Headlines

ਕੇਵਲ ਐਨ ਡੀ ਪੀ ਹੀ ਲੋਕ ਭਲਾਈ ਪ੍ਰਤੀ ਸੁਹਿਰਦ ਪਾਰਟੀ-ਜਿੰਨੀ ਸਿਮਸ

ਸਰੀ ਵਿਚ ਸਭ ਤੋਂ ਵੱਧ ਨਿਵੇਸ਼ ਕਰਨ ਵਾਲੀ ਐਨ ਡੀ ਪੀ ਸਰਕਾਰ ਦਾ ਇਤਿਹਾਸਕ ਰਿਕਾਰਡ-

ਸਰੀ ( ਦੇ ਪ੍ਰ ਬਿ)- ਸਰੀ ਪੈਨੋਰਮਾ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਜਿੰਨੀ ਸਿਮਸ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀ। ਉਹਨਾਂ ਦਾ ਪ੍ਰੋਵਿੰਸ਼ੀਅਲ ਤੇ ਫੈਡਰਲ ਸਿਆਸਤ ਵਿਚ ਆਪਣਾ ਇਕ ਤਜੁਰਬਾ ਤੇ ਰਿਕਾਰਡ ਹੈ। ਸਰੀ-ਪੈਨੋਰਾਮਾ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਵਜੋਂ ਮੈਦਾਨ ਵਿਚ ਜਿੰਨੀ ਸਿਮਸ ਇਥੋਂ ਪਹਿਲੀ ਵਾਰ 2017 ਵਿਚ ਐਮ ਐਲ ਏ ਚੁਣੇ ਗਏ ਸਨ। ਉਹ ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਤੇ ਨਾਗਰਿਕ ਸੇਵਾਵਾਂ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਬੀ ਸੀ ਟੀਚਰਜ ਯੂਨੀਅਨ ਦੀ ਪ੍ਰਧਾਨ ਵਜੋਂ ਲੰਬਾ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਸਿਆਸਤ ਵਿਚ ਆਈ ਜਿੰਨੀ ਸਿਮਸ ਨੇ ਹੁਣ ਤੱਕ ਲੋਕਾਂ ਵਿਚ ਵਿਚਰਦਿਆਂ ਭਾਈਚਾਰੇ ਦੇ ਸਾਂਝੇ ਕੰਮਾਂ ਲਈ ਹਮੇਸ਼ਾ ਅੱਗੇ ਵਧਕੇ ਯੋਗਦਾਨ ਪਾਇਆ ਹੈ। ਸਰੀ ਵਿਚ ਆਪਣੇ ਵੱਡੇ ਪਰਿਵਾਰ ਨਾਲ ਰਹਿ ਰਹੀ ਜਿੰਨੀ ਸਿਮਸ ਦਾ ਕਹਿਣਾ ਹੈ ਕਿ ਸਰੀ ਬੀ ਸੀ ਦਾ ਇਕ ਖੂਬਸੂਰਤ ਤੇ ਰਹਿਣਯੋਗ ਸ਼ਹਿਰ ਹੈ। ਉਹ ਇਸ ਸ਼ਹਿਰ ਦੀ ਤਰੱਕੀ ਤੇ ਵਿਕਾਸ ਦੇ ਨਾਲ ਲੋਕਾਂ ਦੇ ਹਰ ਕੰਮ ਵਿਚ ਭਾਈਵਾਲ ਬਣਨ ਨੂੰ ਆਪਣਾ ਸੁਭਾਗ ਸਮਝਦੀ ਹੈ।

