿੰਡ ਬੁੰਡਾਲਾ, ਜ਼ਿਲ੍ਹਾ ਜਲੰਧਰ (ਪੰਜਾਬ) ਵਿੱਚ ਮਾਤਾ ਜੀਉਣੀ ਤੇ ਪਿਤਾ ਸ੍ਰੀ ਰਾਮ ਦੇ ਘਰ ਹੋਇਆ। ਉਸ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਾ ਮਿਲ ਸਕਿਆ। ਫਿਰ ਵੀ ਗੁਰਦਾਸ ਰਾਮ ਆਲਮ ਨੇ ਆਪਣੇ ਸ਼ੌਕ ਸਦਕਾ ਆਪਣੇ ਦੋਸਤਾਂ ਕੋਲੋਂ ਹੀ ਚੰਗਾ-ਸੁਹਣਾ ਪੜ੍ਹਨਾ- ਲਿਖਣਾ ਸਿੱਖ ਲਿਆ।
ਜਾਤ- ਪਾਤ, ਨਸਲਵਾਦ, ਫਾਸ਼ੀਵਾਦ ਅਤੇ ਕੱਟੜਵਾਦ ਵਿਰੋਧੀ ਗੁਰਦਾਸ ਰਾਮ ਆਲਮ ਦੀਆਂ ਰਚਨਾਵਾਂ ਹਨ : ਮੈਂ ਮਰ ਗਿਆ, ਅੱਲੇ ਫੱਟ, ਉਡਦੀਆਂ ਧੂੜਾਂ, ‘ਆਪਣਾ ਆਪ’ ਅਤੇ ‘ਆਲਮ ਕਾਵਿ’। ਦੁੱਖ ਇਸ ਗੱਲ ਦਾ ਹੈ ਕਿ ਪਾਠਕਾਂ ਲਈ ਇਹ ਕਿਤਾਬਾਂ ਉਪਲਬਧ ਨਹੀਂ ਹਨ, ਹਾਲਾਂਕਿ ‘ਗੁਰਦਾਸ ਰਾਮ ਆਲਮ ਕਾਵਿ’ ਸੰਪੂਰਨ ਕਾਵਿ ਰੂਪ ਵਿੱਚ ਮਾਨਵਵਾਦੀ ਰਚਨਾ ਮੰਚ, ਪੰਜਾਬ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਿਖਾਰੀ ਅਸ਼ੋਕ ਬਾਂਸਲ ਮਾਨਸਾ ਨੇ ‘ਮਿੱਟੀ ਨੂੰ ਫਰੋਲ ਜੋਗੀਆ’ (ਅਣਮੁੱਲੇ ਗੀਤਕਾਰ ) ਕਿਤਾਬ ਵਿੱਚ ਗੁਰਦਾਸ ਰਾਮ ਆਲਮ ‘ਤੇ ਜਾਣਕਾਰੀ ਭਰਪੂਰ ਲੇਖ ਲਿਖਿਆ ਹੈ।
ਗੁਰਦਾਸ ਰਾਮ ਆਲਮ ਦੇ ਚਾਰ ਪੁੱਤਰ ਸਨ, ਜਿਨਾਂ ਦੇ ਨਾਂ ‘ਸਾਹਿਤ’, ‘ਸੰਗੀਤ’ ,’ਅੰਦੋਲਨ’ ਰਖੇ, ਜਦ ਕਿ ਚੌਥਾ ਪੁੱਤਰ ਸੱਤ ਮਹੀਨੇ ਦੀ ਉਮਰ ਵਿੱਚ ਹੀ ਗੁਜ਼ਰ ਗਿਆ। ਉੰਝ ਬਾਕੀ ਤਿੰਨੇ ਪੁੱਤਰ ਵੀ ਆਲਮ ਸਾਹਿਬ ਦੇ ਹੁੰਦਿਆਂ ਹੀ , ਉਹਨਾਂ ਦੇ ਅੱਖਾਂ ਸਾਹਮਣੇ ਚੱਲ ਵਸੇ ਅਤੇ ਇਹ ਸਦਮਾ ਗੁਰਦਾਸ ਰਾਮ ਆਲਮ ਲਈ ਅਸਹਿ ਰਿਹਾ। ਆਲਮ ਸਾਹਿਬ ਦੇ ਘਰ ਤਿੰਨ ਪੁੱਤਰੀਆਂ ਹੋਈਆਂ, ਜਿਨਾਂ ਦੇ ਨਾਂ ‘ਕੰਵਲ’, ‘ਸੁਦੇਸ਼’ ਅਤੇ ‘ਧੀਰਜ’ ਰੱਖੇ।
ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਕਿ ਸਕੂਲ ਸਮੇਂ ਮਹਾਨ ਸ਼ਾਇਰ ਗੁਰਦਾਸ ਰਾਮ ਆਲਮ ਦੇ ਕਈ ਵਾਰ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਸੰਨ 1983 ਦੀ ਗੱਲ ਹੈ, ਜਦੋਂ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਪੜ੍ਹਦੇ ਸਾਂ, ਤਾਂ ਸਾਡੇ ਅਧਿਆਪਕ ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਨੂੰ ਮਿਲਣ ਗੁਰਦਾਸ ਰਾਮ ਆਲਮ ਅਕਸਰ ਆਇਆ ਕਰਦੇ ਸਨ। ਓਦੋਂ ਹੀ ਬਾਜਵਾ ਸਾਹਿਬ ਨੇ ਪਹਿਲੀ ਵਾਰ ਮਹਾਨ ਸ਼ਾਇਰ ਗੁਰਦਾਸ ਰਾਮ ਹੁਰਾਂ ਨੂੰ ਮਿਲਾਇਆ। ਉਸ ਸੁਭਾਗੀ ਘੜੀ ਸੀ, ਜਦੋਂ ਆਲਮ ਸਾਹਿਬ ਨੇ ਆਪਣੇ ਹੱਥੀਂ ਆਪਣੀ ਲਿਖਤ “ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?” ਮੈਨੂੰ ਦਿੱਤੀ ਅਤੇ ਥਾਪੜਾ ਦਿੰਦਿਆਂ ਇਹ ਕਵਿਤਾ ਚੇਤੇ ਕਰਨ ਲਈ ਉਤਸ਼ਾਹ ਵਧਾਇਆ। ਛੇਵੀਂ ਜਮਾਤ ਵਿੱਚ ਇਹ ਕਵਿਤਾ ਮੈਂ ਜ਼ਬਾਨੀ ਯਾਦ ਕਰ ਲਈ ਸੀ, ਜੋ ਹੁਣ ਵੀ ਹਰ ਘੜੀ ਜ਼ੁਬਾਨ ‘ਤੇ ਰਹਿੰਦੀ ਹੈ । ਆਜ਼ਾਦੀ ਤੋਂ ਤਿੰਨ ਵਰ੍ਹੇ ਮਗਰੋਂ ਲਿਖੀ ਇਹ ਕਵਿਤਾ ਅੱਜ ਦੇ ਕਾਲੇ ਦੌਰ ‘ਤੇ ਵੀ ਹੂ-ਬ-ਹੂ ਢੁਕਦੀ ਹੈ।
ਗੁਰਦਾਸ ਰਾਮ ਆਲਮ-ਕਾਵਿ
ਉਂਝ ਤਾਂ ਆਲਮ ਸਾਹਿਬ ਦੀ ਹਰ ਰਚਨਾ ਹੀ ਕਾਬਲੇ- ਤਾਰੀਫ਼ ਹੈ, ਪਰ ਕੁਝ ਕਵਿਤਾਵਾਂ ਦੀ ਸਾਂਝ ਪਾਠਕਾਂ ਨਾਲ ਪਾ ਰਹੇ ਹਾਂ। ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੇ ‘ਅਸਲੀ ਗੁਰਦਾਸ’ ਬਾਰੇ ਖੁੱਲ੍ਹੀਆਂ ਗੱਲਾਂ, 13 ਅਕਤੂਬਰ, ਦਿਨ ਐਤਵਾਰ ਨੂੰ 7050 ਸੀਨੀਅਰ ਸੈਂਟਰ ਸਰੀ ਵਿਖੇ ਸਾਹਿਤਕ ਸਮਾਗਮ ਮੌਕੇ ਹੋਣਗੀਆਂ।
ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।
ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ।
ਦਿੱਲੀ ’ਚ ਆਉਂਦੀ ਹੈ ਸਰਦੀ ਦੀ ਰੁੱਤੇ,
ਤੇ ਹਾੜਾਂ ’ਚ ਰਹਿੰਦੀ ਪਹਾੜਾਂ ਦੇ ਉੱਤੇ।
ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ,
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ’ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।
ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ’ਚ ਭੁੰਜੇ ਸਵਾਈਏ।
ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ’ਚ ਟਾਂਡੇ ਹੁੰਦੇ ਨੇ।”
“ਮੈਂ ਇਕ ਹੱਥ ਫੜ ਲਈ ਦਾਤਰੀ ਤੇ ਦੂਜੇ ਹੱਥ ਵਿਦਾਨ।
ਮੈਂ ਕੱਠੇ ਕਰ ਲਏ ਮਿਹਨਤੀ, ਕੁੱਲ ਕਾਮੇ ਤੇ ਕਿਰਸਾਨ
ਮੈਂ ਸੱਭੇ ਫਾਹੀਆ ਤੋੜੀਆਂ, ਫਿਰ ਮੈਂ ਜੋੜੇ ਲੋਕ ਮਹਾਨ।
ਮੈਂ ਪਉਣ ਨੂੰ ਗੰਢਾਂ ਮਾਰ ਕੇ, ਕੀਤੇ ਪਿਛਲੇ ਰੱਦ ਅਖਾਣ।”
ਉਏ ਕਵੀਆ ਮੇਰੀ ਕਲਾਸ ਦਿਆ,
ਛੱਡ ਆਦਤ ਨੱਚਣ ਗਾਣੇ ਦੀ।
ਜਾਂ ਬੈਠਾ ਰਹੁ ਮੂੰਹ ਬੰਦ ਕਰ ਕੇ,
ਜਾਂ ਗੱਲ ਕਰ ਕਿਸੇ ਟਿਕਾਣੇ ਦੀ
ਕੀ ਲਿਖਦਾ, ਕਿਸ ਲਈ ਲਿਖਦਾ ਏਂ,
ਇਸ ਗੱਲ ਨੂੰ ਗਹੁ ਨਾਲ ਸੋਚ ਜ਼ਰਾ।
ਤੇਰੀ ਲਿਖਤ ਸਹਾਇਤਾ ਕਰਦੀ ਏ,
ਜਾਂ ਲਿੱਸੇ ਜਾਂ ਜਰਵਾਣੇ ਦੀ।”
ਮੈਂ ਸ਼ਾਇਰ ਹਾਂ ਇਕ ਸ਼੍ਰੇਣੀ ਦਾ, ਸੰਸਾਰ ਨੂੰ ਖੁਸ਼ ਨਹੀਂ ਕਰ ਸਕਦਾ।
