Headlines

ਵਰਕਰ ਹੱਕਾਂ ਦੀ ਉਘੀ ਵਕੀਲ ਹੈ ਨਿਊਟਨ ਤੋਂ ਬੀਸੀ ਐਨ ਡੀ ਪੀ ਉਮੀਦਵਾਰ ਜੈਸੀ ਸੂਨੜ

ਕਿਸੇ ਰਿਸ਼ਤੇਦਾਰੀ ਕਾਰਣ ਨਹੀਂ ਨੌਮੀਨੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਬਣੀ ਹਾਂ ਨਿਊਟਨ ਤੋਂ ਉਮੀਦਵਾਰ-

ਸਰੀ ( ਦੇ ਪ੍ਰ ਬਿ)- ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਹਲਕੇ ਸਰੀ ਨਿਊਟਨ ਤੋਂ ਬੀ ਸੀ ਐਨ ਡੀ ਪੀ ਉਮੀਦਵਾਰ ਜੈਸੀ ਸੂਨੜ ਪੇਸ਼ੇ ਵਜੋਂ ਇਕ ਵਕੀਲ ਤੇ ਹੈਲਥ ਵਿਭਾਗ ਦੇ ਕਰਮਚਾਰੀਆਂ ਦੇ ਹੱਕਾਂ ਲਈ ਲੜਨ ਵਾਲੀ ਬੁਲੰਦ ਆਵਾਜ਼ ਹੈ। ਪਿਛਲੇ ਸਮੇਂ ਵਿਚ ਜਦੋਂ ਤਤਕਾਲੀ ਲਿਬਰਲ ਸਰਕਾਰ ਵਲੋਂ ਹਜ਼ਾਰਾਂ ਹੈਲਥ ਵਰਕਰਾਂ ਦੀ ਛਾਂਟੀ ਕਰ ਦਿੱਤੀ ਗਈ ਸੀ ਤਾਂ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਉਸਨੇ ਵਿਸ਼ੇਸ਼ ਕੰਮ ਕੀਤਾ । ਉਸਦਾ ਦਾਅਵਾ ਹੈ ਕਿ ਉਹ ਹੁਣ ਤੱਕ 6000 ਦੇ ਕਰੀਬ ਵਰਕਰਾਂ ਨੂੰ ਮੁੜ ਕੰਮ ਉਤੇ ਲਗਾਕੇ ਉਹਨਾਂ ਦੇ ਹੱਕ ਵਾਪਿਸ ਦਿਵਾ ਚੁੱਕੀ ਹੈ ਤੇ ਹੋਰ ਵਰਕਰਾਂ ਦੇ ਹੱਕਾਂ ਲਈ ਵੀ ਕੇਸ ਲ਼ੜ ਰਹੀ ਹੈ।