ਦੇਸ ਪ੍ਰਦੇਸ ਟਾਈਮਜ਼ ਨਾਲ ਮੌਜੂਦਾ ਚੋਣ ਮੁਹਿੰਮ ਬਾਰੇ ਗੱਲ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 7 ਸਾਲ ਤੋਂ ਬੀ ਸੀ ਐਨ ਡੀ ਪੀ ਨੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਬਹੁਤ ਨਿੱਗਰ ਤੇ ਚੰਗੇ ਕਦਮ ਉਠਾਏ ਹਨ। ਉਹਨਾਂ ਸਰੀ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਐਨ ਡੀ ਪੀ ਨੇ ਸਰੀ ਦੇ ਵਿਕਾਸ ਲਈ ਜਿਤਨਾ ਨਿਵੇਸ਼ ਕੀਤਾ ਹੈ, ਉਹ ਵੀ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸਰੀ ਦੇ ਲੋਕਾਂ ਲਈ ਸਿਹਤ ਸਹੂਲਤਾਂ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸਰੀ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਰੀ ਵਿਚ ਦੂਸਰਾ ਹਸਪਤਾਲ ਬਣਾਉਣ ਲਈ, ਪਟੂਲੋ ਬ੍ਰਿਜ ਦੀ ਨਵ ਉਸਾਰੀ ਅਤੇ ਆਵਾਜਾਈ ਦੀ ਸਹੂਲਤ ਲਈ ਸਕਾਈਟਰੇਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰੀ ਇਕ ਅਜਿਹਾ ਸ਼ਹਿਰ ਹੈ ਜਿਥੇ ਹਰ ਮਹੀਨੇ ਹਜ਼ਾਰਾਂ ਨਵੇਂ ਪਰਵਾਸੀ ਆਪਣਾ ਘਰ ਬਣਾਉਣ ਨੂੰ ਤਰਜੀਹ ਦਿੰਦੇ ਹਨ। ਨਵੇਂ ਲੋਕਾਂ ਦੇ ਆਉਣ ਕਰਕੇ ਸਕੂਲਾਂ ਵਿਚ ਬੱਚਿਆਂ ਲਈ ਵਧੇਰੇ ਸਪੇਸ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰੀ ਦੇ 240 ਸਕੂਲਾਂ ਵਿਚ 12500 ਨਵੀਆਂ ਸਪੇਸ ਬਣਾਈਆਂ ਹਨ। ਉਹਨਾਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦਿਆਂ ਮਹਿੰਗਾਈ ਦੇ ਨਾਲ ਘਰਾਂ ਦਾ ਲੋਕਾਂ ਦੀ ਪਹੁੰਚ ਤੋਂ ਦੂਰ ਹੋਣਾ ਅਤੇ ਇਸ ਲਈ ਐਨ ਡੀ ਪੀ ਵਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਬੀ ਸੀ ਐਨ ਡੀ ਪੀ ਨੇ ਆਪਣੀ ਹਾਊਸਿੰਗ ਪਲਾਨਿੰਗ ਵਿਚ 3 ਲੱਖ ਨਵੇਂ ਘਰ ਬਣਾਉਣ ਦੀ ਕਮਿਟਮੈਂਟ ਕੀਤੀ ਹੈ। ਜਿਸ ਵਿਚ ਮੱਧਵਰਗੀ ਪਰਿਵਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੰਦਿਆਂ ਉਹਨਾਂ ਲਈ 40 ਪ੍ਰਤੀਸ਼ਤ ਤੱਕ ਸਰਕਾਰ ਵਲੋਂ ਫਾਇਨਾਂਸ ਦੀ ਵਿਵਸਥਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਡੇਵਿਡ ਈਬੀ ਦੀ ਅਗਵਾਈ ਹੇਠ ਐਨ ਡੀ ਪੀ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਲਈ ਵੀ ਠੋਸ ਉਪਰਾਲੇ ਕਰ ਰਹੀ ਹੈ। ਆਈ ਸੀ ਬੀ ਸੀ ਵਰਗੀ ਸੰਸਥਾ ਵਿਚ ਕਈ ਸੁਧਾਰ ਕਰਦਿਆਂ ਇਸ ਨੂੰ ਸਰਪਲੱਸ ਬਣਾਇਆ ਗਿਆ ਹੈ। ਇਹੀ ਕਾਰਣ ਹੈ ਕਿ ਆਟੋ ਚਾਲਕਾਂ ਨੂੰ ਪ੍ਰੀਮੀਅਮ ਵਿਚ ਰਾਹਤ ਪਹੁੰਚਾਈ ਜਾ ਸਕੀ ਹੈ ਤੇ ਅਗਲੇ 6 ਸਾਲ ਤੱਕ ਪ੍ਰੀਮੀਅਮਾਂ ਵਿਚ ਵਾਧਾ ਫਰੀਜ਼ ਕੀਤਾ ਗਿਆ ਹੈ। ਦੂਸਰੇ ਪਾਸੇ ਬੀ ਸੀ ਕੰਸਰਵੇਟਿਵ ਆਗੂ ਆਈ ਸੀ ਬੀ ਸੀ ਦੇ ਏਕਾਧਿਕਾਰ ਨੂੰ ਖਤਮ ਕਰਨ ਦੀ ਗੱਲ ਕਰਦਿਆਂ ਸਫਲਤਾ ਨਾਲ ਕੰਮ ਰਹੀ ਸੰਸਥਾ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਹੋਰ ਕਿਹਾ ਕਿ ਬੀ ਸੀ ਐਨ ਡੀ ਪੀ ਹੀ ਇਕ ਅਜਿਹੀ ਪਾਰਟੀ ਹੈ ਜਿਸਦਾ ਪਹਿਲਾ ਮਕਸਦ ਲੋਕ ਭਲਾਈ ਹੈ ਤੇ ਇਹ ਆਮ ਲੋਕਾਂ ਲਈ ਕੰਮ ਕਰਦੀ ਹੈ ਜਦੋਂਕਿ ਕੰਸਰਵੇਟਿਵ ਹਮੇਸ਼ਾ ਅਮੀਰ ਲੋਕਾਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦੀ ਹੈ। ਉਹਨਾਂ ਆਪਣੇ ਹਲਕੇ ਵਿਚ ਬਜੁਰਗਾਂ ਲਈ ਆਧੁਨਿਕ ਸਹੂਲਤਾਂ ਭਰਪੂਰ ਸੀਨੀਅਰ ਸੈਂਟਰ ਬਣਾਉਣ ਤੇ ਬਜੁਰਗਾਂ ਨੂ ਮੁਫਤ ਸਫਰ ਸਹੂਲਤ ਦੀ ਗੱਲ ਕਰਦਿਆਂ ਕਿਹਾ ਕਿ ਐਨ ਡੀ ਪੀ ਸੁਸਾਇਟੀ ਦੇ ਸਾਰੇ ਵਰਗਾਂ ਦਾ ਖਿਆਲ ਰੱਖਣ ਵਾਲੀ ਪਾਰਟੀ ਹੈ। ਉਹਨਾਂ ਲੋਕਾਂ ਨੂੰ ਸੂਬੇ ਅਤੇ ਸਰੀ ਦੀ ਭਲਾਈ ਲਈ ਮੁੜ ਐਨ ਡੀ ਪੀ ਨੂੰ ਭਾਰੀ ਮਤਦਾਨ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ। ਉਹਨਾਂ ਬੀ ਸੀ ਕੰਸਰਵੇਟਿਵ ਨੂੰ ਕੇਵਲ ਐਲਾਨਾਂ ਵਾਲੀ ਪਾਰਟੀ ਕਰਾਰ ਦਿੰਦਿਆਂ ਕਿਹਾ  ਕਿ ਐਨ ਡੀ ਪੀ ਹੀ ਅਜਿਹੀ ਪਾਰਟੀ ਹੈ ਜਿਸਤੇ ਲੋਕ ਭਰੋਸਾ ਕਰ ਸਕਦੇ ਹਨ।

 

Leave a Reply

Your email address will not be published. Required fields are marked *