Headlines

ਕਨੇਡਾ ‘ਚ 11, 12, 13 ਅਕਤੂਬਰ ਨੂੰ ਹੋਣਗੇ ਪੰਜਾਬੀ ਲੋਕ ਨਾਚਾਂ ਦੇ ਵਿਸ਼ਵ ਪੱਧਰੀ ਮੁਕਾਬਲੇ

ਸੰਸਾਰ ਭਰ ਤੋਂ ਲਗਭਗ 70 ਟੀਮਾਂ ਦੇ ਤਕਰੀਬਨ 800 ਮੁਕਾਬਲੇਬਾਜ ਹਿੱਸਾ ਲੈਣਗੇ-

ਸਰੀ, 8 ਅਕਤੂਬਰ (ਹਰਦਮ ਮਾਨ)-ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਵੱਲੋਂ ਆਪਣਾ ਦੂਜਾ ਸੰਸਾਰ ਪੱਧਰੀ ਲੋਕ ਨਾਚ ਮੇਲਾ 11, 12, 13 ਅਕਤੂਬਰ 2024 ਨੂੰ ਬੈੱਲ ਪ੍ਰਫਾਰਮਿੰਗ ਸੈਂਟਰ, ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਭੰਗੜਾ, ਗਿੱਧਾ, ਲੁੱਡੀ, ਸੰਮੀ, ਝੁੰਮਰ ਅਤੇ ਮਲਵਈ ਗਿੱਧੇ ਦੀਆਂ ਟੀਮਾਂ ਪਹੁੰਚ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਲੋਕ ਗੀਤ, ਲੋਕ ਸਾਜ਼ ਅਤੇ ਲੋਕ ਸਾਜ਼ ਜੁਗਤ-ਬੰਦੀ (ਫੋਕ ਔਰਕੈਸਟਰਾ) ਦੇ ਮੁਕਾਬਲੇ ਵੀ ਇਸ ਮੇਲੇ ਵਿੱਚ ਕਰਵਾਏ ਜਾਣਗੇ।

ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਦੇ ਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਵਿਰਕ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੋਸਾਇਟੀ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿਚ ਰਹਿੰਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਦੀਆਂ ਪ੍ਰਮੁੱਖ ਵਿਧਾਵਾਂ ਲੋਕ ਨਾਚ ਤੇ ਲੋਕ ਸੰਗੀਤ ਨਾਲ ਜੋੜਨ ਅਤੇ ਜਾਗਰੂਕ ਕਰਨ ਤੋਂ ਇਲਾਵਾ ਇਹਨਾਂ ਸਾਰੀਆਂ ਵੰਨਗੀਆਂ ਨੂੰ ਪ੍ਰਮਾਣਿਕ ਰੂਪ ਵਿੱਚ ਸੁਰੱਖਿਅਤ ਅਗਲੀ ਪੀੜ੍ਹੀ ਤੱਕ ਲੈ ਜਾਣਾ ਹੈ। ਉਹਨਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਨੌਜਵਾਨਾਂ ਦਾ ਪੰਜਾਬੀ ਸੱਭਿਆਚਾਰ ਦੀਆਂ ਇਨ੍ਹਾਂ ਲੋਕ ਵਨੰਗੀਆਂ ਪ੍ਰਤੀ ਹਾਂ-ਪੱਖੀ ਹੁੰਗਾਰਾ ਪੁਰਜ਼ੋਰ ਮੰਗ ਕਰਦਾ ਹੈ ਕਿ ਉਹਨਾਂ ਨੂੰ ਇਕ ਕੇਂਦਰੀ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇ ਅਤੇ ਨਾਲ ਹੀ ਸਹੀ ਸੇਧ ਦੀ ਲੋੜ ਹੈ ਤਾਂ ਜੋ ਇਹਨਾਂ ਲੋਕ ਵਨੰਗੀਆਂ ਦੇ ਮੂਲ ਰੂਪਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਜਿਹੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਵੱਲੋਂ ਪੂਰੀ ਤਨਦੇਹੀ ਨਾਲ ਇਹ ਕਾਰਜ ਨਿਭਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬੀ ਸੱਭਿਆਚਾਰ ਦੀ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਇਸ ਸੋਸਾਇਟੀ ਦੇ ਸਾਰੇ ਮੈਂਬਰ ਭਾਰਤ, ਕਨੇਡਾ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ, ਆਸਟਰੇਲੀਆ ਅਤੇ ਹਾਂਗਕਾਂਗ ਆਦਿ ਦੇਸ਼ਾਂ  ਨਾਲ ਸਬੰਧ ਰੱਖਦੇ ਹਨ। ਉੱਘੇ ਸਹਿਤਕਾਰ, ਲੋਕ ਧਾਰਾ ਵਿਗਿਆਨੀ ਅਤੇ ਸੱਭਿਆਚਾਰ ਦੇ ਖੋਜੀ ਵਿਦਵਾਨ ਵੀ ਇਸ ਸੋਸਾਇਟੀ ਦੇ ਕੰਮਾਂ ਦੀ ਰੂਪ-ਰੇਖਾ ਨਿਰਧਾਰਿਤ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਡਾ. ਵਿਰਕ ਨੇ ਅੱਗੇ ਦੱਸਿਆ ਕਿ 11-12-13 ਅਕਤੂਬਰ 2024 ਨੂੰ ਹੋਣ ਵਾਲੇ ਵਰਲਡ ਫੋਕ ਫੈਸਟੀਵਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਨ੍ਹਾਂ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਟੀਮਾਂ ਦੀ ਰਿਹਾਇਸ਼, ਖਾਣ ਪੀਣ ਅਤੇ ਟ੍ਰਾਂਸਪੋਰਟੇਸ਼ਨ ਦੇ ਪ੍ਰਬੰਧ ਸ਼ਾਮਿਲ ਹਨ। ਉਹਨਾਂ ਹੋਰ ਦੱਸਿਆ ਕਿ ਸਭ ਤੋਂ ਜ਼ਰੂਰੀ ਅਤੇ ਜ਼ਿੰਮੇਵਾਰੀ ਦਾ ਕੰਮ, ਮੁਕਾਬਲਿਆਂ ਲਈ ਤਜਰਬੇਕਾਰ ਜੱਜਾਂ ਦੀ ਚੋਣ ਕਰਨਾ ਹੈ ਤਾਂ ਜੋ ਕਈ ਮਹੀਨਿਆਂ ਦੀ ਲੰਮੀ ਮਿਹਨਤ ਤੋਂ ਬਾਅਦ ਮੁਕਾਬਲੇ ਵਿਚ ਭਾਗ ਲੈਣ ਆਈਆਂ ਟੀਮਾਂ ਦੀ ਨਿਆਏ ਸੰਗਤ ਅਤੇ ਨਿਰਪੱਖ ਨਿਰਖ ਪਰਖ ਕੀਤੀ ਜਾ ਸਕੇ। ਇਸ ਲਈ ਜ਼ਿੰਦਗੀ ਦਾ ਲੰਮਾ ਤਜਰਬਾ ਰੱਖਣ ਵਾਲੇ ਜੱਜਾਂ ਦਾ ਇਕ ਪੈਨਲ ਬਣਾਇਆ ਗਿਆ ਹੈ ਜਿਹੜਾ ਤਿੰਨ ਦਿਨ ਲਗਾਤਾਰ ਵੱਖ ਵੱਖ ਲੋਕ ਨਾਚ, ਲੋਕ ਗੀਤ ਅਤੇ ਲੋਕ ਸਾਜ਼ਾਂ ਦੀਆਂ ਸਾਰੀਆ ਵੰਨਗੀਆਂ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਦਾ ਨਿਤਾਰਾ ਕਰੇਗਾ। ਪਹਿਲੇ ਦੂਜੇ ਅਤੇ ਤੀਜੇ ਥਾਂ ਤੇ ਆਉਣ ਵਾਲੀਆਂ ਟੀਮਾਂ ਦੇ ਵਿਸ਼ੇਸ਼ ਇਨਾਮਾਂ ਤੋਂ ਇਲਾਵਾ, ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਸਾਰੇ ਕਲਾਕਾਰਾਂ ਲਈ ਨਿੱਜੀ ਇਨਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ  ਦੱਸਿਆ ਕਿ ਇਸ ਫੈਸਟੀਵਲ ਵਿੱਚ ਸੰਸਾਰ ਭਰ ਤੋਂ ਲਗਭਗ 70 ਟੀਮਾਂ ਦੇ ਤਕਰੀਬਨ 800 ਮੁਕਾਬਲੇਬਾਜ ਹਿੱਸਾ ਲੈ ਰਹੇ ਹਨ। ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਦੇ ਇਸ ਉਤਸ਼ਾਹਜਨਕ ਉਪਰਾਲੇ ਨੂੰ ਸਹਿਯੋਗ ਦੇਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਉੱਘੇ ਗਾਇਕ, ਲੋਕ ਨਾਚ ਪਰਫਾਰਮਰ, ਲੋਕਧਾਰਾ ਵਿਗਿਆਨੀ ਅਤੇ ਸਾਹਿਤਕਾਰ ਵਿਦਵਾਨਾਂ ਦੇ ਸਹਿਯੋਗੀ ਸੁਨੇਹੇ ਆ ਰਹੇ ਹਨ ਜਿਨਾਂ ਵਿੱਚ ਡਾ. ਨਾਹਰ ਸਿੰਘ, ਡਾ. ਗੋਪਾਲ ਸਿੰਘ ਬੁੱਟਰ, ਪ੍ਰਿੰਸੀਪਲ  ਜਸਪਾਲ ਸਿੰਘ (ਲਾਇਲਪੁਰ ਖਾਲਸਾ ਕਾਲਜ ਜਲੰਧਰ), ਪੰਮੀ ਬਾਈ, ਪ੍ਰਭਸ਼ਰਨ ਕੌਰ, ਸਰਬਜੀਤ ਕੌਰ ਮਾਂਗਟ, ਸੁਖਵਿੰਦਰ ਸੁੱਖੀ, ਜਸਬੀਰ ਜੱਸੀ ਅਤੇ ਹਰਜੀਤ ਪਾਲ ਸਿੰਘ ਆਦਿ ਦੇ ਵਿਸ਼ੇਸ਼ ਸੁਨੇਹੇ ਮਿਲੇ ਹਨ।

ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ ਵੱਲੋਂ ਉਹਨਾਂ ਸਾਰੀਆਂ ਅਕੈਡਮੀਆਂ ਦੇ ਕੋਚ ਸਾਹਿਬਾਨਾਂ, ਇੰਚਾਰਜ ਸਾਹਿਬਾਨਾਂ ਅਤੇ ਭਾਗ ਲੈਣ ਵਾਲੀਆਂ ਟੀਮਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਸਭਿਆਚਾਰ ਦੇ ਪ੍ਰੇਮੀਆਂ ਨੂੰ 11 ਅਕਤੂਬਰ ਨੂੰ ਸ਼ਾਮ 5.30 ਵਜੇ, 12 ਅਕਤੂਬਰ ਨੂੰ ਦੁਪਹਿਰ 1 ਵਜੇ ਅਤੇ 13 ਅਕਤੂਬਰ ਨੂੰ ਸ਼ਾਮ 4 ਵਜੇ ਮੇਲੇ ਵਿਚ ਸ਼ਾਮਲ ਹੋ ਕੇ ਲੋਕ ਨਾਚਾਂ ਦੀ ਪੇਸ਼ਕਾਰੀ ਮਾਣਨ ਦੀ ਅਪੀਲ ਕੀਤੀ ਹੈ।

ਤਸਵੀਰ: ਫੋਕ ਆਰਟ ਸੋਸਾਇਟੀ ਦਾ ਪੋਸਟਰ ਰਿਲੀਜ਼ ਕਰਨ ਸਮੇਂ ਸੋਸਾਇਟੀ ਦੇ ਆਗੂ ਸੀ.ਜੇ. ਸੈਣੀ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਪਰਮਜੀਤ ਜਵੰਦਾ, ਬੱਲੀ ਪੱਤੜ, ਸੁਖਜੀਤ ਹੋਠੀ, ਗੁਰਬਚਨ ਸਿੰਘ ਖੁੱਡੇਵਾਲੀਆ, ਡਾ. ਸੁਖਵਿੰਦਰ ਸਿੰਘ ਵਿਰਕ ਅਤੇ ਕੁਲਵਿੰਦਰ ਸਿੰਘ ਹੇਅਰ