ਜੈਸੀ ਸੂਨੜ ਜੋ ਕਿ ਸਰੀ ਦੀ ਜੰਮਪਲ ਹੈ, ,ਸਰੀ ਵਿਚ ਮੁਢਲੀ ਪੜਾਈ ਉਪਰੰਤ ਉਸਨੇ ਕੈਲਗਰੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬੀ ਸੀ ਲੇਬਰ ਯੂਨੀਅਨ ਲਈ ਕੰਮ ਕਰ ਰਹੀ ਹੈ।  ਉਸਦੇ ਪਿਤਾ ਹਰਮੇਲ ਸਿੰਘ ਸੂਨੜ ਵੀ ਇਕ ਯੂਨੀਅਨ ਆਗੂ ਤੇ ਸਾਬਕਾ ਮੰਤਰੀ ਹੈਰੀ ਬੈਂਸ ਦੇ ਕਰੀਬੀ ਦੋਸਤ ਹਨ।  ਇਹ ਆਮ ਚਰਚਾ ਹੈ ਕਿ ਸਰੀ ਨਿਊਟਨ ਤੋਂ ਲਗਾਤਾਰ 5 ਵਾਰ ਐਮ ਐਲ ਏ ਚੁਣੇ ਜਾਣ ਵਾਲੇ ਤੇ ਲੇਬਰ ਮੰਤਰੀ ਵਜੋਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਆਗੂ ਵਲੋਂ ਸਿਆਸਤ ਤੋ ਸੰਨਿਆਸ ਲੈਂਦਿਆਂ ਆਪਣੀ ਥਾਂ ਜੈਸੀ ਸੂਨੜ ਨੂੰ  ਐਨ ਡੀ ਪੀ ਉਮੀਦਵਾਰ ਨਾਮਜਦ ਕਰਵਾਇਆ ਗਿਆ ਹੈ। ਇਸ ਸਵਾਲ ਦੇ ਜਵਾਬ ਵਿਚ ਜੈਸੀ ਸੂਨੜ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਉਹਨਾਂ ਦੇ ਪਿਤਾ ਤੇ ਪਰਿਵਾਰ ਦੀ ਮਾਣਯੋਗ ਹੈਰੀ ਬੈਂਸ ਦੇ ਪਰਿਵਾਰ ਨਾਲ ਨੇੜਤਾ ਹੈ ਪਰ ਇਹ ਸੱਚ ਨਹੀ ਕਿ ਉਹਨਾਂ ਨੂੰ ਇਸ ਹਲਕੇ ਤੋਂ ਇਕ ਰਿਸ਼ਤੇਦਾਰ ਵਜੋਂ ਐਨ ਡੀ ਪੀ ਉਮੀਦਵਾਰ ਨਾਮਜਦ ਕੀਤਾ ਗਿਆ ਹੈ। ਜੈਸੀ ਦਾ ਕਹਿਣਾ ਹੈ ਕਿ ਉਸਦਾ ਵਰਕਰ ਹੱਕਾਂ ਲਈ ਲੜਨ ਦਾ ਆਪਣਾ ਇਕ ਰਿਕਾਰਡ ਹੈ। ਇਹੀ ਵਜਾਹ ਹੈ ਕਿ ਉਸਨੇ ਵਰਕਰਾਂ ਤੇ ਆਮ ਲੋਕਾਂ ਦੇ ਹੱਕਾਂ ਲਈ ਖੜਨ ਵਾਲੀ ਪਾਰਟੀ ਐਨ ਡੀ ਪੀ ਨੂੰ ਜੁਆਇਨ ਕੀਤਾ ਹੈ। ਉਸਨੇ ਸਰੀ ਨਿਊਟਨ ਤੋਂ ਐਨ ਡੀ ਪੀ ਉਮੀਦਵਾਰ ਬਣਨ ਲਈ ਨਾਮਜਦਗੀ ਪ੍ਰਕਿਰਿਆ ਵਿਚ ਭਾਗ ਲੈਂਦਿਆਂ ਹੀ ਇਹ ਨਾਮਜਦਗੀ ਹਾਸਲ ਕੀਤੀ ਹੈ। ਇਸ ਨਾਮਜਗੀ ਲਈ ਕਿਸੇ ਰਿਸ਼ਤੇਦਾਰੀ ਦਾ ਨਹੀ ਬਲਕਿ ਯੋਗਤਾ ਦਾ ਸਬੰਧ ਹੈ। ਉਹਨਾਂ ਦੇ ਮਨ ਵਿਚ ਮਾਣਯੋਗ ਹੈਰੀ ਬੈਂਸ ਪ੍ਰਤੀ ਭਾਰੀ ਸਤਿਕਾਰ ਹੇੈ ਤੇ ਉਹਨਾਂ ਤੋ ਹਰ ਤਰਾਂ ਦੀ ਸੇਧ ਲੈਂਦੀ ਹੈ। ਉਹ ਚਾਹੁੰਦੀ ਹੈ ਕਿ ਉਹਨਾਂ ਦੇ ਵੱਕਾਰੀ ਸਿਆਸੀ ਕੈਰੀਅਰ ਦੇ ਗੁਣਾਂ ਦਾ ਅਨੁਸਰਣ ਕਰਦੀ ਹੋਈ ਉਹਨਾਂ ਦੀ ਲੈਗਸੀ ਨੂੰ ਅੱਗੇ ਵਧਾਵੇ।

