ਕੈਲਗਰੀ(ਸੁਖਵੀਰ ਗਰੇਵਾਲ)-ਜਪਾਨ ਦੇ ਦੌਰੇ ਤੇ ਜਾ ਰਹੀ ਕੈਨੇਡਾ ਦੀਆਂ ਕੁੜੀਆਂ ਦੀ ਸੀਨੀਅਰ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਕੁੜੀਆਂ ਨੂੰ ਜਗ੍ਹਾ ਮਿਲੀ ਹੈ।ਪਰਮਦੀਪ ਗਿੱਲ,ਪਰਵਾ ਸੰਧੂ,ਪ੍ਰਭਲੀਨ ਗਰੇਵਾਲ ਅਤੇ ਬਵਨੀਤ ਹੋਠੀ ਨੂੰ ਇਸ ਟੀਮ ਵਲੋਂ ਖੇਡਣ ਦਾ ਮੌਕਾ ਮਿਲੇਗਾ।ਫੀਲਡ ਹਾਕੀ ਕੈਨੇਡਾ ਟੀਮ ਦੀ ਘੋਸ਼ਣਾ ਦੇ ਨਾਲ਼ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਟੀਮ ਵਿੱਚ 23 ਸਾਲ ਤੋਂ ਘੱਟ ਉਮਰ ਦੀਆਂ ਖਿਡਾਰਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਕਿ ਭਵਿੱਖ ਲਈ ਸੀਨੀਅਰ ਟੀਮ ਤਿਆਰ ਕਰਨ ਦੀਆਂ ਸੰਭਾਵਨਾਵਾਂ ਨੂੰ ਤਰਾਸ਼ਿਆ ਜਾ ਸਕੇ।
ਗੋਲਕੀਪਰ ਪਰਮਦੀਪ ਗਿੱਲ ਬ੍ਰਹਮਟਨ ਤੋਂ ਹੈ ਤੇ ਹਾਕੀ ਨੂੰ ਸਮਰਪਿਤ ਪਰਿਵਾਰ ਦੀ ਬੇਟੀ ਹੈ।ਕੈਨੇਡਾ ਦੇ ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਤੋਂ ਇਲਾਵਾ ਯੂਨੀਵਰਸਿਟੀ ਸੀਜ਼ਨ ਵਿੱਚ ਪਰਮਦੀਪ ਬਹੁਤ ਹੀ ਵਧੀਆ ਖੇਡ ਦਿਖਾ ਚੁੱਕੀ ਹੈ।ਇਸ ਤੋਂ ਪਹਿਲਾਂ ਪਰਮਦੀਪ ਨੇ ਸਾਲ 2023 ਵਿੱਚ ਇਨਡੋਰ ਵਿਸ਼ਵ ਕੱਪ ਵਿੱਚ ਕੈਨੇਡਾ ਵਲੋਂ ਭਾਗ ਲਿਆ ਸੀ।ਪਰਵਾ ਸੰਧੂ ਸਰੀ ਦੇ ਇੰਡੀਆ ਕਲੱਬ ਤੋਂ ਹੈ ਤੇ ਫੀਲਡ ਹਾਕੀ ਨੂੰ ਸਮਰਪਿਤ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ।ਪਰਵਾ ਦੀ ਵੱਡੀ ਭੈਣ ਪੂਨਮ ਸੰਧੂ ਤੇ ਪਿਤਾ ਉਲੰਪੀਅਨ ਨਿੱਕ ਸੰਧੂ ਤੋਂ ਹਰ ਖੇਡ ਪ੍ਰੇਮੀ ਜਾਣੂੰ ਹੈ।ਪਰਵਾ ਨੇ ਇਸ ਤੋਂ ਪਹਿਲਾਂ 2023 ਦੇ ਵਿਸ਼ਵ ਕੱਪ ਵਿੱਚ ਭਾਗ ਲਿਆ ਸੀ।ਪ੍ਰਭਲੀਨ ਗਰੇਵਾਲ ਕੈਲਗਰੀ ਦੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਵਲੋਂ ਫੀਲਡ ਹਾਕੀ ਪੁਜ਼ੀਸ਼ਨ ਤੇ ਖੇਡਦੀ ਹੈ।ਪ੍ਰਭਲੀਨ ਦਾ ਪਰਿਵਾਰਕ ਪਿਛੋਕੜ ਖੇਡਾਂ ਲਈ ਮਸ਼ਹੂਰ ਪਿੰਡ ਕਿਲਾ ਰਾਏਪੁਰ ਤੋਂ ਹੈ।ਪ੍ਰਭਲੀਨ ਸਾਲ 2023 ਵਿੱਚ ਕੈਨੇਡਾ ਦੀ ਜੂਨੀਅਰ ਟੀਮ ਵਲੋਂ ਫਰਾਂਸ ਦਾ ਦੌਰਾ ਕਰ ਚੱੁਕੀ ਹੈ।ਚੌਥੀ ਖਿਡਾਰਨ ਬਵਨੀਤ ਹੋਠੀ ਸਰੀ ਦੇ ਟਾਈਗਰਜ਼ ਕਲੱਬ ਦੀ ਖਿਡਾਰਨ ਹੈ।ਬਵਨੀਤ ਕੈਨੇਡਾ ਦੇ ਨੈਸ਼ਨਲ ਟੂਰਨਾਮੈਂਟਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ।ਜਪਾਨ ਦੌਰੇ ਲਈ ਚਾਰ ਪੰਜਾਬੀ ਮੂਲ ਦੀਆਂ ਖਿਡਾਰਨਾਂ ਦੀ ਚੋਣ ਤੋਂ ਬਾਅਦ ਕੈਨੇਡਾ ਦੇ ਪੰਜਾਬੀ ਕਲੱਬ ਵਿੱਚ ਭਾਰੀ ਉਤਸ਼ਾਹ ਹੈ।ਇਸ ਨਾਲ ਭਵਿੱਖ ਵਿੱਚ ਹੋਰ ਪੰਜਾਬੀ ਮੂਲ ਦੀਆਂ ਖਿਡਾਰਨਾਂ ਦੇ ਫੀਲਡ ਹਾਕੀ ਨਾਲ਼ ਜੁੜਨ ਦੀ ਉਮੀਦ ਬੱਝੀ ਹੈ।