ਸਰੀ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਚੋਣ ਲਈ ਵੱਖ ਵੱਖ ਪਾਰਟੀਆਂ ਆਪਣੇ ਚੋਣ ਪ੍ਰਚਾਰ ਨਾਲ ਮੈਦਾਨ ਵਿੱਚ ਹਨ। ਭਾਰਤੀ ਪੰਜਾਬੀ ਭਾਈਚਾਰੇ ਵੱਲੋਂ ਇਸ ਵਿੱਚ ਬਹੁਤ ਦਿਲਚਸਪੀ ਲਈ ਜਾ ਰਹੀ ਹੈ। ਪੰਜਾਬੀ ਮੂਲ ਦੇ ਕੁੱਲ 37 ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ, ਜਿਨਾਂ ਵਿੱਚੋਂ ਸੱਤ ਦਸਤਾਰਧਾਰੀ ਹਨ।
ਬੀਤੇ ਹਫਤੇ ਸਰੀ ਫਲੀਟਵੁੱਡ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਗਿੱਲ ਵੱਲੋਂ ਵੈਸਟ ਫੀਲਡ ਗੋਲਫ ਕੋਰਸ ਵਿੱਚ ਭਾਰੀ ਇਕੱਠ ਕੀਤਾ ਗਿਆ, ਜਿਸ ਵਿੱਚ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ। ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਸਮੇਤ ਬਹੁਤ ਸਾਰੀਆਂ ਉਘੀਆਂ ਸ਼ਖਸੀਅਤਾਂ ਸ਼ਾਮਿਲ ਸਨ।
ਇਸ ਮੌਕੇ ਤੇ ਮਸ਼ਹੂਰ ਐਮ ਐਲ ਏ ਐਲਰਨੋ ਸਟਰਕੋ S ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ, ਉਹਨਾਂ ਲੋਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ । ਸਕੂਲ ਟਰੱਸਟੀ ਅਤੇ ਲਿਬਰਲ ਪਾਰਟੀ ਦੇ ਸਾਬਕਾ ਉਮੀਦਵਾਰ ਗੈਰੀ ਥਿੰਦ ਨੇ ਅਵਤਾਰ ਸਿੰਘ ਗਿੱਲ ਦੀ ਡਟ ਕੇ ਮੱਦਦ ਕਰਨ ਦੀ ਅਪੀਲ ਕੀਤੀ ।
ਇਸ ਮੌਕੇ ਅਵਤਾਰ ਸਿੰਘ ਗਿੱਲ ਨੇ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਸਰਕਾਰ ਬਣਨ ਤੇ ਉਨਾਂ ਦੇ ਹੱਲ ਕਰਵਾਉਣ ਦਾ ਭਰੋਸਾ ਦਵਾਇਆ। ਉਹਨਾਂ ਦੱਸਿਆ ਕਿ ਬੀਸੀ ਦਾ ਹੈਲਥ ਕੇਅਰ ਸਿਸਟਮ ਬਿਲਕੁਲ ਫੇਲ ਹੋ ਚੁੱਕਾ ਹੈ ਅਤੇ ਮਰੀਜ਼ਾਂ ਨੂੰ ਆਏ ਦਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਕੂਲਾਂ ਵਿੱਚ ਬੱਚਿਆਂ ਲਈ ਕਲਾਸ ਰੂਮਾਂ ਦੇ ਪ੍ਰਬੰਧ ਤੇ ਵੀ ਉਹਨਾਂ ਚਿੰਤਾ ਜਾਹਿਰ ਕੀਤੀ। ਉਹਨਾਂ ਨਾਲ ਸੂਬੇ ਵਿੱਚ ਵਧ ਰਹੀ ਮਹਿੰਗਾਈ ਅਤੇ ਕਰਾਈਮ ਨੂੰ ਠੱਲ ਪਾਉਣ ਦਾ ਭਰੋਸਾ ਵੀ ਦਵਾਇਆI ਜਿਕਰਯੋਗ ਹੈ ਕਿ ਇਸ ਵਾਰ ਬਹੁਤ ਸਾਰੇ ਲੋਕ ਤਬਦੀਲੀ ਚਾਹੁੰਦੇ ਹਨ ਅਤੇ ਅਤੇ ਉਹਨਾਂ ਦਾ ਝੁਕਾਅ ਕੰਸਰਵੇਟਿਵ ਪਾਰਟੀ ਵੱਲ ਵਧ ਰਿਹਾ ਹੈ ।