Headlines

ਐਨ ਡੀ ਪੀ ਨੇ ਸਿਹਤ ਸਹੂਲਤਾਂ ਦਾ ਮਜ਼ਾਕ ਬਣਾਇਆ- ਹਰਮਨ ਭੰਗੂ

ਐਲਡਰਗਰੋਵ ( ਦੇ ਪ੍ਰ ਬਿ)- ਲੈਂਗਲੀ ਐਬਸਫੋਰਡ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਹਰਮਨ ਭੰਗੂ ਨੇ ਬੀਤੇ ਦਿਨ ਆਪਣੀ ਚੋਣ ਮੁਹਿੰਮ ਦੌਰਾਨ ਆਪਣੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 7 ਸਾਲ ਤੋਂ ਸੱਤਾ ਤੇ ਬੀਸੀ ਐਨ ਡੀ ਪੀ ਦੀਆਂ ਗਲਤ ਨੀਤੀਆਂ ਕਾਰਣ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਸੂਬੇ ਵਿਚ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਿਚ ਵਧੇਰੇ ਡਾਕਟਰਾਂ ਤੇ ਨਰਸਾਂ ਦੀ ਭਰਤੀ ਦੀ ਥਾਂ ਫਰੇਜ਼ਰ ਹੈਲਥ ਦੇ 16 ਡਾਇਰੈਕਟਰਾਂ ਨੂੰ ਵਧੇਰੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜਿਹਨਾਂ ਦਾ ਸਿਹਤ ਸਹੂਲਤਾਂ ਨੂੰ ਬੇਹਤਰ ਬਣਾਉਣ ਵਿਚ ਕੋਈ ਰੋਲ ਨਹੀ। ਸਿਹਤ ਸਹੂਲਤਾਂ ਨੂੰ ਮਜ਼ਾਕ ਬਣਾ ਰੱਖਿਆ ਹੈ। ਉਹਨਾਂ ਕਿਹਾ ਕਿ ਅਗਰ ਬੀ ਸੀ ਕੰਸਰਵੇਟਿਵ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਸਿਹਤ ਪ੍ਰਣਾਲੀ ਚੋ ਅਫਸਰਸ਼ਾਹੀ ਨੂੰ  ਖਤਮ ਕਰਨ ਦੇ ਨਾਲ ਹੋਰ ਸੁਧਾਰਾਂ ਨੂੰ ਤਰਜੀਹ ਦੇਵੇਗੀ। ਉਹਨਾਂ ਸੂਬੇ ਵਿਚ ਅਪਰਾਧ ਵਧਣ ਲਈ ਵੀ ਐਨ ਡੀ ਪੀ ਨੂੰ ਜਿੰਮੇਵਾਰ ਦੱਸਿਆ। ਐਨ ਡੀ ਪੀ ਸਰਕਾਰ ਦੀ ਡਰੱਗ ਨੀਤੀ ਕਾਰਣ ਜਿਥੇ ਓਵਰਡੋਜ ਨਾਲ ਮੌਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਉਥੇ ਗਲੀਆਂ ਵਿਚ ਸ਼ਰੇਆਮ ਨਸ਼ਾ ਪਹੁੰਚ ਗਿਆ ਹੈ। ਜਿਸ ਨਾਲ ਆਮ ਸ਼ਹਿਰੀਆਂ ਦੀ ਸੁਰਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਇਥੋ ਤੱਕ ਕਿ ਸਕੂਲਾਂ ਵਿਚ ਵੀ ਬੱਚਿਆਂ ਤੱਕ ਨਸ਼ਾ ਪਹੁੰਚ ਰਿਹਾ ਹੈ। ਉਹਨਾਂ ਇਸ ਬਦਇੰਤਜ਼ਾਮੀ ਵਾਰੀ ਸਰਕਾਰ ਨੂੰ ਚਲਦਾ ਕਰਨ ਤੇ ਬੀ ਸੀ ਕੰਸਰਵੇਟਿਵ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਘੇ ਬਿਜਨਸਮੈਨ ਬੌਬ ਚੀਮਾ, ਰਾਜਾ ਗਿੱਲ ਤੇ ਹੋਰ ਸਥਾਨਕ ਸਮਰਥਕ ਹਾਜ਼ਰ ਸਨ।