ਮੈਂ ਲਿਖਦਾ ਹਾਂ ਮਜ਼ਦੂਰਾਂ ਲਈ, ਜ਼ਰਦਾਰ ਨੂੰ ਖੁਸ਼ ਨਹੀਂ ਕਰ ਸਕਦਾ
ਸੱਚ ਝੂਠ ਤੇ ਦੁਸ਼ਮਨ ਦੋਸਤ ਨੂੰ, ਜਦ ਲੱਭ ਲਿਆ ਮੇਰੀਆਂ ਨਜ਼ਰਾਂ ਨੇ,
ਮੇਰੀ ਸੋਚ ਤੇ ਸੂਝ ਜਮਾਤੀ ਹੈ, ਗੁਨਾਹਗਾਰ ਨੂੰ ਖੁਸ਼ ਨਹੀਂ ਕਰ ਸਕਦਾ।
ਸੱਚ ਕਹਿਣ ਦੀ ਮੇਰੀ ਆਦਤ ਹੈ, ਮੈਂ ਵਲ ਪਾ ਕੇ ਗੱਲ ਕਰਦਾ ਨਹੀਂ
ਆਸ਼ਕ ਹਾਂ ਜੁਗ ਪਲਟਾਊ ਦਾ, ਗੱਦਾਰ ਨੂੰ ਖੁਸ਼ ਨਹੀਂ ਕਰ ਸਕਦਾ।”
ਸ਼ਾਇਰ ਓਹੀ ਜਹਾਨ ‘ਤੇ ਹੋ ਸਕਦਾ, ਜੋ ਸੋਨਾ ਸੋਨੇ ਨੂੰ, ਕੱਚ ਨੂੰ ਕੱਚ ਆਖੇ
ਕਰੇ ਲੋਕਾਂ ਦੇ ਦਿਲਾਂ ਦੀ ਤਰਜਮਾਨੀ, ਠੀਕ ਠੀਕ ਤੇ ਖੱਚ ਨੂੰ ਖੱਚ ਆਖੇ।
ਜੋ ਕੁਝ ਕਹਿਣਾ ਉਹ ਕਵ੍ਹੇ ਨਿਧੜਕ ਹੋ ਕੇ, ਟੱਪ-ਟੱਪ ਆਖੇ, ਨੱਚ-ਨੱਚ ਆਖੇ।
‘ਆਲਮ’ ਓਸੇ ਦੀ ਰਹੇਗੀ ਅਮਰ ਕਵਿਤਾ, ਜੋ ਝੂਠ ਨੂੰ ਝੂਠ, ਤੇ ਸੱਚ ਨੂੰ ਸੱਚ ਆਖੇ।”
“ਇਹ ਕੀ ਥੀਊਰੀ ਤੇ ਕੀ ਏ ਸਿਧਾਂਤ ਤੇਰਾ,
ਕਦਮ ਪੁੱਟਣਾ ਪਿੱਛੇ ਪਰਤਾਈ ਜਾਣਾ।
ਨਿਕਲੀ ਮੋਕ ਤੇ ਗਊ ਦਾ ਜਾਇਆ ਬਣਨਾ,
ਬੜ੍ਹਕ ਮਾਰ ਕੇ ਸਾਹਨ ਅਲਾਈ ਜਾਣਾ।
ਚੱਪਾ ਟੁੱਕ ਤੇ ਮੰਜੀ ਦੀ ਥਾਂ ਬਦਲੇ,
ਆਸਾ ਰਾਗ ਤਿਰਕਾਲਾਂ ਨੂੰ ਗਾਈ ਜਾਣਾ।
ਨਾਲੇ ਜਿਹਲ ਜੁਰਮਾਨੇ ਤੋਂ ਬਚੇ ਰਹਿਣਾ,
ਕਮਿਊਨਿਸਟ ਵੀ ਨਾਲੇ ਕਹਾਈ ਜਾਣਾ।
 
ਤੂੰ ਨਹੀਂ ਜਾਣਦਾ ਥੋਹੜਿਆਂ ਦਿਨਾਂ ਤੀਕਰ”,
ਆਲਮ ਤੈਥੋਂ ਹਿਸਾਬ ਵੀ ਮੰਗਣਾ ਏ।
ਚੁੱਕ ਕੇ ਟਿੰਡ-ਫਹੁੜੀ ਰਾਹ ’ਚੋਂ ਪਰ੍ਹੇ ਹੋ ਜਾ,
ਏਥੋਂ ਲੋਕਾਂ ਦਿਆਂ ਲੀਡਰਾਂ ਲੰਘਣਾ ਏ।
