Headlines

ਸਾਊਥ ਸਰੀ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਬਰੈਂਟ ਨੇ ਮੁਸਲਿਮ ਭਾਈਚਾਰੇ ਖਿਲਾਫ ਟਿਪਣੀ ਲਈ ਮੁਆਫੀ ਮੰਗੀ

2015 ਵਿਚ ਫੇਸਬੁੱਕ ਤੇ ਕੀਤੀ ਟਿਪਣੀ ਬਣੀ ਵਿਵਾਦ ਦਾ ਕਾਰਣ-

ਸਰੀ ( ਦੇ ਪ੍ਰ ਬਿ)- ਸਾਊਥ ਸਰੀ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਬਰੈਂਟ ਚੈਪਮੈਨ ਨੇ ਸ਼ੋਸਲ ਮੀਡੀਆ ਉਪਰ ਉਹਨਾਂ ਵਲੋਂ ਫਲਸਤੀਨੀ ਮੁਸਲਿਮ ਭਾਈਚਾਰੇ ਖਿਲਾਫ 2015 ਵਿਚ ਕੀਤੀ ਗਈ ਟਿਪਣੀ ਲਈ ਮੁਆਫੀ ਮੰਗੀ ਹੈ।
ਬਰੈਂਟ ਚੈਪਮੈਨ ਦਾ ਕਹਿਣਾ ਹੈ ਕਿ ਫੇਸਬੁੱਕ ‘ਤੇ ਉਸ ਦੀਆਂ ਪਿਛਲੀਆਂ ਟਿੱਪਣੀਆਂ ਉਹ ਨਹੀ ਹਨ ਜੋ ਮੈਂ ਅੱਜ ਹਾਂ। ਉਹਨਾਂ ਕਿਹਾ ਕਿ ਉਹ ਆਪਣੀ ਲਗਪਗ 10 ਸਾਲ ਪਹਿਲਾਂ ਕੀਤੀ ਟਿਪਣੀ ਜਿਸ ਵਿਚ ਉਸਨੇ ਫਲਸਤੀਨੀਆਂ ਨੂੰ ਗੰਦੀ ਨਸਲ ਕਿਹਾ ਸੀ, ਬਾਰੇ ਮੁਆਫੀ ਮੰਗਦਾ ਹੈ। ਉਹ ਟਿਪਣੀ ਉਦੋ ਦੀ ਹੈ ਜਦੋਂ ਉਹ ਸਿਆਸਤ ਵਿਚ ਨਹੀ ਸੀ ਆਇਆ। ਇਸ 10 ਸਾਲ ਪੁਰਾਣੀ ਟਿਪਣੀ ਨੂੰ ਰੇਡੀਓ ਹੋਸਟ ਤੇ ਸਾਬਕਾ ਲਿਬਰਲ ਐਮ ਐਲ ਏ ਜੈਸ ਜੌਹਲ ਨੇ ਐਕਸ ਉਪਰ ਪਾਉਂਦਿਆਂ ਬੀਸੀ ਕੰਸਰਵੇਟਿਵ ਨੂੰ ਸਵਾਲ ਕੀਤਾ ਸੀ।
ਵਾਈਟਰੌਕ ਤੋਂ ਕੰਸਰਵੇਟਿਵ ਐਮ ਪੀ ਕੈਰੀ ਲਿਨ ਦੇ ਪਤੀ ਬਰੈਂਟ ਚੈਪਮੈਨ, ਜੋ ਹੁਣ ਸਰੀ ਸਾਊਥ ਤੋ ਚੋਣ ਮੈਦਾਨ ਵਿਚ ਹੈ, ਨੇ 2015  ਵਿਚ ਸ਼ੋਸਲ ਮੀਡੀਆ ਦੀ ਇਕ ਟਿਪਣੀ ਦੇ ਜਵਾਬ ਵਿਚ ਲਿਖਿਆ ਸੀ ਕਿ  ਮੁਸਲਮਾਨ ਆਪਣੇ ਬੱਚਿਆਂ ਨੂੰ ਕਿਵੇਂ  ਪਾਲਦੇ ਹਨ। ਉਹ ਇਕ ਹੀ ਪਰਿਵਾਰ ਵਿਚ ਵਿਆਹ ਕਰਦੇ ਹਨ ਤੇ ਬੱਚੇ ਪੈਦਾ ਕਰਦੇ ਹਨ। ਉਹ ਚਲਦੇ-ਫਿਰਦੇ ਬੰਬ ਹਨ। ਪਰ ਹੁਣ ਉਹਨਾਂ ਉਸ ਪੋਸਟ ਲਈ ਮੁਆਫੀ ਮੰਗਦਿਆਂ ਕਿਹਾ ਕਿ  ਉਸ ਸਮੇਂ ਮੈਂ ਜੋ ਭਾਸ਼ਾ ਵਰਤੀ ਸੀ ਅਤੇ ਜੋ ਭਾਵਨਾਵਾਂ ਮੈਂ ਉਸ ਸਮੇਂ ਫਲਸਤੀਨੀਆਂ ਅਤੇ ਇਸਲਾਮ ਧਰਮ ਦੇ ਮੈਂਬਰਾਂ ਪ੍ਰਤੀ ਪ੍ਰਗਟ ਕੀਤੀਆਂ ਸਨ ਉਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਸਨ। ਉਹ ਇਹ ਨਹੀਂ ਦਰਸਾਉਂਦੀਆਂ ਕਿ ਮੈਂ ਅੱਜ ਹਾਂ।  ਉਸਨੇ ਕਿਹਾ ਮੈਂ ਪਿਛਲੇ ਸਮੇਂ ਵਿਚ ਜੋ ਮੁਸਲਿਮ ਭਾਈਚਾਰੇ ਦਾ ਦਿਲ ਦੁਖਾਇਆ ਹੈ, ਉਸ ਲਈ ਮੁਆਫੀ ਚਾਹੁੰਦਾ ਹਾਂ।
ਬੀ.ਸੀ. ਕੰਸਰਵੇਟਿਵ ਆਗੂ ਜੌਹਨ ਰੁਸਟੈਡ ਨੇ ਕਿਹਾ ਕਿ ਉਹ ਚੈਪਮੈਨ ਨੂੰ ਉਮੀਦਵਾਰੀ ਛੱਡਣ ਲਈ ਨਹੀਂ ਕਹਿਣਗੇ। ਉਹਨਾਂ ਕਿਹਾ ਕਿ ਬਰੈਂਟ ਨੇ ਮੁਆਫੀ ਮੰਗੀ ਹੈ। ਸਾਡੇ ਕੋਲ ਦੋ ਮੁਸਲਿਮ ਉਮੀਦਵਾਰ ਹਨ ਜੋ ਸਾਡੇ ਲਈ ਚੋਣ ਲੜ ਰਹੇ ਹਨ, ਉਸਨੇ ਉਨ੍ਹਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਮੁਆਫੀ ਨੂੰ ਸਵੀਕਾਰ ਕਰ ਲਿਆ ਹੈ।

ਇਸੇ ਦੌਰਾਨ ਬੀਸੀ ਮੁਸਲਿਮ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਬਰੈਂਟ ਦੀ ਮੁਆਫੀ ਨੂੰ ਅਸਵੀਕਾਰ ਕਰਦਿਆਂ ਉਹਨਾਂ ਤੋਂ ਬੀਸੀ ਕੰਸਰਵੇਟਿਵ ਦੀ ਉਮੀਦਵਾਰੀ ਲਾਂਭੇ ਹੋਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *