ਸਰੀ,9 ਅਕਤੂਬਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਲਈ ਸਿਆਸੀ ਸਰਗਰਮੀਆਂ ਸਿਖਰਾਂ ’ਤੇ ਹਨ।ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਪੱਖ ’ਚ ਉਲਾਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।ਇਸੇ ਸਿਲਸਿਲੇ ਤਹਿਤ ਕੰਸਰਵੇਟਿਵ ਪਾਰਟੀ ਦੇ ਸਰੀ ਨੌਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਦੇ ਹੱਕ ’ਚ ਵੋਟਰਾਂ ਨਾਲ ਰਾਬਤਾ ਕਰਨ ਲਈ ਉਘੇ ਕਾਰੋਬਾਰੀ ਤੇ ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ ਦੇ ਗ੍ਰਹਿ ਵਿਖੇ ਇਕ ਭਰਵੀਂ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ: ਧਾਲੀਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ।
ਇਸ ਮੌਕੇ ਸਮਰੱਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਧਾਲੀਵਾਲ ਨੇ ਕਿਹਾ ਕਿ ਉਹ ਖੁਦ ਕਬੱਡੀ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਬੀ. ਸੀ. ਦੇ ਨੌਜਵਾਨਾਂ ਨੂੰ ਖੇਡਾਂ ਵੱਲ ਰੁਚਿਤ ਕੀਤਾ ਜਾਵੇ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਬੀ. ਸੀ. ਸੂਬੇ ’ਚ ਖੇਡਾਂ ਨੂੰ ਵਿਕਸਿਤ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਬੋਲਦਿਆਂ ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਜੀਸ਼ਾਨ ਵਾਹਲਾ ਨੇ ਮੌਜੂਦਾ ਸੂਬਾਈ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਉਸਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਦੱਸਿਆ।ਉਨ੍ਹਾਂ ਅਪੀਲ ਕੀਤੀ ਕਿ ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰਨਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਲਈ ਸੂਬੇ ’ਚ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਇਸ ਮੌਕੇ ਬਲਵੀਰ ਸਿੰਘ ਬੈਂਸ ਨੇ ਉਮੀਦਵਾਰਾਂ ਨੂੰ ਸੂਬੇ ਅਤੇ ਲੋਕ ਹਿੱਤ ਵਿਚ ਕੀਤਾ ਜਾਣ ਵਾਲੇ ਕੰਮਾਂ ਅਤੇ ਚੁਣੇ ਜਾਣ ਦੀ ਸੂਰਤ ਵਿਚ ਉਹਨਾਂ ਦੀ ਸਰਕਾਰ ਵਿਚ ਭੂਮਿਕਾ ਬਾਰੇ ਸਵਾਲ ਪੁੱਛੇ ਜਿਹਨਾਂ ਦੇ ਦੋਵਾਂ ਉਮੀਦਵਾਰਾਂ ਨੇ ਜਵਾਬ ਦਿੱਤੇ ਤੇ ਵਿਸ਼ਵਾਸ ਦਿਵਾਇਆ ਕਿ ਉਹ ਲੋਕ ਇਛਾਵਾਂ ਤੇ ਪੂਰਾ ਉਤਰਨ ਦਾ ਯਤਨ ਕਰਨਗੇ।
ਇਸ ਮੌਕੇ ਸੰਸਦੀ ਚੋਣ ਲਈ ਕੰਸਕਵੇਟਿਵ ਪਾਰਟੀ ਦੇ ਨੌਮੀਨੇਸ਼ਨ ਉਮੀਦਵਾਰ ਰਾਜਬੀਰ ਸਿੰਘ ਢਿੱਲੋਂ, ਚੇਅਰਮੈਨ ਅਜਮੇਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋ ਇਲਾਵਾ ਗੀਤਕਾਰ ਜਸਬੀਰ ਗੁਣਾਚੌਰੀਆ, ਗੁਰਪ੍ਰੀਤ ਮਾਨ (ਸਰਪੰਚ), ਰੀਐਲਟਰ ਜਗਦੀਪ ਸੰਧੂ, ਰਾਜ ਮਲੂਕਾ, ਦਵਿੰਦਰ ਜੰਡਾ, ਤੇਜ਼ ਵਿਰਦੀ, ਸਰਬਜੀਤ ਢੇਸੀ, ਰਾਕੇਸ਼ ਪਤਾਰਾ, ਜਸਦੀਪ ਸੰਧੂ, ਸੰਦੀਪ ਤੂਰ, ਰਿੱਕੀ ਬਾਜਵਾ, ਰਾਣਾ ਢੇਸੀ, ਜਸਦੀਪ ਬੈਂਸ, ਗੁਰਦੀਪ ਸਿੰਘ ਬੈਂਸ, ਡੇਵ ਜੁਨਾਗਲ, ਚਰਨ ਸਿੰਘ ਜੌਹਲ, ਬਿੱਟੂ ਔਜਲਾ, ਮਨੋਹਰ ਸਿੰਘ ਤੇ ਹੋਰ ਹਾਜ਼ਰ ਸਨ।