ਗੁਰਦਾਸ ਰਾਮ ਆਲਮ ਨੇ ਸਮੁੱਚਾ ਜੀਵਨ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਸਮਰਪਿਤ ਕੀਤਾ। ਦੁੱਖ ਇਸ ਗੱਲ ਦਾ ਹੈ ਕਿ ਆਖਣ ਨੂੰ ਵੱਡੇ-ਵੱਡੇ ਸਾਹਿਤਕਾਰਾਂ’ ਨੇ ਆਲਮ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ। ਇਹ ਘੋਰ ਬੇਇਨਸਾਫੀ ਹੈ। ਗੁਰਦਾਸ ਰਾਮ ਆਲਮ ਸਾਹਿਬ ਸਮਕਾਲੀ ਕਵੀਆਂ ‘ਚੋਂ ਬੇਹਤਰ ਸ਼ਾਇਰ ਸਨ, ਪਰ ਈਰਖਾ ਅਤੇ ਸ਼ੋਹਰਤ ਦੀ ਇਸ ਦੌਰ ਵਿੱਚ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ। ਸੱਚ ਹੈ ਕਿ ਆਲਮ ਦੇ ਗੀਤ ਅਤੇ ਕਵਿਤਾਵਾਂ ਸਦਾ ਹੀ ਜਿਉਂਦੀਆਂ ਰਹਿਣਗੀਆਂ। ਉਹ ਪੰਜਾਬੀ ਮਾਂ ਬੋਲੀ ਦੇ ‘ਅਸਲੀ ਗੁਰਦਾਸ’ ਅਤੇ ਪੰਜਾਬੀ ਅਤੇ ਪੰਜਾਬੀਆਂ ਦਾ ਮਾਣ ਹਨ।
**
ਪੰਜਾਬੀ ਦੇ ਲੋਕ ਸ਼ਾਇਰ ਗੁਰਦਾਸ ਰਾਮ ਆਲਮ ਬਾਰੇ ਗਿਆਨ ਵੰਡਣ ਦਾ ਇੱਕ ਚੰਗਾ ਉਪਰਾਲਾ ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ’ ਵੱਲੋਂ ਕੀਤਾ ਗਿਆ ਹੈ, ਜਿਸ ਰਾਹੀਂ  ਗੁਰਦਾਸ ਰਾਮ ਆਲਮ” ਬੈਨਰ ਹੇਠ 13 ਅਕਤੂਬਰ, ਦਿਨ ਐਤਵਾਰ ਨੂੰ 7050 ਸੀਨੀਅਰ ਸੈਂਟਰ ਸਰੀ ਵਿਖੇ ਸਾਹਿਤਕ ਸਮਾਗਮ, ਬਾਅਦ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਲੋਕ ਕਵੀ ਗੁਰਦਾਸ ਰਾਮ ਆਲਮ ਨੂੰ ਸਮਰਪਿਤ ਇਸ ਸਾਹਿਤਕ ਸਮਾਗਮ ਵਿੱਚ ਸਭ ਨੂੰ ਵੱਧ ਚੜ ਕੇ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ। ਸੰਮੇਲਨ ਦੀ ਵਧੇਰੇ ਜਾਣਕਾਰੀ ਲਈ ਪ੍ਰਿੰਸੀਪਲ ਮਲੂਕ ਚੰਦ ਕਲੇਰ ਨਾਲ 778 321 6139 ਜਾਂ ਮਨਮੋਹਣ ਸਿੰਘ ਸਮਰਾ ਨਾਲ 604 209 3000 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *