ਮੁੰਬਈ ( ਦੇ ਪ੍ਰ ਬਿ)- ਭਾਰਤ ਦੇ ਪ੍ਰਸਿਧ ਸਨਅਤਕਾਰ ਤੇ ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਮੁੰਬਈ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ।ਉਹ ਲਗਪਗ 86 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਸਨ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਨੇ ਇਕ ਬਿਆਨ ਵਿਚ ਟਾਟਾ ਦੇ ਅਕਾਲ ਚਲਾਣੇ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਆਪਣਾ ‘ਦੋਸਤ, ਮੈਂਟਰ ਤੇ ਗਾਈਡ’ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਨਅਤਕਾਰ ਗੌਤਮ ਅਡਾਨੀ ਸਣੇ ਹੋਰਨਾਂ ਨੇ ਟਾਟਾ ਦੇ ਦੇਹਾਂਤ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਜਿ਼ਕਰਯੋਗ ਹੈ ਕਿ ਰਤਨ ਟਾਟਾ ਜਿਹਨਾਂ ਦਾ ਜਨਮ 28 ਦਸੰਬਰ 1937 ਨੂੰ ਹੋਇਆ ਸੀ। ਉਹ ਲਗਪਗ 155 ਸਾਲ ਪੁਰਾਣੀ ਟਾਟਾ ਗਰੁੱਪ ਦੇ ਮਾਲਕ ਸਨ ਜਿਸਦੇ ਅਧੀਨ 100 ਤੋਂ ਹੋਰ ਕੰਪਨੀਆਂ ਤੇ 6 ਲੱਖ 50 ਹਜ਼ਾਰ ਤੋਂ ਉਪਰ ਕਰਮਚਾਰੀ ਕੰਮ ਕਰ ਰਹੇ ਹਨ। ਟਾਟਾ ਗਰੁੱਪ ਦੀ ਸਾਲਾਨਾ ਆਮਦਨ 100 ਅਰਬ ਡਾਲਰ ਤੋਂ ਉਪਰ ਹੈ।