Headlines

ਹਾਊਸਿੰਗ ਅਫੋਰਡੇਬਿਲਟੀ ਤੇ ਹੋਰ ਮਸਲਿਆਂ ਦੇ ਹੱਲ ਲਈ ਐਨ ਡੀ ਪੀ ਗੰਭੀਰ-ਡੇਵਿਡ ਈਬੀ

ਸਰੀ ਤੋਂ ਐਨ ਡੀ ਪੀ ਉਮੀਦਵਾਰਾਂ ਸਮੇਤ ਪੱਤਰਕਾਰਾਂ ਨਾਲ ਵਿਚਾਰ-ਚਰਚਾ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਬੀ ਸੀ ਐਨ ਡੀ ਪੀ ਆਗੂ ਡੇਵਿਡ ਈਬੀ ਨੇ ਸਰੀ ਦੇ ਐਨ ਡੀ ਪੀ ਉਮੀਦਵਾਰਾਂ ਸਮੇਤ ਸਥਾਨਕ ਪੱਤਰਕਾਰਾਂ ਨਾਲ ਇਕ  ਵਿਸ਼ੇਸ਼ ਗੱਲਬਾਤ ਦੌਰਾਨ  ਹਾਊਸਿੰਗ ਅਫੋਰਡੇਬਿਲਟੀ ਬਾਰੇ ਆਪਣੇ ਦ੍ਰਿੜਤਾ ਦੁਹਰਾਉਂਦਿਆਂ ਸੱਟੇਬਾਜ਼ਾਂ ‘ਤੇ ਕਾਬੂ ਪਾਉਣ, ਮੱਧ ਵਰਗ ਲਈ 3 ਲੱਖ ਨਵੇਂ ਘਰ ਬਣਾਉਣ  ਅਤੇ ਘਰੇਲੂ ਬਜਟ ਨੂੰ ਸੌਖਾ ਬਣਾਉਣ ਲਈ 1,000 ਡਾਲਰ ਟੈਕਸ ਛੋਟ ਪ੍ਰਦਾਨ ਕਰਨ ਦੇ ਨਾਲ ਭਾਈਚਾਰੇ ਨੂੰ ਦਰਪੇਸ਼ ਹੋਰ  ਮਸਲਿਆਂ ਨਾਲ ਨਜਿੱਠਣ ਲਈ ਆਪਣੀ ਕਾਰਜ ਯੋਜਨਾ ਬਾਰੇ ਚਰਚਾ ਕੀਤੀ।

ਇਸ ਮੌਕੇ ਸੰਬੋਧਨ ਹੁੰਦਿਆਂ ਉਹਨਾਂ ਕਿਹਾ ਕਿ ਅਸੀਂ ਬੀਸੀ ਵਾਸੀਆਂ ਦੀ ਸਭ ਤੋਂ ਵੱਡੀ ਲੋੜ ਘਰਾਂ ਨੂੰ ਕਿਫਾਇਤੀ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੇ ਹਾਂ । ਉਹਨਾਂ ਹੈਲਥਕੇਅਰ ਤੇ ਹਸਪਤਾਲਾਂ ਵਿਚ ਐਮਰਜੈਂਸੀ ਰੂਮ ਵਿੱਚ ਲੰਬੇ ਇੰਤਜ਼ਾਰ ਦੀ ਸਮੱਸਿਆ ਨੂੰ ਸਵੀਕਾਰ ਕੀਤਾ ਪਰ ਨਾਲ ਹੀ ਕਿਹਾ ਕਿ ਉਹ ਵਧੇਰੇ ਡਾਕਟਰ, ਨਰਸਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਨਿਯੁਕਤ ਕਰਨ  ‘ਤੇ ਜ਼ੋਰ ਦੇ ਰਹੇ ਹਨ। ਉਹਨਾਂ ਕਿਹਾ ਕਿ ਡਾਕਟਰੀ ਪੇਸ਼ੇਵਰਾਂ ਦੀ ਅਗਲੀ ਪੀੜ੍ਹੀ ਨੂੰ ਸਿਖਲਾਈ ਦੇਣ ਅਤੇ ਕੈਂਸਰ ਦੇ ਇਲਾਜ  ਲਈ ਐਸ ਐਫ ਯੂ  ਵਿੱਚ ਇਕ ਨਵਾਂ ਮੈਡੀਕਲ ਸਕੂਲ ਬਣਾਇਆ ਜਾ ਰਿਹਾ ਹੈ । ਨੌਜਵਾਨਾਂ ਦੇ ਮੁੱਦਿਆਂ ਨੂੰ ਸਮਝਣ ਲਈ ਹਰ ਪਬਲਿਕ ਸਕੂਲ ਵਿੱਚ ਇੱਕ ਮਾਨਸਿਕ ਸਿਹਤ ਸਲਾਹਕਾਰ ਦੀ ਨਿਯੁਕਤੀ ਨੂੰ ਯਕੀਨੀ ਬਣਾਉਣ ਦੀ ਯੋਜਨਾ ਹੈ। ਨਸ਼ਿਆਂ ਨਾਲ ਜੂਝ ਰਹੇ ਵਿਅਕਤੀਆਂ ਲਈ ਵਿਸ਼ੇਸ਼ ਕੇਂਦਰਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਕੁਝ ਵਿਅਕਤੀਆਂ ਨੂੰ ਇਲਾਜ ਲਈ ਵਿਸ਼ੇਸ਼ ਤਵੱਜੋ ਦੀ ਲੋੜ ਹੁੰਦੀ ਹੈ, ਇਸ ਲਈ ਅਸੀਂ ਅਜਿਹੇ ਦੇਖਭਾਲ ਕੇਂਦਰਾਂ ਦੀ ਸਥਾਪਨਾ ਕਰ ਰਹੇ ਹਾਂ ਜਿਥੇ ਉਹਨਾਂ ਲਈ ਲੋੜੀਂਦੀ ਮਦਦ ਨੂੰ ਯਕੀਨੀ ਬਣਾਇਆ ਜਾ ਸਕੇ ।
ਨਸਲੀ ਵਿਤਕਰੇ ਬਾਰੇ ਇਕ ਸਵਾਲ ਤੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਉਹ ਬੀ ਸੀ ਕੰਸਰਵੇਟਿਵ ਦੇ ਬੁਲਾਰੇ ਐਂਥਨੀ ਕੂਚ ਦੀਆਂ ਹਾਲੀਆ ਅਪਮਾਨਜਨਕ ਟਿੱਪਣੀਆਂ ਦੀ ਨਿੰਦਾ ਕਰਦੇ ਹਨ। ਉਹਨਾਂ ਇਸ ਸਬੰਧੀ ਬੀ ਸੀ ਕੰਸਰਵੇਟਿਵ ਦੀ ਚੁੱਪੀ ਤੇ ਵੀ ਸਵਾਲ ਕੀਤਾ।
ਐਨ ਡੀ ਪੀ ਆਗੂ ਨੇ  ਗੈਂਗ ਹਿੰਸਾ ਨੂੰ ਰੋਕਣ, ਪੁਲਿਸ ਸੇਵਾਵਾਂ ਨੂੰ ਵਧਾਉਣ, ਮਨੋਰੰਜਨ ਸਹੂਲਤਾਂ ਦਾ ਵਿਸਤਾਰ  ਅਤੇ ਬਜ਼ੁਰਗਾਂ ਲਈ ਮੁਫਤ ਸਫਰ ਸਹੂਲਤ ਦੇਣ ਬਾਰੇ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ।  ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਉਹਨਾਂ ਨੇ ਵਿਸਥਾਰ ਸਹਿਤ ਜਵਾਬ ਦਿੱਤੇ ਤੇ ਕਿਹਾ ਕਿ ਬੀ ਸੀ ਐਨ ਡੀ ਪੀ ਸੂਬੇ ਦੀ ਤਰੱਕੀ ਤੇ ਮਜ਼ਬੂਤੀ ਲਈ ਸੁਹਿਰਦਤਾ ਨਾਲ ਕੰਮ ਕਰਦੀ ਆ ਰਹੀ ਹੈ। ਉਹਨਾਂ 19 ਅਕਤੂਬਰ ਨੂੰ ਪੈ ਰਹੀਆਂ ਵੋਟਾਂ ਦੌਰਾਨ ਲੋਕਾਂ ਨੂੰ ਭਾਰੀ ਸਮਰਥਨ ਦੀ ਅਪੀਲ ਕੀਤੀ।