ਆਪਣੀ ਚੋਣ ਮੁਹਿੰਮ ਅਤੇ ਸਰੀ ਨਿਊਟਨ ਦੀਆਂ ਸਮੱਸਿਆਵਾਂ ਤੇ ਲੋਕਾਂ ਦੇ ਮੁੱਦਿਆਂ ਦੀ ਚਰਚਾ ਕਰਦਿਆਂ ਜੈਸੀ ਸੂਨੜ ਨੇ ਦੇਸ ਪ੍ਰਦੇਸ ਟਾਈਮਜ਼ ਨਾਲ ਇਕ ਗੱਲਬਾਤ ਦੌਰਾਨ ਦੱਸਿਆ ਕਿ ਜਿਵੇਂ ਉਹ ਹੁਣ ਤੱਕ ਲੇਬਰ ਯੂਨੀਅਨ ਤੇ ਵਰਕਰਾਂ ਦੇ ਹੱਕਾਂ ਲਈ ਕੰਮ ਕਰਦੀ ਆਈ ਹੈ,ਉਹ ਉਵੇਂ ਹੀ ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਵਿਕਟੋਰੀਆ ਵਿਚ ਬੁਲੰਦ ਆਵਾਜ਼ ਬਣਨਾ ਚਾਹੁੰਦੀ ਹੈ। ਉਸਨੇ ਦੱਸਿਆ ਕਿ ਪਿਛਲੇ 7 ਸਾਲ ਦੌਰਾਨ ਬੀਸੀ ਐਨ ਡੀ ਪੀ ਨੇ ਸੂਬੇ ਅਤੇ ਵਿਸ਼ੇਸ਼ ਕਰਕੇ ਸਰੀ ਲਈ ਬਹੁਤ ਸਾਰੇ ਵਿਕਾਸ ਕਾਰਜ ਆਰੰਭੇ ਹਨ ਜਿਹਨਾਂ ਨੂੰ ਸਿਰੇ ਚੜਾਉਣ ਅਤੇ ਲੋਕਾਂ ਦੇ ਜੀਵਨ ਨੂੰ ਸੌਖਾਲਾ ਬਣਾਉਣ ਲਈ ਐਨ ਡੀ ਪੀ ਆਗੂ ਡੇਵਿਡ ਈਬੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਸਰੀ ਵਿਚ ਦੂਸਰੇ ਹਸਪਤਾਲ ਦੀ ਉਸਾਰੀ ਬਾਰੇ ਪੁੱਛੇ ਜਾਣ ਤੇ ਦੱਸਿਆ ਕਿ ਇਹ ਸਰਾਸਰ ਗਲਤ ਪ੍ਰਚਾਰ ਹੈ ਕਿ ਨਵੇਂ ਹਸਪਤਾਲ ਲਈ ਹੁਣ ਤੱਕ ਕੁਝ ਨਹੀ ਕੀਤਾ ਗਿਆ।ਉਹਨਾਂ ਦਾਅਵਾ ਕੀਤਾ ਕਿ ਕਲੋਵਰਡੇਲ ਵਿਚ ਨਵੇਂ ਹਸਪਤਾਲ ਦੀ ਉਸਾਰੀ ਲਈ 200-250 ਕਾਮੇ ਲਗਾਤਾਰ ਕੰਮ ਕਰ ਰਹੇ ਹਨ। ਲੋਕਾਂ ਨੂੰ ਜਲਦ ਹੀ ਨਿਰਮਾਣ ਕਾਰਜ ਦੀ ਅਸਲੀਅਤ ਦਿਖਾਈ ਦੇਣ ਲੱਗੇਗੀ। ਉਹਨਾਂ ਹਸਪਤਾਲ ਦੀ ਉਸਾਰੀ ਲਈ ਮੁੱਢਲੇ ਪਰਮਿਟ ਨਾ ਮਿਲਣ ਦੇ ਪ੍ਰਚਾਰ ਨੂੰ ਗਲਤ ਕਰਾਰ ਦਿੱਤਾ। ਸਰੀ ਵਿਚ ਆਵਾਜਾਈ ਦੀ ਸਹੂਲਤ ਲਈ ਸਕਾਈਟਰੇਨ ਨੂੰ ਨਿਊਟਨ ਦੀ ਥਾਂ ਲੈਂਗਲੀ ਨੂੰ ਭੇਜੇ ਜਾਣ ਦੇ ਫੈਸਲੇ ਬਾਰੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਇਸ ਸਭ ਸਿਟੀ ਕੌਸਲ ਜਿੰਮੇਵਾਰ ਸੀ। ਨਿਊਟਨ ਤੱਕ ਸਕਾਈਟਰੇਨ ਦਾ ਵਿਸਥਾਰ ਉਹਨਾਂ ਦੀ ਅੱਜ ਵੀ ਤਰਜੀਹ ਹੈ। ਉਹਨਾਂ ਦੱਸਿਆ ਕਿ ਸਰੀ ਵਿਚ ਆਵਾਜਾਈ ਦੇ ਦਬਾਅ ਨੂੰ ਘੱਟ ਕਰਨ ਲਈ ਪਟੂਲੋ ਬ੍ਰਿਜ  ਦੀ ਉਸਾਰੀ ਦਾ ਕੰਮ ਜਾਰੀ ਹੈ। ਸਰੀ ਵਿਚ ਸਕੂਲਾਂ ਵਿਚ ਬੱਚਿਆਂ ਲਈ ਵਧੇਰੇ ਕਮਰਿਆਂ ਤੇ ਥਾਵਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਮੀਗਰਾਂਟਸ ਦੀ ਗਿਣਤੀ ਲਗਾਤਾਰ ਵਧਣ ਕਾਰਣ ਸਕੂਲੀ ਬੱਚਿਆਂ ਲਈ 9000 ਵਾਧੂ ਸਪੇਸ ਬਣਾਈਆਂ ਗਈਆਂ ਹਨ। ਹੋਰ 6000 ਬੱਚਿਆਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਟਰਾਂਜਿਟ ਦੀ ਸਮੱਸਿਆ ਬਾਰੇ ਉਹਨਾਂ ਰੇਪਿਡ ਬੱਸ ਸਰਵਿਸ ਵਧਾਉਣ ਤੇ ਸੀਨੀਅਰਜ਼ ਲਈ ਮੁਫਤ ਬੱਸ ਸਫਲ ਸਹੂਲਤ ਦੇਣ ਬਾਰੇ ਗੱਲ ਕੀਤੀ। ਸ਼ਹਿਰ ਵਿਚ ਸਿਹਤ ਸਹੂਲਤਾਂ ਦੇ ਵਾਧੇ ਲਈ ਨਵੇਂ ਡਾਕਟਰਾਂ, ਨਰਸਾਂ ਤੇ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ। ਉਹਨਾਂ ਐਨ ਡੀ ਪੀ ਸਰਕਾਰ ਦੇ ਉਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ ਜਿਸ ਤਹਿਤ ਨਵੇਂ ਆਉਣ ਵਾਲੇ ਡਾਕਟਰ ਤੇ ਨਰਸਾਂ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ਅਤੇ ਉਹਨਾਂ ਨੂੰ ਹੈਲਥ ਸੰਸਥਾਵਾਂ ਵਿਚ ਸਹਾਇਕ ਵਜੋਂ ਕੰਮ ਕਰਨ ਦਾ ਤਜੁਰਬਾ ਹਾਸਲ ਕਰਨ ਤੇ ਆਪਣੀ ਯੋਗਤਾ ਨੂੰ ਅਪਗਰੇਡ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਹਾਊਸਿੰਗ ਅਫੋਰਡੇਬਿਲਟੀ ਲਈ 3 ਲੱਖ ਨਵੇਂ ਘਰ ਬਣਾਉਣ ਦੀ ਯੋਜਨਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਹੀ ਘਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਮੱਧਵਰਗੀ ਲੋਕਾਂ ਦੀ ਸਹੀ ਮਦਦ ਕੀਤੀ ਜਾ ਸਕਦੀ ਹੈ। ਉਹਨਾਂ ਸਰੀ-ਨਿਊਟਨ ਤੋ ਐਨ ਡੀ ਪੀ ਉਮੀਦਵਾਰ ਵਜੋਂ ਤੇ ਮਾਣਯੋਗ ਮੰਤਰੀ ਹੈਰੀ ਬੈਂਸ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਦ੍ਰਿੜ ਸੰਕਲਪ ਹੋਣ ਦੀ ਗੱਲ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਤੇ ਮਜ਼ਬੂਤੀ ਤੋਂ ਇਲਾਵਾ ਆਮ ਲੋਕਾਂ ਦੇ ਹੱਕਾਂ ਤੇ ਹਿੱਤਾਂ ਦਾ ਖਿਆਲ ਕਰਨ ਵਾਲੀ ਐਨ ਡੀ ਪੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ।

Leave a Reply

Your email address will not be published. Required fields are marked *